ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਹੋਇਆ ਦਰਜ਼
ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ) – ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਵੱਲੋਂ ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ ਪਹਿਲੇ ਰੰਗਲਾ
ਪੰਜਾਬ ਮੇਲੇ ਦੌਰਾਨ ਅੱਜ ਦੁਨੀਆਂ ਦਾ ਸਭ ਤੋਂ ਵੱਡਾ ਪਰੌਂਠਾ ਤਿਆਰ ਕਰਵਾਇਆ ਗਿਆ, ਜੋ ਕਿ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ਼ ਹੋ ਗਿਆ ਹੈ।ਵਿਭਾਗ ਦੇ ਐਕਸੀਐਨ ਬੀ.ਐਸ ਚਾਨਾ ਨੇ ਦੱਸਿਆ ਕਿ 37.5 ਕਿੱਲੋ ਦਾ ਇਹ ਪਰੌਂਠਾ ਤਾਜ ਹੋਟਲ ਦੇ ਰਸੋਈਏ ਵੱਲੋਂ ਤਿਆਰ ਕੀਤਾ ਗਿਆ ਅਤੇ ਉਸਨੂੰ ਰੰਗਲਾ ਪੰਜਾਬ ਵੇਖਣ ਆਏ ਸਰੋਤਿਆਂ ਦੇ ਵਿੱਚ ਵੰਡ ਕੇ ਖਾਧਾ ਗਿਆ।ਇਸ ਦੀ ਪੋਸ਼ਟਿਕਤਾ ਅਤੇ ਸਵਾਦ ਦਾ ਮੇਲੀਆਂ ਨੇ ਖੂਬ ਆਨੰਦ ਮਾਣਿਆ।
ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵੱਲੋਂ ਪਹੁੰਚੀ ਟੀਮ ਵੱਲੋਂ ਰੰਗਲਾ ਪੰਜਾਬ ਨੂੰ ਕਰਵਾਉਣ ਲਈ ਬਣਾਈ ਗਈ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਘਨਸ਼ਾਮ ਥੋਰੀ, ਡਾਇਰੈਕਟਰ ਸੈਰ ਸਪਾਟਾ ਵਿਭਾਗ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਵਿਭਾਗ ਦੇ ਨਿਗਰਾਨ ਇੰਜੀਨੀਅਰ ਭੁਪਿੰਦਰ ਸਿੰਘ ਚਾਨਾ ਵੱਲੋਂ ਗਿਨੀਜ਼ ਬੁੱਕ ਦੇ ਪ੍ਰਬੰਧਕਾਂ ਕੋਲੋਂ ਸਰਟੀਫਿਕੇਟ ਪ੍ਰਾਪਤ ਕੀਤਾ ਗਿਆ।
ਉਨਾਂ ਦੱਸਿਆ ਕਿ ਇਸ ਰਿਕਾਰਡ ਨੂੰ ਬਣਾਉਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਤਾਜ ਦੇ ਕਰਮਚਾਰੀਆਂ ਵੱਲੋਂ ਲਗਾਤਾਰ ਕਈ ਦਿਨ ਤੱਕ ਇਸ ਦਾ ਅਭਿਆਸ ਕੀਤਾ ਗਿਆ।ਉਨਾਂ ਦੱਸਿਆ ਕਿ ਇਸ ਰਿਕਾਰਡ ਨੂੰ ਹਾਸਲ ਕਰਨ ਲਈ ਸੱਤ ਕੁਇੰਟਲ ਤੋਂ ਵੱਧ ਆਟਾ ਇਸਤੇਮਾਲ ਕੀਤਾ ਗਿਆ।
ਉਨਾਂ ਦੱਸਿਆ ਕਿ ਖਾਸ ਇਹ ਵੀ ਹੈ ਕਿ ਇਸ ਪਰੌਂਠੇ ਨੂੰ ਤਿਆਰ ਕਰਨ ਦੇ ਲਈ ਤਿੰਨ-ਤਿੰਨ ਕੁਇੰਟਲ ਦੇ ਦੋ ਤਵੇ ਜੋ ਕਿ 510 ਫੁੱਟ ਦੇ ਸਨ।ਉਨਾਂ ਨੂੰ ਵਿਸ਼ੇਸ਼ ਤੌਰ ‘ਤੇ ਦਿੱਲੀ ਤੋਂ ਤਿਆਰ ਕਰਵਾਇਆ ਗਿਆ ਸੀ।ਤਵੇ ਨੂੰ ਪਕਾਉਣ ਦੇ ਲਈ 20 ਬਰਨਰਾਂ ਵਾਲੇ ਗੈਸ ਚੁੱਲੇ ਦਾ ਇਸਤੇਮਾਲ ਕੀਤਾ ਗਿਆ।ਤਾਜ ਦੇ ਅੱਠ ਰਸੋਈਆਂ ਵੱਲੋਂ ਪਰੌਂਠੇ ਨੂੰ ਵੇਲਣ ਦੇ ਲਈ 22-22 ਕਿਲੋ ਦੇ ਦੋ ਵੇਲਣੇ ਵੀ ਵਿਸ਼ੇਸ਼ ਤੌਰ ‘ਤੇ ਤਿਆਰ ਕਰਵਾਏ ਗਏ ਸਨ।
Punjab Post Daily Online Newspaper & Print Media