Sunday, July 7, 2024

ਵਿਧਾਇਕ ਬਾਬਾ ਬਕਾਲਾ ਸਾਹਿਬ ਨੇ ਖਾਨਪੁਰ ਵਿੱਚ ਸ਼ੁਰੂ ਕਰਵਾਈ ਰੇਤ ਦੀ ਖੱਡ

ਸਾਢੇ ਪੰਜ ਰੁਪਏ ਫੁੱਟ ਦੇ ਹਿਸਾਬ ਨਾਲ ਮਿਲੇਗਾ ਰੇਤਾ

ਬਾਬਾ ਬਕਾਲਾ ਸਾਹਿਬ, 28 ਫ਼ਰਵਰੀ (ਪੰਜਾਬ ਪੋਸਟ ਬਿਊਰੋ) – ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸਰਦਾਰ ਦਲਬੀਰ ਸਿੰਘ ਟੌਂਗ ਨੇ ਅੱਜ ਪਿੰਡ ਖਾਨਪੁਰ ਵਿਖੇ ਕਰੀਬ ਸਵਾ ਹਕਟੇਅਰ ਰਕਬੇ ਦੀ ਰੇਤ ਦੀ ਖੱਡ ‘ਤੇ ਮਾਈਨਿੰਗ ਦਾ ਕੰਮ ਸ਼ੁਰੂ ਕਰਵਾਇਆ।ਉਹਨਾਂ ਦੱਸਿਆ ਕਿ ਅੱਜ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜ਼ਰਾ ਨੇ 12 ਹੋਰ ਜਨਤਕ ਰੇਤ ਖੱਡਾਂ ਸੂਬਾ ਵਾਸੀਆਂ ਨੂੰ ਸਮਰਪਿਤ ਕੀਤੀਆਂ ਹਨ।ਜਿਸ ਨਾਲ ਸੂਬੇ ਭਰ `ਚ ਜਨਤਕ ਰੇਤ ਖੱਡਾਂ ਦੀ ਗਿਣਤੀ 72 ਹੋ ਗਈ ਹੈ।ਇਸ ਪਹਿਲਕਦਮੀ ਨਾਲ ਲੋਕਾਂ ਨੂੰ ਵਾਜ਼ਿਬ ਦਰਾਂ ’ਤੇ ਰੇਤ ਅਤੇ ਖਣਨ ਸਮੱਗਰੀ ਮਿਲਣੀ ਯਕੀਨੀ ਬਣੇਗੀ।ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਪਹਿਲਾਂ ਹੀ 60 ਜਨਤਕ ਰੇਤ ਖੱਡਾਂ ਅਤੇ 38 ਵਪਾਰਕ ਰੇਤ ਖੱਡਾਂ ਚਲਾਈਆਂ ਜਾ ਰਹੀਆਂ ਹਨ, ਜਿਥੋਂ ਆਮ ਲੋਕਾਂ ਨੂੰ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤ ਮੁਹੱਈਆ ਕਰਵਾਈ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਛੇਤੀ ਹੀ ਕੁੱਲ 150 ਜਨਤਕ ਅਤੇ 100 ਵਪਾਰਕ ਰੇਤ ਖੱਡਾਂ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ ਹੈ।
ਉਹਨਾਂ ਨੇ ਦੱਸਿਆ ਕਿ 47.65 ਲੱਖ ਮੀਟਰਕ ਟਨ ਦੀ ਕੁੱਲ ਸਮਰੱਥਾ ਵਾਲੀਆਂ 72 ਜਨਤਕ ਰੇਤ ਖੱਡਾਂ ‘ਚੋਂ ਹੁਣ ਤੱਕ 15.91 ਲੱਖ ਮੀਟਰਕ ਟਨ ਰੇਤ ਕੱਢੀ ਜਾ ਚੁੱਕੀ ਹੈ।ਇਸੇ ਤਰ੍ਹਾਂ 38 ਵਪਾਰਕ ਰੇਤ ਖੱਡਾਂ ਦੇ ਕਲੱਸਟਰਾਂ ਵਿੱਚੋਂ 136 ਲੱਖ ਮੀਟਰਕ ਟਨ ਰੇਤ ਕੱਢਣ ਦੀ ਯੋਜਨਾ ਬਣਾਈ ਗਈ ਹੈ।ਜਿਸ ਵਿੱਚੋਂ 17 ਲੱਖ ਮੀਟਰਕ ਟਨ ਰੇਤ ਅਤੇ ਬਜ਼ਰੀ ਹੀ ਕੱਢੀ ਗਈ ਹੈ।ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਜਨਤਕ ਅਤੇ ਵਪਾਰਕ ਰੇਤ ਖੱਡਾਂ ਵਿੱਚ ਹਾਲੇ ਵੀ 151 ਲੱਖ ਮੀਟਰਕ ਟਨ ਤੋਂ ਵੱਧ ਰੇਤ ਅਤੇ ਬਜ਼ਰੀ ਉਪਲੱਬਧ ਹੈ।
ਵਿਧਾਇਕ ਟੌਂਗ ਨੇ ਕਿਹਾ ਕਿ ਇਨ੍ਹਾਂ ਜਨਤਕ ਰੇਤ ਖੱਡਾਂ ਦੇ ਖੁੱਲ੍ਹਣ ਨਾਲ ਵੱਡੀ ਪੱਧਰ ’ਤੇ ਆਮ ਲੋਕ ਖ਼ੁੱਦ ਰੇਤ ਦੀ ਖੁਦਾਈ ਕਰਕੇ ਰੇਤ ਲਿਜਾ ਸਕਦੇ ਹਨ ਅਤੇ ਵੇਚ ਸਕਦੇ ਹਨ, ਜਿਸ ਨਾਲ ਬਾਜ਼ਾਰ ਵਿੱਚ ਰੇਤ ਦੀ ਸਪਲਾਈ ਵਧੇਗੀ ਅਤੇ ਰੇਤ ਦੇ ਮਾਰਕੀਟ ਰੇਟ ਵੀ ਘਟਣਗੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …