Monday, July 8, 2024

ਪਿੰਡਾਂ ਦੀ ਆਰਥਿਕ ਤਰੱਕੀ ਲਈ ਨਾਰੀ ਸ਼ਕਤੀ ਨੂੰ ਮਜ਼ਬੂਤ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ) – ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬਲਾਕ ਹਰਸ਼ਾਛੀਨਾ ਵਿਖੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਦੀ ਸ੍ਰੀਮਤੀ ਪਰਮਜੀਤ ਕੌਰ ਦੀ ਅਗਵਾਈ ਹੇਠ ਚਲਾਏ ਜਾ ਰਹੇ ਨਾਰੀ ਸ਼ਕਤੀ ਕਲੱਸਟਰ ਲੈਵਲ ਸੁਸਾਇਟੀ ਦਾ ਦੌਰਾ ਕੀਤਾ।ਇਸ ਦੌਰਾਨ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਿਹਾ ਕਿ ਜਿਲ੍ਹੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਲਈ ਅਜਿਹੀਆਂ ਕੋਸ਼ਿਸ਼ਾਂ ਬਹੁਤ ਲਾਹੇਵੰਦ ਸਿੱਧ ਹੋ ਸਕਦੀਆਂ ਹਨ।ਉਨਾਂ ਨੇ ਕਿਹਾ ਕਿ ਨਾਰੀ ਸ਼ਕਤੀ ਨੂੰ ਰੋਜ਼ਗਾਰ ਦੇ ਮੌਕੇ ਦੇਣ ਲਈ ਭਵਿੱਖ ਵਿੱਚ ਅਜਿਹੇ ਸਵੈ ਸੇਵੀ ਗਰੁੱਪ,ਪਿੰਡ ਪੱਧਰ ਦੀਆਂ ਕਮੇਟੀਆਂ ਅਤੇ ਅਜਿਹੇ ਬਲਾਕ ਪੱਧਰੀ ਕਲਸਟਰ ਹੋਰ ਮਜ਼ਬੂਤ ਕੀਤੇ ਜਾਣ।ਉਨਾਂ ਨੇ ਇਥੇ ਕੰਮ ਕਰ ਰਹੀਆਂ ਔਰਤਾਂ ਵਲੋਂ ਬਣਾਈਆਂ ਜਾ ਰਹੀਆਂ ਸਕੂਲ ਦੀਆਂ ਵਰਦੀਆਂ ਦਾ ਨਿਰੀਖਣ ਕੀਤਾ ਅਤੇ ਇਸ ਕੰਮ ‘ਤੇ ਤਸੱਲੀ ਪ੍ਰਗਟ ਕਰਦੇ ਕਿਹਾ ਕਿ ਇਸ ਪ੍ਰੋਜੈਕਟ ਦਾ ਹੋਰ ਬਲਾਕਾਂ ਵਿੱਚ ਵੀ ਵਾਧਾ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਜਿਲ੍ਹੇ ਦੇ ਸਾਰੇ ਸਕੂਲੀ ਬੱਚਿਆਂ ਦੀਆਂ ਵਰਦੀਆਂ ਅਜਿਹੇ ਸੈਲਫ ਹੈਲਪ ਗਰੁੱਪਾਂ ਵਲੋਂ ਤਿਆਰ ਕੀਤੀਆਂ ਜਾ ਸਕਣ।ਇਸ ਨਾਲ ਪੇਂਡੂ ਖੇਤਰ ਦੀਆਂ ਔਰਤਾਂ ਆਤਮ ਨਿਰਭਰ ਹੋਣਗੀਆਂ ਅਤੇ ਇਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।ਉਨਾਂ ਕਿਹਾ ਕਿ ਘਰੇਲੂ ਔਰਤਾਂ ਜਿਨਾਂ ਕੋਲ ਸਿਲਾਈ ਕਢਾਈ ਦਾ ਹੁਨਰ ਆਮ ਹੈ, ਕੰਮ ਨਾ ਮਿਲਣ ਕਾਰਨ ਉਨਾਂ ਕੋਲ ਕਮਾਈ ਦੇ ਸਾਧਨ ਦੀ ਘਾਟ ਹੈ ਅਤੇ ਜੇਕਰ ਇਹ ਗਰੁੱਪ ਪਿੰਡਾਂ ਵਿੱਚ ਕਾਇਮ ਕਰ ਦਿੱਤੇ ਜਾਣ ਤਾਂ ਅਜਿਹੀਆਂ ਔਰਤਾਂ ਨੂੰ ਰੁਜ਼ਗਾਰ ਆਸਾਨੀ ਨਾਲ ਮਿਲੇਗਾ।ਦੱਸਣਯੋਗ ਹੈ ਕਿ ਹਰਸ਼ਾ ਛੀਨਾ ਦੇ ਇਸ ਕਲੱਸਟਰ ਵਿੱਚ ਸਾਰੇ ਬਲਾਕ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀਆਂ ਕਰੀਬ 10 ਹਜ਼਼ਾਰ ਵਰਦੀਆਂ ਬਣਾਈਆਂ ਜਾ ਰਹੀਆਂ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਗੁਰਦਰਸ਼ਨ ਲਾਲ ਕੁੰਡਲ ਉਪ ਮੁੱਖ ਕਾਰਜਕਾਰੀ ਅਫ਼ਸਰ ਜਿਲ੍ਹਾ ਪ੍ਰੀਸ਼ਦ, ਮਲਕੀਤ ਸਿੰਘ ਬੀ.ਡੀ.ਪੀ.ਓ, ਸ੍ਰੀਮਤੀ ਅਮਿਕਾ ਵਰਮਾ, ਪ੍ਰਭਪ੍ਰੀਤ ਸਿੰਘ ਲੇਖਾਕਾਰ, ਸ੍ਰੀਮਤੀ ਕੰਵਲਜੀਤ ਕੌਰ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …