Saturday, September 14, 2024

ਮਾਰਗ ਦਰਸ਼ਕ ਅਧਿਆਪਕ ਸਿਸ਼ਨ ਕੁਮਾਰ ਗਰਗ

ਸਿਸ਼ਨ ਕੁਮਾਰ ਦਾ ਜਨਮ 23 ਜੂਨ 1968 ਨੂੰ ਮਾਤਾ ਸ਼ਿਮਲਾ ਦੇਵੀ ਦੀ ਕੁੱਖੋਂ ਪਿਤਾ ਕ੍ਰਿਸ਼ਨ ਚੰਦ ਦੇ ਘਰ ਪਿੰਡ ਤੁੰਗਾਂ ਵਿੱਚ ਹੋਇਆ।ਤਿੰਨ ਭੈਣਾਂ ਅਤੇ ਦੋ ਭਰਾਵਾਂ ਦੇ ਪਰਿਵਾਰ ਵਿੱਚ ਆਪ ਜੀ ਨੂੰ ਚੰਗੇ ਸੰਸਕਾਰਾਂ ਦੀ ਸਿੱਖਿਆ ਵਿਰਾਸਤ ਵਿੱਚੋਂ ਹੀ ਮਿਲੀ।ਪ੍ਰਾਇਮਰੀ ਤੱਕ ਦੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਵਿੱਚੋਂ ਹਾਸਲ ਕੀਤੀ।ਆਪ ਨੇ 1984 ਵਿੱਚ ਮੈਟ੍ਰਿਕ ਸਰਕਾਰੀ ਹਾਈ ਸਕੂਲ ਕੁਲਾਰ ਖੁਰਦ ਤੋਂ ਪਾਸ ਕੀਤੀ।1986 ਵਿੱਚ ਪ੍ਰੀ ਇੰਜਨੀਅਰਿੰਗ ਕਰਦੇ ਹੋਏ 1989 ਵਿੱਚ ਗ੍ਰੈਜੂਏਸ਼ਨ ਕਰਕੇ ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਨੰਗਲ ਤੋਂ 1990-1992 ਦੌਰਾਨ ਈ.ਟੀ.ਟੀ ਦੀ ਟ੍ਰੇਨਿੰਗ ਕਰਨ ਉਪਰੰਤ 17/12/1993 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਕੁਲਾਰ ਖੁਰਦ ਵਿਖੇ ਪ੍ਰਾਇਮਰੀ ਅਧਿਆਪਕ ਵਜੋਂ ਸੇਵਾ ਸੰਭਾਲੀ।ਇਸ ਸਮੇਂ ਦੌਰਾਨ ਆਪ ਨੇ ਬੀ.ਐਡ., ਐਮ.ਏ ਅੰਗਰੇਜ਼ੀ, ਐਮ.ਏ. ਇਕਨਾਮਿਕਸ, ਐਮ.ਕਾਮ ਵਰਗੀਆਂ ਉਚੇਰੀ ਸਿੱਖਿਆ ਦੀਆਂ ਡਿਗਰੀਆਂ ਹਾਸਲ ਕੀਤੀਆਂ।ਸਾਲ 2001 ਵਿੱਚ ਸਿੱਖਿਆ ਵਿਭਾਗ ਵਲੋਂ ਆਪ ਨੂੰ ਬਤੌਰ ਹਿੰਦੀ ਅਧਿਆਪਕ ਪਦ ਉਨਤ ਕਰਕੇ ਸਰਕਾਰੀ ਹਾਈ ਸਕੂਲ (ਗਰਲਜ਼) ਢਢੋਗਲ ਭੇਜ ਦਿੱਤਾ ਗਿਆ।ਇਥੇ 5 ਸਾਲ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ 2006 ਵਿੱਚ ਆਪ ਸਰਕਾਰੀ ਹਾਈ ਸਕੂਲ ਮੰਗਵਾਲ ਆ ਗਏ।ਸਿੱਖਿਆ ਵਿਭਾਗ ਪ੍ਰਤੀ ਸਮਰਪਿਤ ਭਾਵਨਾ ਨੂੰ ਦੇਖਦੇ ਹੋਏ ਆਪ ਨੂੰ ਸਾਲ 2009 ‘ਚ ਜਿਲ੍ਹਾ ਐਜੂਸੈਟ ਕੋਆਰਡੀਨੇਟਰ ਲਗਾਇਆ ਗਿਆ।ਜਿਥੇ ਸਾਲ 2016 ਤੱਕ ਬਾਕਮਾਲ ਸੇਵਾਵਾਂ ਦਿੱਤੀਆਂ।ਵਿਭਾਗ ਵਲੋਂ ਆਪ ਨੂੰ ਸਾਲ 2016 ‘ਚ ਇੱਕ ਵਾਰ ਫਿਰ ਪਦ ਉਨਤ ਕਰਕੇ ਲੈਕਚਰਾਰ ਕਾਮਰਸ ਬਣਾ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ ਭੇਜ ਦਿੱਤਾ।ਇਥੇ ਆਪ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ ਸਾਲ 2021 ਵਿੱਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ ਆ ਗਏ ਤੇ ਦੋ ਸਾਲ ਸੇਵਾ ਕਰਨ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ ਚਲੇ ਗਏ।
ਆਪ ਜੀ ਨੇ ਜਿਥੇ ਵਿਦਿਆਰਥੀਆਂ ਨੂੰ ਸਿੱਖਿਆ ਦਾ ਚਾਨਣ ਵੰਡਿਆ, ਉਥੇ ਉਹਨਾਂ ਦੀ ਸ਼ਖ਼ਸੀਅਤ ਉਸਾਰੀ ਲਈ 18 ਅੰਤਰਰਾਜ਼ੀ ਵਿੱਦਿਅਕ ਯਾਤਰਾਵਾਂ ਆਯੋਜਿਤ ਕੀਤੀਆਂ। ਵਿਦਿਆਰਥੀਆਂ ਨੂੰ ਵਾਤਾਵਰਨ ਚੇਤਨਾ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ, ਖੂਨਦਾਨ,ਫਸਟਏਡ, ਐਨ.ਐਸ.ਐਸ ਨਾਲ ਜੁੜੇ ਰਹਿਣ ਲਈ ਪ੍ਰੇਰਿਆ।ਮਾਸਟਰ ਕਾਡਰ ਅਤੇ ਲੈਕਚਰਾਰ ਯੂਨੀਅਨ ਦੇ ਜਿਲ੍ਹਾ ਜਨਰਲ ਸਕੱਤਰ ਤੋਂ ਇਲਾਵਾ ਸਮਾਜ ਸੇਵਾ ਲਈ ਯਤਨਸ਼ੀਲ ਰਹਿੰਦਿਆਂ ਆਪ ਦੁਰਗਾ ਸੇਵਾ ਦਲ, ਸੰਤ ਲੌਂਗੋਵਾਲ ਸੋਸ਼ਲ ਵੈਲਫੇਅਰ ਸੁਸਾਇਟੀ, ਬਲੱਡ ਡੋਨਰਜ਼ ਐਂਡ ਹੈਲਥ ਕੇਅਰ ਸੁਸਾਇਟੀ ਸੰਗਰੂਰ, ਗਊ ਰਕਸ਼ਕ ਮੰਡਲ, ਵਰਗੀਆਂ ਨਿਰਸਵਾਰਥ ਸੇਵਾ ਦੇਣ ਵਾਲੀਆਂ ਸੰਸਥਾਵਾਂ ਨਾਲ ਜੁੜੇ।25 ਵਾਰ ਖੂਨਦਾਨ, ਤੇ 4000 ਵਿਦਿਆਰਥੀਆਂ ਨੂੰ ਫਸਟਏਡ ਹੋਮ ਨਰਸਿੰਗ ਦੀ ਟ੍ਰੇਨਿੰਗ ਆਪ ਦੀਆਂ ਖਾਸ ਪ੍ਰਾਪਤੀਆਂ ਹਨ।
ਐਨੀ ਸ਼ਿੱਦਤ ਨਾਲ ਵਿਭਾਗੀ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਸਮਾਜ ਦੀ ਸੇਵਾ ਲਈ ਇਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਅਨੀਤਾ ਰਾਣੀ ਲੈਕਚਰਾਰ ਕਾਮਰਸ ਦੀ ਅਹਿਮ ਭੂਮਿਕਾ ਹੈ।
ਇੰਨੀਆਂ ਸੇਵਾਵਾਂ ਦੇ ਕੇ ਉਹ ਅੱਜ 29 ਫਰਵਰੀ 2024 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ ਤੋਂ ਸੇਵਾਮੁਕਤ ਹੋ ਰਹੇ ਹਨ।ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ।
(ਸੇਵਾ ਮੁਕਤੀ ‘ਤੇ ਵਿਸ਼ੇਸ਼)

ਪਰਮਿੰਦਰ ਕੁਮਾਰ ਲੌਂਗੋਵਾਲ

Check Also

ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …