ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ) – ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਵਲੋ ਸ਼ਹਿਰ ਦੇ ਦੱਖਣੀ ਹਲਕੇ ਦੀ ਸਫਾਈ ਵਿਵੱਸਥਾ ਨੂੰ ਲੈ ਕੇ ਗੁਰਦੁਆਰਾ ਸ੍ਰੀ ਸ਼ਹੀਦਾਂ ਸਾਹਿਬ ਨੂੰ ਜਾਂਦੀਆਂ ਸੜਕਾਂ ‘ਤੇ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ।ਜਿਸ ਦੌਰਾਨ ਸੁਲਤਾਨਵਿੰਡ ਚੌਕ ਤੋਂ ਆਲੇ-ਦੁਆਲੇ ਦੀਆਂ ਸੜਕਾਂ ਅਤੇ ਬਜ਼ਾਰਾਂ ਦੀ ਸਫਾਈ ਕੀਤੀ ਗਈ ਅਤੇ ਕੂੜੇ ਦੀ ਲਿਫਟਿੰਗ ਵੀ ਕਰਵਾਈ ਗਈ।ਨਿਗਮ ਕਮਿਸ਼ਨਰ ਨੇ ਸਮਾਰਟ ਸਿਟੀ ਰੋਡ ਦਾ ਵੀ ਦੌਰਾ ਕੀਤਾ।ਉਹਨਾਂ ਨੇ ਨਿਗਮ ਆਟੋ ਵਰਕਸ਼ਾਪ ਵਿੱਚ ਵੀ ਦਬਿਸ਼ ਦਿੱਤੀ ਅਤੇ ਖੜੀਆਂ ਗੱਡੀਆਂ ਵੇਖ ਕੇ ਇੰਚਾਰਜ਼ ਆਟੋ ਵਰਕਸ਼ਾਪ ਡਾ. ਰਮਾ ਨੂੰ ਕੰਮ ਦੀ ਪਹਿਲ ਦੇ ਹਿਸਾਬ ਨਾਲ ਵਰਤੋਂ ਵਿੱਚ ਆਉਣ ਵਾਲੀ ਗੱਡੀਆਂ ਨੂੰ ਤੇਲ ਪਾਉਣ ਲਈ ਸਮਾਂ ਸਾਰਣੀ ਬਨਾਉਣ ਲਈ ਹਦਾਇਤਾਂ ਕੀਤੀਆਂ ਤਾਂ ਜੋ ਸਾਫ-ਸਫਾਈ ਦੇ ਕੰਮ ਲਈ ਗੱਡੀਆਂ ਨੂੰ ਇੰਤਜ਼ਾਰ ਨਾ ਕਰਨਾ ਪਵੇ।
ਮੀਡੀਆ ਨੂੰ ਜਾਰੀ ਬਿਆਨ ਵਿੱਚ ਉਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਦੇਸ਼-ਵਿਦੇਸ਼ਾਂ ਤੋ ਰੋਜਾਨਾਂ ਲੱਖਾਂ ਸ਼ਰਧਾਲੂ ਅਤੇ ਯਾਤਰੂ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨਾਂ ਲਈ ਆਉਂਦੇ ਹਨ।ਇਸ ਲਈ ਨਗਰ ਨਿਗਮ ਅੰਮ੍ਰਿਤਸਰ ਦੀ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਸ਼ਹਿਰ ਦੀ ਸਫਾਈ ਵਿਵੱਸਥਾ ਦਰੁਸਤ ਕੀਤੀ ਜਾਵੇ ਤਾਂ ਜੋ ਸ਼ਹਿਰ ਦੀ ਦਿੱਖ ਸਾਫ-ਸੁਥਰੀ ਨਜ਼ਰ ਆਵੇ।ਉਹਨਾਂ ਵਲੋਂ ਸਫਾਈ ਮੁਹਿੰਮ ਦੀ ਪਹਿਲੀ ਸ਼ੁਰੁਆਤ ਵੀ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰੋਂ ਕੀਤੀ ਗਈ ਸੀ। ਇਸ ਉਪਰੰਤ ਸ਼੍ਰੀ ਦੁਰਗਿਆਣਾ ਤੀਰਥ, ਇਤਹਾਸਿਕ ਰਾਮ ਬਾਗ (ਕੰਪਨੀ ਬਾਗ) ਅਤੇ ਅੱਜ ਗੁਰਦੁਆਰਾ ਸ਼ਹੀਦਾਂ ਸਾਹਿਬ ਨੂੰ ਜਾਂਦੀਆਂ ਸੜਕਾਂ ‘ਤੇ ਸਫਾਈ ਆਰੰਭੀ ਗਈ ਹੈ।ਉਹਨਾਂ ਕਿਹਾ ਕਿ ਸ਼ਹਿਰ ਦੇ ਅੰਦਰੂਨ ਸਰਕੂਲਰ ਰੋਡ ਦੀ ਸਾਫ-ਸਫਾਈ ਵੀ ਦਰੁਸਤ ਕੀਤੀ ਜਾ ਰਹੀ ਹੈ ਤਾਂ ਜੋ ਇਸ ਨੂੰ ਇੱਕ ਸਮਾਰਟ ਰੋਡ ਬਣਾਇਆਂ ਜਾ ਸਕੇ।
ਉਹਨਾਂ ਕਿਹਾ ਕਿ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਸੁਧਾਰ ਹੋਇਆ ਹੈ ਅਤੇ ਸਫਾਈ ਪੱਖੋਂ ਸ਼ਹਿਰ ਦਾ ਕੋਈ ਵੀ ਕੋਨਾ ਛੱਡਿਆ ਨਹੀ ਜਾਵੇਗਾ।ਅੱਜ ਦੇ ਇਸ ਦੌਰੇ ਦੌਰਾਨ ਸਿਹਤ ਅਫਸਰ ਡਾ. ਯੋਗੇਸ਼, ਚੀਫ ਸੈਨੇਟਰੀ ਇੰਸਪੈਕਟਰ ਵਿਜੈ ਗਿੱਲ, ਬੱਬਰ, ਸਾਹਿਲ, ਰਣਜੀਤ ਸਿੰਘ ਤੋ ਇਲਾਵਾ ਅਵਰਧਾ ਕੰਪਨੀ ਦੇ ਅਧਿਕਾਰੀ ਵੀ ਮੌਜ਼ੂਦ ਸਨ।