11 ਅਤੇ 12 ਮਾਰਚ ਨੂੰ ਲਏ ਜਾਣਗੇ ਨਾਮਜ਼ਦਗੀ ਫਾਰਮ
ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ) – ਪ੍ਰੈਸ ਕਲੱਬ ਅੰਮ੍ਰਿਤਸਰ ਦੀਆਂ ਚੋਣਾਂ 17 ਮਾਰਚ ਨੂੰ ਸਵੇਰੇ 10-00 ਵਜੇ ਤੋਂ ਸ਼ਾਮ 5-00 ਵਜੇ ਤੱਕ ਪ੍ਰੈਸ ਕਲੱਬ ਨਿਊ
ਅੰਮ੍ਰਿਤਸਰ ਵਿਖੇ ਹੋਣਗੀਆਂ ਅਤੇ ਸ਼ਾਮ 5.00 ਵਜੇ ਤੋਂ ਬਾਅਦ ਵੋਟਾਂ ਦੀ ਗਿਣਤੀ ਕਰਕੇ ਜੇਤੂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।ਜਿਲ੍ਹਾ ਲੋਕ ਸੰਪਰਕ ਅਫਸਰ ਅੰਮ੍ਰਿਤਸਰ ਸ਼ੇਰਜ਼ੰਗ ਸਿੰਘ ਹੁੰਦਲ ਨੇ ਦੱਸਿਆ ਕਿ 5 ਮੈਂਬਰੀ ਕਮੇਟੀ ਵਲੋਂ ਵੋਟਾਂ ਦੀ ਲਿਸਟ ਫਾਈਨਲ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਚੋਣਾਂ ਦੀ ਨਾਮਜ਼ਦਗੀ ਲਈ ਨਾਮਜ਼ਦਗੀਆਂ 11 ਅਤੇ 12 ਮਾਰਚ ਨੂੰ ਸਵੇਰੇ 11.00 ਵਜੇ ਤੋਂ ਬਾ:ਦੁ: 3.00 ਵਜੇ ਤੱਕ ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਅੰਮ੍ਰਿਤਸਰ ਵਿਖੇ ਲਈਆਂ ਜਾਣ ਅਤੇ 12 ਮਾਰਚ ਨੂੰ ਸ਼ਾਮ 4.00 ਵਜੇ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਅਤੇ 13 ਮਾਰਚ ਨੂੰ ਸਵੇਰੇ 10 ਵਜੇ ਤੋਂ ਬਾ:ਦੁ: 12.00 ਵਜੇ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਵਿੱਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ, ਸਕੱਤਰ, ਜਾਇੰਟ ਸਕੱਤਰ ਅਤੇ ਕੈਸ਼ੀਅਰ ਦੀ ਚੋਣ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਉਮੀਦਵਾਰਾਂ ਕੋਲ 10 ਸਾਲ ਦਾ ਤਜ਼ਰਬਾ, ਕੋਈ ਕੇਸ ਨਾ ਚੱਲਦਾ ਹੋਵੇ ਉਹ ਉਮੀਦਵਾਰ ਆਪਣੇ ਕਾਗਜ਼ ਦਾਖਲ ਕਰ ਸਕਦਾ ਹੈ ਅਤੇ ਇਨ੍ਹਾਂ ਚੋਣਾਂ ਦੀ ਮਿਆਦ 2 ਸਾਲ ਦੀ ਹੋਵੇਗੀ।
ਜਿਲ੍ਹਾ ਲੋਕ ਸੰਪਰਕ ਅਫਸਰ ਦੱਸਿਆ ਕਿ ਨਾਮਜ਼ਦਗੀ ਭਰਨ ਵਾਲੇ ਫਾਰਮ ਦਫਤਰ ਤੋਂ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਫਾਰਮ ਭਰਨ ਦੀ ਫੀਸ 2000/- ਰੁਪਏ ਨਿਸ਼ਚਿਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਹਰੇਕ ਉਮੀਦਵਾਰ ਨੂੰ ਆਪਣੀ ਪਾਸਪੋਰਟ ਸਾਈਜ਼ ਫੋਟੋ ਅਤੇ ਫਾਰਮ ‘ਤੇ ਵੋਟ ਨੰਬਰ ਲਿਖਣੀ ਲਾਜ਼ਮੀ ਹੋਵੇਗੀ।ਉਨ੍ਹਾਂ ਦੱਸਿਆ ਕਿ ਕੋਈ ਵੀ ਉਮੀਦਵਾਰ ਕਿਸੇ ਦੂਸਰੇ ਉਮੀਦਵਾਰ ਜਾਂ ਮੈਂਬਰ ਦੇ ਖਿਲਾਫ ਕੂੜ ਪ੍ਰਚਾਰ ਨਹੀਂ ਕਰ ਸਕਦਾ।ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੀ ਉਮੀਦਵਾਰ ਅਤੇ ਮੈਂਬਰਸ਼ਿਪ ਦੋਵੇਂ ਖਤਮ ਕੀਤੀਆਂ ਜਾ ਸਕਦੀਆਂ ਹਨ।
Punjab Post Daily Online Newspaper & Print Media