ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਵਲੋਂ ਦਫ਼ਤਰਾਂ ਵਿੱਚ ਜਿਨਸੀ ਸੋਸ਼ਣ ਨੂੰ ਰੋਕਣ, ਉਸਾਰੀ ਕਾਰਜਾਂ ਵਿੱਚ ਮਜਦੂਰਾਂ ਅਤੇ ਆਮ ਲੋਕਾਂ ਦੀ
ਸਿਹਤ ਅਤੇ ਸੁਰੱਖਿਆ ਦੇ ਮਾਪਦੰਡਾਂ ਦੀ ਪਾਲਣਾ ਅਤੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਪਟਾਰਾ ਕਰਨ ਸੰਬੰਧੀ ਵਿਸ਼ਿਆਂ ’ਤੇ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ।ਵਿਸ਼ਵ ਬੈਂਕ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਪੰਜਾਬ ਮਿਉਂਸਪਲ ਸਰਵਿਸਿਜ਼ ਇੰਪਰੂਵਮੈਂਟ ਪ੍ਰੋਜੈਕਟ ਤਹਿਤ ਕਰਵਾਏ ਗਏ।ਇਸ ਸਿਖਲਾਈ ਪ੍ਰੋਗਰਾਮ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਤੇ ਸਟਾਫ਼, ਅੰਮ੍ਰਿਤਸਰ ਬਲਕ ਵਾਟਰ ਸਪਲਾਈ ਪ੍ਰੋਜੈਕਟ ਦੇ ਅਧਿਕਾਰੀਆਂ ਤੇ ਲਾਰਸਨ ਐਂਡ ਟੂਬਰੋ ਕੰਪਨੀ ਦੇ ਸਟਾਫ਼ ਨੇ ਭਾਗ ਲਿਆ।
ਪ੍ਰੋਗਰਾਮ ਦਾ ਸੰਚਾਲਨ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਪ੍ਰੋਜੈਕਟ ਦੇ ਮੈਨੇਜਰ ਕੁਲਦੀਪ ਸਿੰਘ ਸੈਣੀ (ਸੇਵਾ ਮੁਕਤ ਚੀਫ਼ ਇੰਜੀਨੀਅਰ) ਨੇ ਕੀਤਾ।ਉਨ੍ਹਾਂ ਦੱਸਿਆ ਕਿਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਮੰਤਵ ਨਿਗਮ ਦੇ ਕਰਮਚਾਰੀਆਂ ਦੀ ਕੰਮਕਾਜੀ ਸਮਰੱਥਾ ਨੂੰ ਵਧਾਉਣ ਦੇ ਨਾਲ-ਨਾਲ ਦਫਤਰਾਂ ਅਤੇ ਨਿਰਮਾਣ ਕਾਰਜਾਂ ਵਿਚ ਲਾਗੂ ਕਾਨੂੰਨਾਂ ਬਾਰੇ ਜਾਣਕਾਰੀ ਦੇਣਾ ਹੈ।ਵਿਭਾਗ ਵਲੋਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਬਣਾਏ ਗਏ ਐਮ.ਸੇਵਾ ਪੋਰਟਲ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਡਾ: ਊਸ਼ਾ ਕਪੂਰ ਨੇ ਕਿਹਾ ਕਿ ਕੰਮਕਾਜ਼ੀ ਔਰਤਾਂ ਦਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜਰੂਰੀ ਹੈ।ਅਕਸਰ ਜਾਣਕਾਰੀ ਦੀ ਕਮੀ ਅਤੇ ਸਮਾਜਿਕ ਦਬਾਅ ਕਾਰਨ ਔਰਤਾਂ ਕੰਮ ਵਾਲੀ ਥਾਂ `ਤੇ ਜਿਨਸੀ ਸੋਸ਼ਣ ਦੀ ਸ਼ਿਕਾਇਤ ਨਹੀਂ ਕਰ ਪਾਉਂਦੀਆਂ।ਇਸ ਲਈ ਜਰੂਰੀ ਹੈ ਕਿ ਉਹ ਸੰਵਿਧਾਨ ਅਤੇ ਮਹਿਲਾ ਮੁਲਾਜ਼ਮਾਂ ਲਈ ਬਣੇ ਕਾਨੂੰਨਾਂ ਬਾਰੇ ਵੀ ਜਾਣੂ ਹੋਣ।ਉਨ੍ਹਾਂ ਪੁਰਸ਼ ਕਰਮਚਾਰੀਆਂ ਨੂੰ ਕੰਮ ਵਾਲੀ ਥਾਂ `ਤੇ ਔਰਤਾਂ ਪ੍ਰਤੀ ਆਪਣੇ ਵਿਵਹਾਰ `ਚ ਸਾਵਧਾਨੀ ਵਰਤਣ ਤੇ ਜ਼ੋਰ ਦਿੱਤਾ।
ਪੀ.ਐਮ.ਆਈ.ਡੀ.ਸੀ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ `ਤੇ ਪਹੁੰਚੇ ਵਾਤਾਵਰਣ ਅਤੇ ਸਮਾਜਿਕ ਮਾਹਿਰ ਬਾਦਲ ਸੋਨੀ ਨੇ ਕਿਸੇ ਵੀ ਪ੍ਰੋਜੈਕਟ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਉਸ ਸਬੰਧੀ ਸਟੇਕਹੋਲਡਰਾਂ ਦੀ ਭੂਮਿਕਾ ਅਤੇ ਉਹਨਾਂ ਦੀ ਸ਼ਮੂਲੀਅਤ ਬਾਰੇ ਪੂਰੀ ਜਾਣਕਾਰੀ ਦਿੱਤੀ।ਸਿਹਤ ਤੇ ਸੁਰੱਖਿਆ ਮਾਹਿਰ ਡਾ: ਮੌਨਿਕਾ ਸੱਭਰਵਾਲ ਨੇ ਦੱਸਿਆ ਕਿ ਹਰ ਸਾਲ ਦੁਨੀਆਂ ਭਰ ਵਿੱਚ ਉਸਾਰੀ ਵਾਲੀਆਂ ਥਾਵਾਂ `ਤੇ 10 ਕਰੋੜ ਅਤੇ ਭਾਰਤ ਵਿੱਚ ਇੱਕ ਕਰੋੜ ਸੱਤਰ ਲੱਖ ਹਾਦਸੇ ਵਾਪਰਦੇ ਹਨ, ਜਿਨ੍ਹਾਂ ਵਿੱਚੋਂ ਭਾਰਤ ‘ਚ 45 ਹਜ਼ਾਰ ਘਾਤਕ ਹਾਦਸੇ ਮਜ਼ਦੂਰਾਂ ਦੀ ਮੌਤ ਦਾ ਕਾਰਣ ਬਣਦੇ ਹਨ। ।ਸਮਾਜਿਕ ਸੁਰੱਖਿਆ ਅਫ਼ਸਰ ਸਮਰਿਤੀ ਸ਼ਰਮਾ ਨੇ ਵਿਭਾਗ ਵਲੋਂ ਸ਼ੁਰੂ ਕੀਤੇ ਗਏ ਆਨਲਾਈਨ ਸ਼ਿਕਾਇਤ ਨਿਵਾਰਨ ਪੋਰਟਲ ਐਮ.ਸੇਵਾ ਦੇ ਕੰਮਕਾ ਬਾਰੇ ਵੀ ਦੱਸਿਆ।
ਇਸ ਮੌਕੇ ਐਮ.ਟੀ.ਪੀ ਨਰਿੰਦਰ ਸ਼ਰਮਾ, ਸਕੱਤਰ ਰਾਜਿੰਦਰ ਸ਼ਰਮਾ, ਐਕਸੀਅਨ ਪਲਿੰਦਰ ਸਿੰਘ, ਡਿਪਟੀ ਪ੍ਰੋਜੈਕਟ ਮੈਨੇਜਰ ਨਰਿੰਦਰਪਾਲ ਸਿੰਘ, ਐਲ.ਐਂਡ.ਟੀ ਪ੍ਰੋਜੈਕਟ ਡਾਇਰੈਕਟਰ ਸੰਜੇ ਸਿੰਘ ਹਾਜ਼ਰ ਸਨ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media