ਐਸ.ਅੇਮ.ਐਸ ਰਾਹੀਂ ਭੇਜੇ ਜਾਣਗੇ ਬਿੱਲ – ਹਰਪ੍ਰੀਤ ਸਿੰਘ
ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ) – ਸਥਾਨਕ ਨਗਰ ਨਿਗਮ ਸ਼ਹਿਰੀਆਂ ਨੂੰ ਜਲ ਸਪਲਾਈ ਅਤੇ ਸੀਵਰੇਜ ਦੇ ਬਿਲ ਐਸ.ਐਮ.ਐਸ ਰਾਹੀਂ ਭੇਜੇਗਾ।ਪਹਿਲਾਂ ਪ੍ਰਿੰਟ ਕੀਤੇ ਬਿੱਲ ਕਰਮਚਾਰੀਆਂ ਰਾਹੀਂ ਡਲਿਵਰ ਕੀਤੇ ਜਾਣ ਕਰਕੇ ਕਈ ਵਾਰ ਬਿੱਲ ਸਮੇਂ ਸਿਰ ਨਹੀਂ ਦਿੱਤੇ ਜਾਂਦੇ ਸਨ। ਹੁਣ ਸਥਾਨਕ ਸਰਕਾਰਾਂ ਪੰਜਾਬ ਨੇ ਐਮਸੇਵਾ ਦੇ ਨਾਮ `ਤੇ ਆਪਣਾ ਪੋਰਟਲ ਸ਼ੁਰੂ ਕੀਤਾ ਹੈ।ਇਸ ਲਈ ਨਾਗਰਿਕਾਂ ਨੂੰ ਰਜਿਸਟਰਡ ਮੋਬਾਈਲ ਨੰਬਰ ਨਾਲ ਆਪਣੀ ਆਈ.ਡੀ ਬਣਾਉਣੀ ਪਵੇਗੀ, ਜਿਸ ਰਾਹੀਂ ਸਥਾਨਕ ਸਰਕਾਰਾਂ ਨਾਲ ਸਬੰਧਤ ਸੇਵਾਵਾਂ ਦੀ ਕਿਸੇ ਵੀ ਕਿਸਮ ਦੀ ਅਦਾਇਗੀ ਕੀਤੀ ਜਾ ਸਕਦੀ ਹੈ।ਵਰਤਮਾਨ ‘ਚ ਇਸ ਪੋਰਟਲ `ਤੇ ਸਾਰੇ ਸਥਾਨਕ ਸਰਕਾਰਾਂ ਵਿਭਾਗਾਂ ਜਿਵੇਂ ਕਿ ਪ੍ਰਾਪਰਟੀ ਟੈਕਸ, ਈ-ਨਕਸ਼ਾ, ਟਰੇਡ ਲਾਈਸੈਂਸ, ਫਾਇਰ ਐਨ.ਓ.ਸੀ ਅਤੇ ਹੋਰ ਵਿਭਾਗਾਂ ਦਾ ਕੰਮ ਇਸ ਪੋਰਟਲ `ਤੇ ਕੀਤਾ ਜਾ ਰਿਹਾ ਹੈ ਤਾਂ ਜੋ ਹਰੇਕ ਨਾਗਰਿਕ ਦਾ ਡਾਟਾ ਬਿਹਤਰ ਤਾਲਮੇਲ ਲਈ ਆਪਸ ਵਿੱਚ ਜੁੜਿਆ ਹੋਵੇ।
ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜਾਰੀ ਮੀਡੀਆਂ ਰਲੀਜ਼ ਵਿੱਚ ਦੱਸਿਆ ਕਿ ਨਗਰ ਨਿਗਮ ਨੇ ਸਫਲਤਾਪੂਰਵਕ ਜਲ ਸਪਲਾਈ ਅਤੇ ਸੀਵਰੇਜ ਦਾ ਡਾਟਾ ਪੰਜਾਬ ਸਥਾਨਕ ਸਰਕਾਰਾਂ ਦੇ ਐਮਸੇਵਾ ਪੋਰਟਲ ਵਿੱਚ ਤਬਦੀਲ ਕਰ ਦਿੱਤਾ ਹੈ।ਹੁਣ ਆਨਲਾਈਨ ਬਿੱਲਾਂ ਨੂੰ ਐਸ.ਐਮ.ਐਸ ਲਿੰਕ ਰਾਹੀਂ ਨਾਗਰਿਕਾਂ ਨੂੰ ਭੇਜਿਆ ਜਾਵੇਗਾ ਅਤੇ ਪ੍ਰਾਪਰਟੀ ਟੈਕਸ ਦੀ ਉਨ੍ਹਾਂ ਦੀ ਆਈ.ਡੀ ਨੂੰ ਲਿੰਕ ਕਰਕੇ ਆਨਲਾਈਨ ਭੁਗਤਾਨ ਕੀਤਾ ਜਾ ਸਕਦਾ ਹੈ।ਰਣਜੀਤ ਐਵੀਨਿਊ ਦੇ ਮੁੱਖ ਦਫਤਰ ਅਤੇ ਨਗਰ ਨਿਗਮ ਅੰਮ੍ਰਿਤਸਰ ਦੇ ਜ਼ੋਨਲ ਦਫਤਰਾਂ ‘ਚ ਸੀ.ਐਫ.ਸੀ ਕੇਂਦਰਾਂ ਰਾਹੀਂ ਵੀ ਭੁਗਤਾਨ ਕੀਤਾ ਜਾ ਸਕਦਾ ਹੈ।
ਕਮਿਸ਼ਨਰ ਨੇ ਦੱਸਿਆ ਕਿ ਵਪਾਰਕ ਅਤੇ ਉਦਯੋਗਿਕ ਇਕਾਈਆਂ ਦੀ ਬਿਲਿੰਗ 15 ਦਿਨਾਂ ਦੇ ਅੰਦਰ-ਅੰਦਰ ਸ਼ੁਰੂ ਕਰ ਦਿੱਤੀ ਜਾਵੇਗੀ।ਜਿਸ ਲਈ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।ਕਮਿਸ਼ਨਰ ਹਰਪ੍ਰੀਤ ਸਿੰਘ ਨੇ ਅਪੀਲ ਕੀਤੀ ਕਿ ਨਾਗਰਿਕ ਇਸ ਆਨਲਾਈਨ ਸੇਵਾ ਦਾ ਲਾਭ ਉਠਾਉਣ ਅਤੇ ਸਥਾਨਕ ਸਰਕਾਰਾਂ ਨਾਲ ਸਬੰਧਤ ਸਾਰੀਆਂ ਅਦਾਇਗੀਆਂ ਕਰਨ।ਪੁੱਛਗਿਛ ਲਈ ਸਕੱਤਰ ਰਜਿੰਦਰ ਸ਼ਰਮਾ ਨਾਲ ਮੋਬਾਈਲ ਨੰਬਰ 9988807379 `ਤੇ ਸੰਪਰਕ ਕੀਤਾ ਜਾ ਸਕਦਾ ਹੈ।