ਅੰਮ੍ਰਿਤਸਰ, 6 ਮਈ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ, ਦੇ ਪੰਜਾਬੀ ਵਿਭਾਗ ਅਤੇ ਬਿਆਸ ਸਦਨ ਵਲੋਂ ਸਾਂਝੇ ਤੌਰ `ਤੇ ਅੰਤਰ-ਸਦਨ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ‘ਚ ਮਾਂ- ਬੋਲੀ ਪੰਜਾਬੀ ਤੇ ਸੱਭਿਆਚਾਰ ਪ੍ਰਤੀ ਪਿਆਰ ਤੇ ਜਾਗਰੂੂਕਤਾ ਦੀ ਭਾਵਨਾ ਪੈਦਾ ਕੀਤੀ ਗਈ।ਅੰਤਰ-ਸਦਨ ਮੁਕਾਬਲਿਆਂ ਵਿੱਚ ਛੇਵੀਂ-ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦਾ ਬਾਲ ਕਵੀ ਦਰਬਾਰ, ਨੌਵੀਂ-ਦੱਸਵੀਂ ਜਮਾਤ ਦਾ ਭਾਸ਼ਣ ਮੁਕਾਬਲਾ ਅਤੇ ਗਿਆਰ੍ਹਵੀਂ-ਬਾਰ੍ਹਵੀਂ ਜਮਾਤ ਦਾ ਪੰਜਾਬੀ ਲੋਕ-ਨਾਚ ਮੁਕਾਬਲਾ ਕਰਵਾਇਆ ਗਿਆ।ਸਾਰੇ ਪ੍ਰਤੀਯੋਗੀਆਂ ਨੇ ਆਪਣੀ ਕਲਾ ਦਾ ਖ਼ੂਬਸੂਰਤ ਪ੍ਰਦਰਸ਼ਨ ਕਰਦਿਆਂ ਆਪਣੇ ਅੰਦਰ ਛੁਪੀ ਕਲਾ ਦਾ ਮੁਜ਼ਾਹਰਾ ਕੀਤਾ।
ਅੰਤਰ-ਸਦਨ ਪੰਜਾਬੀ ਕਵਿਤਾ ਉਚਾਰਨ ਮੁਕਾਬਲੇ ਵਿਚੋਂ ਫਤਿਹਬੀਰ ਸਿੰਘ, ਜਿਹਲਮ ਸਦਨ ਨੇ ਪਹਿਲਾ ਸਥਾਨ, ਤੇਗ ਅਸੀਸ ਸਿੰਘ ਰਾਵੀ ਸਦਨ ਨੇ ਦੂਜਾ ਅਤੇ ਹਰਬੀਰ ਸਿੰਘ ਸਤਲੁਜ ਸਦਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿੱਚ ਨਿਮਰਤ ਸੰਧੂ, ਰਾਵੀ ਸਦਨ ਨੇ ਪਹਿਲਾ, ਸੁਖਮਨਜੀਤ ਕੌਰ ਬਿਆਸ ਸਦਨ ਨੇ ਦੂਜਾ ਅਤੇ ਰਿਧਮ ਕੌਰ ਜਿਹਲਮ ਸਦਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਲੋਕ-ਨਾਚ ਮੁਕਾਬਲਿਆਂ ਵਿਚੋਂ ਹਿੰਮਤ ਸਿੰਘ ਸਤਲੁਜ ਸਦਨ ਨੇ ਪਹਿਲਾ, ਸੁਰਖ਼ਾਬ ਸਿੰਘ ਓਠੀ ਜਿਹਲਮ ਸਦਨ ਨੇ ਦੂਜਾ ਅਤੇ ਹੁਸਨਪ੍ਰੀਤ ਸਿੰਘ ਰਾਵੀ ਸਦਨ ਨੇ ਤੀਜਾ ਸਥਾਨ ਹਾਸਲ ਕੀਤਾ।
ਕਵਿਤਾ ਉਚਾਰਨ ਅਤੇ ਭਾਸ਼ਣ ਮੁਕਾਬਲੇ ਵਿੱਚ ਨਿਰਣਾਇਕ ਮੰਡਲ ਦੀ ਭੂਮਿਕਾ ਡਾ. ਬਲਜੀਤ ਕੌਰ ਰਿਆੜ ਪੰਜਾਬੀ ਅਧਿਐਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪ੍ਰੋਫੈਸਰ ਅਨੁਦੀਪ ਕੌਰ ਲੇਹਲ ਨੇ ਨਿਭਾਈ।ਲੋਕ-ਨਾਚ ਮੁਕਾਬਲੇ ਵਿੱਚ ਨਿਰਣਾਇਕ ਮੰਡਲ ਦੀ ਭੂਮਿਕਾ ਡੀ.ਏ.ਵੀ ਪਬਲਿਕ ਸਕੂਲ ਤੋਂ ਸ੍ਰੀਮਤੀ ਸੁਮਨ ਤਾਰਾ, ਮੁਖੀ ਡਾਂਸ ਵਿਭਾਗ ਨੇ ਨਿਭਾਈ।ਨਿਰਣਾਇਕ ਮੰਡਲ ਨੇ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਮਾਂ-ਬੋਲੀ ਪੰਜਾਬੀ ਪ੍ਰਤੀ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ।ਉਹਨਾਂ ਨੇ ਵਿਦਿਆਰਥੀਆਂ ਅੰਦਰ ਛੁਪੀ ਕਲਾ ਦੀ ਸਰਾਹਨਾ ਕੀਤੀ।ਪਿ੍ੰਸੀਪਲ ਕਮਲ ਚੰਦ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ।
ਇਸ ਮੌਕੇ `ਤੇ ਮੁੱਖ ਅਧਿਆਪਕਾ ਸ੍ਰੀਮਤੀ ਰਾਖੀ ਪੁਰੀ, ਅਕਾਦਮਿਕ ਕੋਆਰਡੀਨੇਟਰ ਰਾਜਿੰਦਰ ਸਿੰਘ ਸੱਗੂ, ਪੰਜਾਬੀ ਵਿਭਾਗ ਦੇ ਮੁਖੀ ਸਤਿੰਦਰ ਸਿੰਘ ਓਠੀ, ਬਿਆਸ ਸਦਨ ਦੇ ਇੰਚਾਰਜ ਮ੍ਰਿਦੁਲਾ ਖੰਨਾ, ਪਲਕਿਨ, ਕੁਲਜੀਤ ਕੌਰ, ਹਰਪ੍ਰੀਤ ਕੌਰ, ਗੀਤਾ ਭਾਟੀਆ, ਪਰਮਜੋਤੀ, ਰੋਮੀਆਂ, ਉਰਵਸ਼ੀ, ਸਾਰਿਕਾ ਸ਼ਰਮਾ, ਮਮਤਾ ਸ਼ਰਮਾ, ਅਮਨਪ੍ਰੀਤ ਸਿੰਘ, ਸੁਧਾਂਸ਼ੂ ਸ਼ਰਮਾ, ਅਨਿਰੁੱਧ ਸ਼ਰਮਾ, ਜਸਪ੍ਰੀਤ ਸਿੰਘ, ਮਨੀਸ਼ ਸਰਮਾ, ਵਿਸ਼ਾਲ ਸ਼ਰਮਾ, ਗੁਰਦੀਪ ਸਿੰਘ ਆਦਿ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।