ਅੰਮ੍ਰਿਤਸਰ, 9 ਮਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਲਈ ਜਾਂਦੀ ਸਾਲਾਨਾ ਧਾਰਮਿਕ ਪ੍ਰੀਖਿਆ ਦੇ ਤੀਜੇ ਅਤੇ ਚੌਥੇ ਦਰਜੇ ਦਾ ਨਤੀਜਾ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਾਰੀ ਕੀਤਾ ਗਿਆ।ਇਸ ਤੋਂ ਪਹਿਲਾਂ ਪਹਿਲੇ ਅਤੇ ਦੂਜੇ ਦਰਜੇ ਦਾ ਨਤੀਜਾ ਜਾਰੀ ਕੀਤਾ ਜਾ ਚੁੱਕਾ ਹੈ।ਅੱਜ ਤੀਜੇ ਅਤੇ ਚੌਥੇ ਦਰਜੇ ਦੇ ਜਾਰੀ ਕੀਤੇ ਗਏ ਨਤੀਜੇ ਤਹਿਤ 3 ਲੱਖ 40 ਹਜ਼ਾਰ 900 ਰੁਪਏ ਦਾ ਵਜੀਫਾ ਮੈਰਿਟ ਵਿਚ ਆਏ ਪ੍ਰੀਖਿਆਰਥੀਆਂ ਨੂੰ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਪ੍ਰੀਖਿਆਰਥੀਆਂ ਨੂੰ ਕਰਮਵਾਰ 5100, 4100 ਅਤੇ 3100 ਰੁਪਏ ਦੀ ਵਿਸ਼ੇਸ਼ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ।ਅੱਜ ਐਡਵੋਕੇਟ ਧਾਮੀ ਨੇ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦਾ ਨਤੀਜਾ ਵੀ ਜਾਰੀ ਕੀਤਾ, ਜਿਸ ਵਿਚ ਮੈਰਿਟ ’ਚ ਆਏ 20 ਵਿਦਿਆਰਥੀਆਂ ਨੂੰ ਵਜੀਫਾ ਰਾਸ਼ੀ ਦਿੱਤੀ ਜਾਵੇਗੀ। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਕੂਲਾਂ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਸਿਧਾਂਤਾਂ, ਗੁਰਬਾਣੀ, ਰਹਿਤ ਮਰਯਾਦਾ ਅਤੇ ਇਤਿਹਾਸ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਲਗਾਤਾਰ ਕਾਰਜਸ਼ੀਲ ਹੈ।ਇਸੇ ਤਹਿਤ ਹੀ ਧਾਰਮਿਕ ਪ੍ਰੀਖਿਆ ਕਰਵਾ ਕੇ ਲੱਖਾ ਰੁਪਏ ਦੀ ਵਜੀਫਾ ਰਾਸ਼ੀ ਹਰ ਸਾਲ ਦਿੱਤੀ ਜਾਂਦੀ ਹੈ।ਇਸ ਤੋਂ ਇਲਾਵਾ ਪੱਤਰ-ਵਿਹਾਰ ਕੋਰਸ ਰਾਹੀਂ ਆਮ ਸ਼ਰਧਾਲੂਆਂ ਨੂੰ ਸਿੱਖ ਧਰਮ ਬਾਰੇ ਕੋਰਸ ਕਰਵਾਇਆ ਜਾਂਦਾ ਹੈ।ਉਨ੍ਹਾਂ ਸੰਗਤ ਅਤੇ ਸਿੱਖ ਨੌਜੁਆਨੀ ਨੂੰ ਅਪੀਲ ਕੀਤੀ ਕਿ ਇਨ੍ਹਾਂ ਧਾਰਮਿਕ ਪ੍ਰੀਖਿਆਵਾਂ ਵਿਚ ਵੱਧ-ਵੱਧ ਦਾਖ਼ਲਾ ਲੈ ਕੇ ਸਿੱਖੀ ਬਾਰੇ ਜਾਣਕਾਰੀ ਹਾਸਲ ਕਰਨ, ਤਾਂ ਜੋ ਆਪਣੇ ਇਤਿਹਾਸ ਅਤੇ ਕਦਰਾਂ-ਕੀਮਤਾਂ ਨਾਲ ਜੁੜਿਆ ਜਾ ਸਕੇ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਬਿਆਸੀ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵਡ, ਸਕੱਤਰ ਪ੍ਰਤਾਪ ਸਿੰਘ, ਓਐਸਡੀ ਸਤਬੀਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ, ਧਾਰਮਿਕ ਪ੍ਰੀਖਿਆ ਦੇ ਇੰਚਾਰਜ ਜੋਗੇਸ਼ਵਰ ਸਿੰਘ ਅਤੇ ਹੋਰ ਮੌਜੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …