ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ‘ਬਾਇਓ ਕੰਟਰੋਲ ਲੈਬ’ (ਬੀ.ਸੀ.ਐਲ) ਵਿਖੇ ਫ਼ਸਲਾਂ ਅਤੇ ਸਬਜ਼ੀਆਂ ਨੂੰ ਲੱਗਣ ਵਾਲੇ ਕੀੜਿਆਂ ਨੂੰ ਕੁਦਰਤੀ ਤੌਰ ’ਤੇ ਮਿੱਤਰ ਕੀੜਿਆਂ ਨਾਲ ਖ਼ਤਮ ਕਰਨ ਦੀਆਂ ਵਿਧੀਆਂ ਵਿਕਸਿਤ ਕਰਨ ਸਬੰਧੀ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਮੀਟਿੰਗ ਦੌਰਾਨ ਕੈਂਸਰ ਜਾਂਚ ਕੈਂਪ ਲਗਾਉਣ ਸਬੰਧੀ ਵਿਚਾਰਾਂ ਸਾਂਝੀਆਂ ਕਰਨ ਲਈ ਵਰਲਡ ਕੈਂਸਰ ਕੇਅਰ ਫਾਊਂਡੇਸ਼ਨ ਦੇ ਮੁਖੀ ਐਨ.ਆਰ.ਆਈ ਕੁਲਵੰਤ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ।ਉਨ੍ਹਾਂ ਨਾਲ ਡਾ. ਤਮਿੰਦਰ ਸਿੰਘ ਭਾਟੀਆ, ਲੈਬ ਇੰਚਾਰਜ ਡਾ. ਰਜਿੰਦਰਪਾਲ ਸਿੰਘ ਵੀ ਮੌਜ਼ੂਦ ਸਨ।ਧਾਲੀਵਾਲ ਨੇ ਨਵੰਬਰ ਮਹੀਨੇ ਉਕਤ ਕੈਂਪ ਕਾਲਜ ਵਿਖੇ ਲਗਾਉਣ ਦੀ ਸੰਭਾਵਨਾ ਜਾਹਿਰ ਕੀਤੀ।ਉਨ੍ਹਾਂ ਨੇ ਕਿਸਾਨਾਂ ਲਈ ਵਰਦਾਨ ਸਾਬਿਤ ਹੋ ਰਹੀ ਉਕਤ ਲੈਬ ’ਚ ਗੰਨਾ, ਜੈਵਿਕ ਬਾਸਮਤੀ, ਮੱਕੀ, ਕਪਾਹ, ਆਲੂ, ਟਮਾਟਰ, ਭਿੰਡੀ, ਫੁਲ ਗੋਭੀ, ਬਤਾਓਂ, ਕੇਲਾ, ਤੇਲ ਵਾਲੀਆਂ ਫਸਲਾਂ ਅਤੇ ਕਿਨੂੰ ਆਦਿ ਨੂੰ ਲੱਗਣ ਵਾਲੇ ਕੀੜਿਆਂ ਨੂੰ ਖ਼ਤਮ ਕਰਨ ਲਈ ‘ਕੋਰ ਸੈਰਾ ਸਫ਼ੈਲੋਨਿਕਾ’ ਅਤੇ ਹੋਰ ਮਿੱਤਰ ਕੀੜੇ ਤਿਆਰ ਕਰਕੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਸਬੰਧੀ ਜਾਣਕਾਰੀ ਹਾਸਲ ਕੀਤੀ।
ਡਾ. ਮਹਿਲ ਸਿੰਘ ਨੇ ਡਾ. ਆਰ.ਪੀ ਸਿੰਘ ਦੀ ਮੌਜ਼ੂਦਗੀ ਕਿਹਾ ਕਿ ਕੁਦਰਤੀ ਖੇਤੀ ਲਈ ਮਿੱਤਰ ਕੀੜੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਜਾਂਦੀ ਫਸਲ ਨੂੰ ਬਚਾਉਦੀ ਹੈ।ਉਨ੍ਹਾਂ ਨੇ ਉਕਤ ਲੈਬ ਨੂੰ ਸਥਾਪਿਤ ਕਰਨ ਦੇ ਮੋਹਰੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਨੇ ਆਪਣੇ 50 ਏਕੜ ਫ਼ਾਰਮ ਤੋਂ ਇਲਾਵਾ ਵਿਭਾਗ ਹੋਰ ਵੀ ਕਿਸਾਨਾਂ ਨਾਲ ਮਿਲ ਕੇ ਇਸ ਨਵੀਂ ਵਿਧੀ ਦੇ ਪ੍ਰਸਾਰ ਲਈ ਕਾਰਜ ਕਰ ਰਿਹਾ ਹੈ।
ਡਾ. ਰਜਿੰਦਰ ਪਾਲ ਸਿੰਘ ਨੇ ਕਿਹਾ ਕਿ ਪਰਭਖਸ਼ੀ ਕੀੜਿਆਂ (ਹਾਨੀਕਾਰਕ ਕੀੜਿਆਂ ਨੂੰ ਖਾਣ ਵਾਲੇ ਮਿੱਤਰ ਕੀੜੇ) ਜਿਵੇਂ ਲਾਲ ਭੂੰਡੀ, ਸਿਰਫ਼ਿਡ, ਮੱਕੜੀ, ਕੈਰਾਬਿਡ, ਸਟੇਫਾਈਲਿਨਿਡ, ਡਰੈਗਨ ਮੱਖੀ, ਸੋਨਮੱਖੀ, ਮਿਰਿਡਬੱਗ, ਪਰਭਖਸ਼ੀ ਪੈਂਟਾਟੋਮਿਡ, ਐਨਥੋਕੋਰਿਡਬਗ, ਪਰਭਖਸ਼ੀ ਕੀੜੀ ਆਦਿ ਇਸ ਲੈਬ ’ਚ ਤਿਆਰ ਕੀਤੇ ਜਾਂਦੇ ਹਨ. ਜਿਨ੍ਹਾਂ ਨੂੰ ਫਸਲਾਂ ’ਚ ਛੱਡ ਕੇ ਅਸੀ ਨੁਕਸਾਨ ਕਰਨ ਵਾਲੇ ਕੀੜਿਆਂ ਦੀ ਗਿਣਤੀ ਨੂੰ ਘੱਟ ਕਰ ਸਕਦੇ ਹਾਂ।
ਧਾਲੀਵਾਲ ਨੇ ਆਪਣੀ ‘ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ’ (ਰਜਿ.) ਰਾਹੀਂ ਸੂਬੇ ‘ਚੋਂ ਕੈਂਸਰ ਬਿਮਾਰੀ ਦੇ ਖਾਤਮੇ ਦੇ ਸੰਕਲਪ ਨੂੰ ਦੁਹਰਾਉਦਿਆਂ ਕਿਹਾ ਕਿ ਕਾਲਜ ਵਿਖੇ ਨਵੰਬਰ ਮਹੀਨੇ ਵੱਡੇ ਸੈਮੀਨਾਰ ਤੋਂ ਇਲਾਵਾ ਕੈਂਸਰ ਜਾਂਚ ਕੈਂਪ ਲਗਾਇਆ ਜਾਵੇਗਾ।ਜਿਸ ਵਿੱਚ ਵੱਖ ਵੱਖ ਕਿਸਮ ਦੇ ਕੈਂਸਰ ਰੋਗਾਂ ਦੀ ਜਾਂਚ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਕੈਂਸਰ ਰੋਗਾਂ ਦੀ ਮੁਫਤ ਜਾਂਚ ਕਰਨ ਸਬੰਧੀ ਸੂਬੇ ਭਰ ‘ਚ ਕੈਂਪ ਲਗਾਏ ਜਾਂਦੇ ਹਨ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …