Wednesday, June 26, 2024

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ ਜਾਣਿਆਂ ਨੇ ਆਉਂਦਿਆਂ ਸਾਰ ਹੀ ਬੜੀ ਨਿਮਰਤਾ ਨਾਲ਼ ਮਾਤਾ ਜੀ ਦੇ ਗੋਡੀ ਹੱਥ ਲਾਏ। ਜ਼ਿੰਦਗੀ ਦੇ ਸੱਤ ਦਹਾਕੇ ਹੰਢਾ ਚੁੱਕੀ ਮਾਤਾ ਦੇ ਘਰੇਲੂ ਹਾਲਾਤ ਵੇਖ ਕੇ ਇਕ ਜਣੇ ਨੇ ਵਾਅਦਿਆਂ ਦੀ ਝੜੀ ਲਾਉਣ ਤੋਂ ਬਾਅਦ ਦੋਵੇਂ ਹੱਥ ਜੋੜ ਸਿਰ ਝੁਕਾ ਕੇ ਕਿਹਾ,” ਮਾਤਾ ਜੀ ਤੁਸੀਂ ਵੋਟ ਪਾਉਣ ਲੱਗਿਆਂ ਇਸ ਨਿਸ਼ਾਨ ਵਾਲ਼ਾ ਬਟਨ ਦੱਬਣਾ ਜੇ।” ਜਿੱਤਣ ਤੋਂ ਬਾਅਦ ਤੁਹਾਡੇ ਕਾਨਿਆਂ ਦੀ ਛੱਤ ਦੀ ਥਾਂ ਤੇ ਅਸੀਂ ਲੈਂਟਰ ਪਵਾ ਦਿਆਂਗੇ, ਮਾਤਾ ਜੀ ਤੁਹਾਨੂੰ ਇੱਕ ਛੋਟੀ ਫਰਿਜ਼ ਵੀ ਲਿਆ ਦਿਆਂਗੇ।ਇੱਕ ਹੋਰ ਸ਼ਹਿਦ ਨਾਲੋਂ ਮਿੱਠੀ ਆਵਾਜ਼ `ਚ ਬੋਲਿਆ,”ਸਰਕਾਰ ਵਲੋਂ ਮਿਲਦੀਆਂ ਸਾਰੀਆਂ ਸਹੂਲਤਾਂ ਤਹਾਨੂੰ ਦਿਵਾ ਕੇ ਤੁਹਾਡੇ ਘਰ ਦੀ ਨੁਹਾਰ ਬਦਲ ਦਿਆਂਗੇ ਮਾਤਾ ਜੀ।”ਤੁਹਾਡੀ ਬੁਢਾਪਾ ਪੈਨਸ਼ਨ ‘ਤੇ ਲੱਗੀ ਹੋਣੀ ਆ ਮਾਤਾ ਜੀ? ਤੁਹਾਨੂੰ ਰਾਸ਼ਨ-ਪਾਣੀ ਫਰੀ, ਹੋਰ ਵੀ ਜਿਹੜੀਆਂ ਸਹੁਲਤਾਂ ਸਰਕਾਰ ਵਲੋਂ ਮਿਲਦੀਆਂ ਤੁਹਾਨੂੰ ਦੇਵਾਂਗੇ।ਤੁਸੀਂ ਇਸ ਵਾਰ ਇਹ ਚੋਣ ਨਿਸ਼ਾਨ ਵਾਲ਼ਾ ਬਟਨ ਦਬਾਇਆ ਜੇ” ਗੰਨ੍ਹੇ ਦੀ ਪੋਰੀ ਵਿੱਚੋਂ ਨਿਕਲਦੇ ਰਸ ਵਾਂਗ ਮਿੱਠਾ ਬੋਲਦਿਆਂ ਇੱਕ ਹੋਰ ਸਪੋਟਰ ਨੇ ਆਪਣੇ ਨੰਬਰ ਬਣਾਏ।
ਇਹਨਾਂ ਦੀਆਂ ਮਨਮੋਹਕ ਗੱਲਾਂ ਸੁਣ ਕੇ ਗੁਮ-ਸੁਮ ਹੋਈ ਮਾਤਾ ਵੱਡਾ ਹੌਸਲਾ ਕਰਕੇ ਬੋਲੀ “ਤਿੰਨ-ਚਾਰ ਸਾਲ ਪਹਿਲਾਂ ਇਹਨਾਂ ਵੱਲ ਪਤਾ ਨਹੀਂ ਮੈਂ ਗਰੀਬਣੀ ਨੇ ਕਿੰਨੇ ਕੁ ਗੇੜੇ ਮਾਰੇ।ਤੁਹਾਡੇ ਵਰਗੇ ਉਥੇ ਖੜ੍ਹੇ ਮੈਨੂੰ ਇਹਨਾਂ ਦਾ ਦਰਵਾਜ਼ਾ ਵੀ ਨਹੀਂ ਸੀ ਲੰਘਣ ਦਿੰਦੇ।ਮੈਂ ਹੱਥ-ਪੱਲਾ ਜੋੜ ਹਾੜੇ ਕੱਢ ਥੱਕ ਹਾਰ ਵਾਪਸ ਘਰ ਮੁੜ ਆਉਂਦੀ।ਇਹ ਵੀ ਮੈਨੂੰ ਅੰਦਰੋਂ ਵੇਖ ਬੂਹਾ ਢੋਹ ਲੈਂਦੇ—-।ਕਈ ਵਾਰ ਇਹਨਾਂ ਮੈਨੂੰ ਆਪਣੇ ਬੂਹੇ ਅੱਗੇ ਖੜਿਆਂ ਵੇਖ ਵੀ ਇਹ ਆਪਣੀ ਵੱਡੀ ਗੱਡੀ `ਚ ਬੈਠੇ ਹੂਟਰ ਵਜਾਉਂਦੇ ਔਹ ਜਾਂਦੇ, ਮੇਰੇ ਹੱਥ ਜੁੜੇ ਰਹਿ ਜਾਦੇ—।
ਮਾਤਾ ਦੀ ਗੱਲ ਅਜੇ ਪੂਰੀ ਨਹੀਂ ਸੀ ਹੋਈ ਕਿ ਇੱਕ ਹੋਰ ਬੋਲਿਆ ਮਾਤਾ ਜੀ ਇਹ ਹੁਣ ਉਸ ਪਾਰਟੀ `ਚ ਨਹੀਂ ਹਨ, ਹੁਣ ਇਹ ਹੋਰ ਪਾਰਟੀ ਵਿੱਚ ਆ ਗਏ ਹਨ।ਇਹ ਤੁਹਾਡਾ ਕੰਮ ਪਹਿਲ ਦੇ ਅਧਾਰ `ਤੇ ਕਰਨਗੇ।ਹੱਥ ਜੋੜਦੇ ਸਾਰੇ ਫਿਰ ਮਾਤਾ ਜੀ ਤੇ ਉਹਦੇ ਪਰਿਵਾਰ ਨੂੰ ਇਸ ਨਿਸ਼ਾਨ ਵਾਲ਼ਾ ਬਟਨ ਦੱਬਣ ਲਈ ਬੇਨਤੀ ਕਰਦੇ ਅਗਲੇ ਘਰ ਵੱਲ ਨੂੰ ਤੁਰ ਪਏ।ਇੱਕ ਦੋ ਦਿਨ ਪਹਿਲਾਂ ਹੋਰ ਪਾਰਟੀਆਂ ਵਾਲੇ ਵੀ ਮਾਤਾ ਜੀ ਦੇ ਪੈਰੀਂ ਹੱਥ ਲਾ ਗਏ, ਜਿਹੜੇ ਉਹਦੇ ਪਰਿਵਾਰ ਨਾਲ਼ ਅਣਗਿਣਤ ਵਾਅਦੇ ਕਰਕੇ ਗਏ ਸੀ।ਉਹਨਾਂ ਦੇ ਤੇ ਇਹਨਾਂ ਦੇ ਜਾਣ ਤੋਂ ਬਾਅਦ ਸ਼ਾਇਦ ਵਿਚਾਰੀ ਮਾਤਾ ਸੋਚਦੀ ਜਦੋਂ ਦੀ ਵਿਆਹੀ ਆਈ ਹਾਂ ਇਹੋ ਕੁੱਝ ਸੁਣਦੀ ਆ ਰਹੀ ਹਾਂ।ਅੱਜ ਪੁੱਤ ਪੋਤਰਿਆਂ ਵਾਲੀ ਹੋ ਗਈ।ਝੁਰੜੀਆਂ ਨਾਲ਼ ਭਰੇ ਆਪਣੇ ਹੱਥਾਂ ਵੱਲ ਵੇਖਦੀ ਤੇ ਸੋਚਦੀ ਕਿ ਇਹ ਲੋਕ ਕਿੱਥੋਂ ਦੇ ਕਿੱਥੇ ਪਹੁੰਚ ਗਏ!ਇਹਨਾਂ ਨੂੰ ਫਰਕ ਜਰੂਰ ਪਿਆ ਕਿ ਪਹਿਲਾਂ ਇਹ ਪੈਦਲ ਆਉਂਦੇ ਹੁੰਦੇ ਸੀ ਤੇ ਹੁਣ ਹੱਥਾਂ`ਚ ਕੀਮਤੀ ਮੋਬਾਈਲ ਫੜੀ ਵੱਡੀਆਂ-ਵੱਡੀਆਂ ਗੱਡੀਆਂ ਲਈ ਫਿਰਦੇ ਤੇ ਲਾਰੇ ਵੀ ਵੱਡੇ-ਵੱਡੇ ਲਾਉਂਦੇ।ਉਸਦਾ ਪਤੀ ਤੇ ਪੁੱਤਰ ਰਾਤ ਦੀ ਡਿਊਟੀ ਕਰਕੇ ਘਰ ਆਏ।ਉਹਨਾਂ ਪੁੱਛਿਆ “ਇਹ ਕੌਣ ਆਏ ਸੀ?” ਮਾਤਾ ਸਹਿਜ਼ ਸੁਭਾਅ ਬੋਲੀ, ਲਾਰੇ-ਲੱਪਿਆਂ ਦੀ ਬਰਾਤ—-
ਕਹਾਣੀ 2605202401

ਸੁਖਬੀਰ ਸਿੰਘ ਖੁਰਮਣੀਆਂ
ਗੁਰੂ ਹਰਿਗੋਬਿੰਦ ਐਵਨਿਊ ਪੈਰਾਡਾਈ-2
ਛੇਹਰਟਾ,ਅੰਮ੍ਰਿਤਸਰ। ਮੋ -9855512677

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …