ਯਾਰੋ ਅਸੀਂ ਸੱਚ ਦੇ ਵਣਜਾਰੇ ਹਾਂ,
ਚੰਨ ਵਰਗੇ ਨਾ ਸੀ ਪਰ ਤਾਰੇ ਹਾਂ।
ਕਿਸਮਤ ‘ਤੇ ਵੀ ਸਾਨੂੰ ਮਾਣ ਨਹੀਂ,
ਜੋ ਵੀ ਬਣੇ ਹਾਂ ਕਿਰਤ ਦੇ ਸਹਾਰੇ ਹਾਂ।
ਡਾਢੇ ਤੋਂ ਅਸੀਂ ਐਵੇਂ ਡਰਦੇ ਨਹੀਂ,
ਨਾ ਕਮਜ਼ੋਰਾਂ ‘ਤੇ ਪੈਂਦੇ ਭਾਰੇ ਹਾਂ।
ਨਾ ਜਾਣੇ ਕੀ ਦੋਸ਼ ਹੈ ਇਸ ਜ਼ੀਨ ਚੋਂ,
ਪੰਜਾਬੀ ਹਾਂ ਸਹਿੰਦੇ ਘਲੂਘਾਰੇ ਹਾਂ।
ਤਕਦੀਰ ‘ਤੇ ਚੱਲੇ ਨਾ ਜ਼ੋਰ ਕੋਈ,
ਹਾਰੇ ਹਾਂ ਆਪਣਿਆ ਤੋਂ ਹਾਰੇ ਹਾਂ।
ਸੱਚ ਜਿਉਈਏ ਤੇ ਸੱਚ ਹੰਢਾਈਏ ,
ਭਾਵੇਂ ਕੱਚੇ ਜੇਹੇ ਹੀ ਢਾਰੇ ਹਾਂ।
ਗੱਲ ਇਸ਼ਕ ਹਕੀਕੀ ਦੀ ਹੈ ਕਰੀਏ,
ਰੱਬ ਦੀ ਰਜ਼ਾ ਚੋਂ ਰਹਿੰਦੇ ਸਾਰੇ ਹਾਂ।
ਇਸ਼ਕ ਦਾ ਵੀ ਯਾਰੋ ਰੋਗ ਹੰਢਾਈਏ
ਰਾਂਝੇ, ਪੰਨੂ ਤੇ ਮਜ਼ਨੂੰ ਸਾਰੇ ਹਾਂ।
ਮਨਦੀਪ ਮਿਲੇ ਤਾਂ ਫਿਰ ਗੱਲ ਕਰੀਏ
‘ਗਿੱਲ’ ਤੇਰੇ ਤੋਂ ਸੁਣਦੇ ਲਾਰੇ ਹਾਂ।
ਕਵਿਤਾ 2605202401
ਮਨਦੀਪ ਗਿੱਲ ਧੜਾਕ
ਮੋ – 9988111134