Saturday, December 21, 2024

ਨੂੰਹ-ਸੱਸ ਦੇ ਖੂਬਸੂਰਤ ਰਿਸ਼ਤੇ ਦੀ ਕਹਾਣੀ ‘ਨੀ ਮੈਂ ਸੱਸ ਕੁੱਟਣੀ-2’

ਨੂੰਹ ਅਤੇ ਸੱਸ ਦੇ ਖ਼ੂਬਸੂਰਤ ਰਿਸ਼ਤੇ ‘ਤੇ ਬਣੀ ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਦਰਸ਼ਕਾਂ ਨੂੰ ‘ਨੀ ਮੈਂ ਸੱਸ ਕੁੱਟਣੀ-2’ ਦੇਖਣ ਨੂੰ ਮਿਲੇਗੀ।ਸੱਸ ਅਤੇ ਨੂੰਹ ਦੇ ਖੂਬਸੂਰਤ ਤੇ ਸਦੀਵੀ ਰਿਸ਼ਤੇ ਦੁਆਲੇ ਘੁੰਮਦੀ ਇਹ ਫਿਲਮ ਇਸ ਰਿਸ਼ਤੇ ਦੇ ਕੌੜੇ-ਮਿੱਠੇ ਪਲਾਂ ਨੂੰ ਪਰਦੇ ‘ਤੇ ਪੇਸ਼ ਕਰਦੀ ਹੈ।ਆਪਣੇ ਸ਼ੂਟਿੰਗ ਦੇ ਦਿਨਾਂ ਤੋਂ ਹੀ ਚਰਚਾ ਵਿੱਚ ਚੱਲ ਰਹੀ ਇਸ ਫ਼ਿਲਮ ਦਾ ਦਰਸ਼ਕਾਂ ਵਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ।ਮਨੋਰੰਜ਼ਨ ਦੇ ਨਾਲ ਨਾਲ ਵੱਡਾ ਸੁਨੇਹਾ ਦਿੰਦੀ ਇਹ ਫਿਲਮ 7 ਜੂਨ ਨੂੰ ਦੁਨੀਆਂ ਭਰ ਵਿੱਚ ਰਲੀਜ਼ ਹੋਵੇਗੀ।ਇਸ ਫ਼ਿਲਮ ਦਾ ਟੀਜ਼ਰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ।ਪੰਜਾਬੀ ਦੀ ਇਹ ਉਹ ਫ਼ਿਲਮ ਹੈ, ਜਿਸ ਵਿੱਚ ਮਰਦ ਘੱਟ ਤੇ ਔਰਤਾਂ ਜ਼ਿਆਦਾ ਹਨ।ਫ਼ਿਲਮ ਦੇ ਪੋਸਟਰ ‘ਤੇ ਵੀ ਪੰਜਾਬੀ ਇੰਡਸਟਰੀ ਦੇ ਨਾਮੀਂ ਅਦਾਕਾਰਾਂ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਹਨ। ਬਨਵੈਤ ਫ਼ਿਲਮਜ਼ ਵਲੋਂ ‘ਸਾਰੇਗਾਮਾ’ ਅਤੇ ਯੁਡਲੀ ਫਿਲਮਜ਼” ਦੇ ਸਹਿਯੋਗ ਨਾਲ ਬਣਾਈ ਇਸ ਫਿਲਮ ਦੀ ਕਹਾਣੀ ਵੀ ਨਿਰਦੇਸ਼ਕ ਮੋਹਿਤ ਬਨਵੈਤ ਨੇ ਲਿਖੀ ਹੈ।ਡਾਇਲਾਗ ਮੋਹਿਤ ਬਨਵੈਤ, ਅਮਨ ਸਿੱਧੂ ਅਤੇ ਧਰਮਬੀਰ ਭੰਗੂ ਨੇ ਲਿਖੇ ਹਨ।
ਫਿਲਮ ਦੀ ਟੀਮ ਮੁਤਾਬਿਕ ਇਹ ਫ਼ਿਲਮ ਪੰਜਾਬੀ ਪਰਿਵਾਰਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਹੈ। ਕਾਮੇਡੀ, ਰੁਮਾਂਸ ਅਤੇ ਡਰਾਮੇ ਦਾ ਸੁਮੇਲ ਇਹ ਫ਼ਿਲਮ ਇੱਕ ਅਜਿਹਾ ਪਰਿਵਾਰਕ ਡਰਾਮਾ ਹੈ, ਜੋ ਦਰਸ਼ਕਾਂ ਦੇ ਢਿੱਡੀਂ ਪੀੜਾਂ ਤਾਂ ਪਾਵੇਗਾ ਹੀ ਬਲਕਿ ਨੂੰਹ ਅਤੇ ਸੱਸ ਦੇ ਰਿਸ਼ਤੇ ਦੀ ਮਜ਼ਬੂਤੀ ‘ਤੇ ਵੀ ਜ਼ੋਰ ਦੇਵੇਗਾ।ਜੇ ਧੀਆਂ ਸੱਸ ਨੂੰ ਮਾਂ ਅਤੇ ਸੱਸਾਂ ਨੂੰਹ ਨੂੰ ਧੀਅ ਬਣਾ ਲੈਣ ਤਾਂ ਸਾਰੇ ਝਗੜੇ ਵੀ ਖਤਮ ਪੈ ਜਾਣ ਅਤੇ ਇਸ ਰਿਸ਼ਤੇ ‘ਤੇ ਬਣੀਆਂ ਬੋਲੀਆਂ ਦਾ ਰੰਗ ਵੀ ਬਦਲ ਜਾਵੇ, ਇਹ ਫ਼ਿਲਮ ਹਾਸੇ ਹਾਸੇ ਵਿੱਚ ਇਹੋ ਸੁਨੇਹਾ ਦਿੰਦੀ ਹੈ।
ਇਸ ਫ਼ਿਲਮ ਵਿੱਚ ਅਨੀਤਾ ਦੇਵਗਨ ਨੇ ਸੱਸ ਦਾ ਮੁੱਖ ਕਿਰਦਾਰ ਨਿਭਾਇਆ ਹੈ।ਨਿਰਮਲ ਰਿਸ਼ੀ ਅੱਗੇ ਉਸਦੀ ਸੱਸ ਹੈ ਅਤੇ ਨੂੰਹ ਦਾ ਮੁੱਖ ਕਿਰਦਾਰ ਤਨਵੀ ਨਾਗੀ ਨੇ ਨਿਭਾਇਆ ਹੈ।ਫ਼ਿਲਮ ਵਿੱਚ ਮਹਿਤਾਬ ਵਿਰਕ, ਤਨਵੀ ਨਾਗੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਨ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਨਿਸ਼ਾ ਬਾਨੋ, ਅਕਿਸ਼ਤਾ ਸ਼ਰਮਾ, ਅਕਾਂਕਸ਼ਾ ਸਰੀਨ, ਹਾਰਬੀ ਸੰਘਾ, ਰਵਿੰਦਰ ਮੰਡ, ਦਿਲਨੂਰ ਕੌਰ ਅਤੇ ਮਲਕੀਤ ਰੌਣੀ ਸਮੇਤ ਕਈ ਹੋਰ ਚਰਚਿਤ ਚਿਹਰੇ ਨਜ਼ਰ ਆਉਣਗੇ।
ਫ਼ਿਲਮ ਵਿੱਚ ਜਿਥੇ ਸੱਸਾਂ ਦੀ ਨੌਕ ਝੌਕ ਦਿਖਾਈ ਦੇਵੇਗੀ, ਉਥੇ ਹੀ ਮਹਿਤਾਬ ਵਿਰਕ ਤੇ ਤਨਵੀ ਨਾਗੀ ਦੀ ਖ਼ੂਬਸੂਰਤ ਜੋੜੀ ਫ਼ਿਲਮ ਵਿੱਚ ਹੋਰ ਰੰਗ ਭਰੇਗੀ।ਦੋਵਾਂ ਦੀ ਜੋੜੀ ਨੂੰ ਦਰਸ਼ਕ ਪਹਿਲਾਂ ‘ਨੀ ਮੈਂ ਸੱਸ ਕੁੱਟਣੀ-1’ ਵਿੱਚ ਸ਼ਾਨਦਾਰ ਹੁੰਗਾਰਾ ਦੇ ਚੁੱਕੇ ਹਨ।ਪਹਿਲੇ ਸੀਕੁਅਲ ਵਾਂਗ ਹੀ ਇਸ ਫਿਲਮ ਦਾ ਵੀ ਮਿਊਜ਼ਿਕ ਦਰਸ਼ਕਾਂ ਦੀ ਜ਼ੁਬਾਨ ‘ਤੇ ਚੜ੍ਹੇਗਾ।ਫਿਲਮ ਦੇ ਗੀਤ ਹੈਪੀ ਰਾਏਕੋਟੀ, ਧਰਮਬੀਰ ਭੰਗੂ, ਰੌਣੀ ਅਜਨਾਲੀ ਤੇ ਗਿੱਲ ਮਸ਼ਰਾਲੀ ਨੇ ਲਿਖੇ ਹਨ।ਫਿਲਮ ਦਾ ਮਿਊਜ਼ਿਕ ਐਵੀ ਸਰਾਂ, ਦਾ ਬੌਸ ਅਤੇ ਬਲੈਕ ਵਾਇਰਸ ਵਰਗੇ ਨਾਮੀਂ ਮਿਊਜ਼ਿਕ ਡਾਇਰੈਕਟਰਾਂ ਨੇ ਤਿਆਰ ਕੀਤਾ ਹੈ।
7 ਜੂਨ ਨੂੰ ਰਲੀਜ਼ ਹੋ ਰਹੀ ਇਹ ਫਿਲਮ ਸਿਨੇਮਾਂ ਘਰਾਂ ਵਿੱਚ ਖੂਬ ਰੌਣਕਾਂ ਲਾਵੇਗੀ।ਇਸ ਗੱਲ ਦੀ ਆਸ ਫਿਲਮ ਦੀ ਟੀਮ ਦੇ ਨਾਲ-ਨਾਲ ਦਰਸ਼ਕਾਂ ਨੂੰ ਵੀ ਹੈ।
ਲੇਖ 3105202401

ਜ਼ਿੰਦ ਜਵੰਦਾ
ਮੋ – 9463828000

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …