ਏ.ਸੀ.ਪੀ ਪਰਮਪਾਲ ਸਿੰਘ ਸਿੱਧੂ ਰਾਹੀਂ ਪ੍ਰਸ਼ਾਸ਼ਨ ਨੂੰ ਦਿੱਤਾ ਮੰਗ ਪੱਤਰ
ਅੰਮ੍ਰਿਤਸਰ, 22 ਮਾਰਚ (ਨਰਿੰਦਰ ਪਾਲ ਸਿੰਘ)- ਗੁਰੂ ਨਗਰੀ ‘ਚ ਅੰਮ੍ਰਿਤਧਾਰੀ ਸਿੱਖ ਨੌਜੁਆਨ ਦੀ ਬੀਤੇ ਦਿਨੀ ਕੁੱਝ ਲੋਕਾਂ ਵਲੋਂ ਕੀਤੀ ਕੁੱਟਮਾਰ ਅਤੇ ਕਕਾਰਾਂ ਦੀ ਬੇਅਦਬੀ ਲਈ ਦੋਸ਼ੀਆਂ ਅਤੇ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਅਤੇ ਪੁਲਿਸ ਕਮਿਸ਼ਨਰ ਦੇ ਨਾਮ ਇੱਕ ਮੰਗ ਪੱਤਰ ਦਿੱਤਾ।ਸਿੱੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੈਲਫੇਅਰ ਸੁਸਾਇਟੀ, ਦਮਦਮੀ ਟਕਸਾਲ ਅਜਨਾਲਾ ਦੇ ਸੈਂਕੜੇ ਵਰਕਰ ਭਾਈ ਬਲਵੰਤ ਸਿੰਘ ਗੋਪਾਲਾ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤਰ ਹੋਏ ਜਿਥੋਂ ਇਹ ਇਕ ਮਾਰਚ ਦੀ ਸ਼ਕਲ ਵਿਚ ਇਤਿਹਾਸਕ ਗੁਰਦੁਆਰਾ ਲੋਹਗੜ੍ਹ ਸਾਹਿਬ ਪੁੱਜੇ। ਨੋਜੁਆਨਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਅਜਨਾਲਾ ਦੇ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ, ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਦੇ ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਅੱਜ ਦਾ ਇਹ ਇਕੱਠ ਜਿਲ੍ਹਾ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਚਿਤਾਵਨੀ ਦੇਣ ਲਈ ਹੈ ਕਿ ਸਿੱਖ ਦੀ ਦਸਤਾਰ ਹੀ ਉਸ ਦਾ ਮਾਣ ਸਨਮਾਨ ਹੈ ਅਤੇ ਇਸ ਦਸਤਾਰ ਲਈ ਉਸ ਨੇ ਲਾਸਾਨੀ ਕੁਰਬਾਨੀਆਂ ਕੀਤੀਆਂ ਹਨ ਤਾਂ ਜਾ ਕੇ ਸਰਦਾਰੀ ਪਾਈ ਹੈ ਤੇ ਇਸੇ ਸਰਦਾਰੀ ਦੇ ਇੱਵਜ ਇਹ ਦਸਤਾਰ ਸਿਰ ਤੇ ਸੋਹਂਦੀ ਹੈ।ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਸਾਡੀ ਖਾਮੋਸ਼ੀ ਨੂੰ ਸਾਡੀ ਕਮਜੌਰੀ ਨਾ ਸਮਝੇ, ਇਸ ਲਈ ਭਾਈ ਜਸਮੀਤ ਸਿੰਘ ਦੀ 15 ਮਾਰਚ ਨੂੰ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕਰੇ ਤੇ ਮੌਕੇ ਤੇ ਮੌਜੂਦ ਜਿਹੜੇ ਪੁਲਿਸ ਅਧਿਕਾਰੀਆਂ ਨੇ ਦੌਸ਼ੀਆਂ ਖਿਲਾਫ ਢਿੱਲ ਵਰਤੀ ਹੈ, ਉਨ੍ਹਾਂ ਨੂੰ ਮੁਅੱਤਲ ਕਰਕੇ ਘਰ ਦਾ ਰਾਹ ਵਿਖਾਵੇ।ਵਿਸ਼ਾਲ ਮਾਰਚ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਸਿੰਘ ਇੱਕ ਜਲੂਸ ਦੀ ਸ਼ਕਲ ਵਿਚ ਸਥਾਨਕ ਹਾਲ ਗੇਟ ਪੁੱਜੇ ਜਿਥੇ ਐਡੀਸ਼ਨਲ ਡਿਪਟੀ ਕਮਿਸ਼ਨਰ ਪੁਲਿਸ ਪਰਮਪਾਲ ਸਿੰਘ ਸਿੱਧੂ ਨੇ ਮੰਗ ਪੱਤਰ ਹਾਸਿਲ ਕੀਤਾ ਤੇ ਵਿਸ਼ਵਾਸ਼ ਦਿਵਾਇਆ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ।
ਇਸ ਮਾਰਚ ਵਿਚ ਭਾਈ ਸਤਨਾਮ ਸਿੰਘ ਕਾਹਲੋਂ, ਭਾਈ ਰਣਜੀਤ ਸਿੰਘ, ਭਾਈ ਲਾਲ ਸਿੰਘ, ਭਾਈ ਵਰਿਆਮ ਸਿੰਘ, ਭਾਈ ਪਰਤਾਪ ਸਿੰਘ ਫੌਜੀ, ਭਾਈ ਸੁਖਦੇਵ ਸਿੰਘ ਨਾਗੋਕੇ ਭਾਈ ਦਿਲਬਾਗ ਸਿੰਘ ਨਾਗੋਕੇ, ਭਾਈ ਪਪਲਪ੍ਰੀਤ ਸਿੰਘ, ਭਾਈ ਬਲਜੀਤ ਸਿੰਘ ਰਾਗੀ ਦਮਦਮੀ ਟਕਸਾਲ, ਭਾਈ ਹਰਦੀਪ ਸਿੰਘ ਦਲ ਖਾਲਸਾ ਅਤੇ ਭਾਈ ਰਜੇਸ਼ ਸਿੰਘ ਬੱਗਾ, ਭਾਈ ਮੋਹਕਮ ਸਿੰਘ, ਫੈਡਰੇਸ਼ਨ ਆਗੂ ਭਾਈ ਪੀਰਮੁਹੰਮਦ ਸਿੰਘ ਭਾਈ ਕਰਤਾਰ ਸਿੰਘ ਪ੍ਰਮੁੱਖ ਤੌਰ ਤੇ ਸ਼ਾਮਿਲ ਸਨ ।
ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਸੌਪੇ ਜਾਣ ਦੇ ਮਾਮਲੇ ਤੇ ਕੁੱਝ ਸਿੰਘਾਂ ਨੇ ਨਰਾਜ਼ਗੀ ਜਿਤਾਈ ਤਾਂ ਭਾਈ ਅਮਰੀਕ ਸਿੰਘ ਨੇ ਸਪਸ਼ਟ ਕਹਿ ਦਿੱਤਾ ਕਿ ਜੇਕਰ ਕਿਸੇ ਨੂੰ ਸਾਡੇ ਤੇ ਵਿਸ਼ਵਾਸ਼ ਹੀ ਨਹੀ ਹੈ ਤਾਂ ਉਹ ਆਪਣੇ ਤੌਰ ਤੇ ਜੋ ਰਾਹ ਅਪਨਾਉਣਾ ਚਾਹੁੰਦਾ ਹੈ, ਅਪਣਾ ਲਵੇ ਉਹ ਸਾਥ ਨਹੀ ਦੇਣਗੇ । ਕੋਈ 15 ਮਿੰਟ ਬਾਅਦ ਹੀ ਨਾਰਾਜ਼ ਨੌਜੁਆਨਾਂ ਨੇ ਸਹਿਮਤੀ ਪ੍ਰਗਟਾਈ ਕਿ ਭਾਈ ਅਮਰੀਕ ਸਿੰਘ ਦੀ ਰਾਏ ਤੇ ਅਗਵਾਈ ਹੀ ਸਹੀ ਹੈ।
ਇਸ ਮੌਕੇ ਏ.ਸੀ.ਪੀ. ਮਨਵਿੰਦਰ ਸਿੰਘ, ਬਲਕਾਰ ਸਿੰਘ ਅਤੇ ਏ.ਐਸ.ਪੀ. ਬਾਲ ਕ੍ਰਿਸ਼ਨ ਸਿੰਗਲਾ, ਦੀ ਅਗਵਾਈ ਹੇਠ ਇੰਸਪੈਕਟਰ ਅਰੁਣ ਸ਼ਰਮਾ ਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਮੌਜੂਦ ਰਹੀ ।