Thursday, July 18, 2024

ਵਿਰਸਾ ਵਿਹਾਰ ਵਿਖੇ 15 ਦਿਨਾ ਬਾਲ ਰੰਗਮੰਚ ਕਾਰਜਸ਼ਾਲਾ ਸਮਾਪਤ

ਅੰਮ੍ਰਿਤਸਰ, 21 ਜੂਨ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ ਬਾਲ ਰੰਗਮੰਚ ਕਾਰਜਸ਼ਾਲਾ (7 ਤੋਂ 21 ਜੂਨ 2024 ਤੱਕ) ਦਾ ਸਮਾਪਨ ਸਮਾਰੋਹ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।ਇਸ ਬਾਲ ਰੰਗਮੰਚ ਕਾਰਜਸ਼ਾਲਾ ਵਿੱਚ 15 ਦਿਨਾਂ ‘ਚ ਬੱਚਿਆ ਵਲੋਂ ਨਾਟਕ ਅਤੇ ਭੰਗੜਾ ਤਿਆਰ ਕਰਵਾਇਆ ਗਿਆ।ਸਮਾਰੋਹ ਦੇ ਆਖਰੀ ਦਿਨ ਦੋ ਨਾਟਕਾਂ ਦਾ ਮੰਚਣ ਅਤੇ ਭੰਗੜੇ ਦੀ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ।
ਪਹਿਲਾ ਨਾਟਕ ਮਹਾਨ ਕਵੀ ਗੁਰੂ ਰਾਬਿੰਦਰਨਾਥ ਟੈਗੋਰ ਦੀ ਕਹਾਣੀ ’ਤੇ ਅਧਾਰਿਤ ਤੇ ਡਾ. ਲਾਈਕ ਹੁਸੈਨ ਦਾ ਹਿੰਦੀ ਵਿੱਚ ਅਨੁਵਾਦ ਕੀਤਾ ਨਾਟਕ ‘ਜੁੱਤੇ ਕਾ ਅਵਿਸ਼ਕਾਰ’ ਸਾਜਨ ਕਹਿਨੂਰ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ। ਇਹ ਨਾਟਕ ਉਸ ਸਮੇਂ ਦਾ ਜਦੋਂ ਜੁੱਤੀਆਂ ਦਾ ਅਵਿਸ਼ਕਾਰ ਨਹੀਂ ਹੋਇਆ ਸੀ।ਉਸ ਸਮੇਂ ਦੇ ਲੋਕਾਂ ਦੇ ਪੈਰਾਂ ਵਿੱਚ ਜੁੱਤੀਆਂ ਨਾ ਹੋਣ ਕਾਰਨ ਮਿੱਟੀ, ਚਿੱਕੜ ਅਤੇ ਧੁੱਪ ਨਾਲ ਪੈਰ ਖ਼ਰਾਬ ਹੋ ਜਾਂਦੇ ਸਨ।ਇਸ ਸਮਸਿਆ ਤੋਂ ਰਾਜਾ ਪਰੇਸ਼ਾਨ ਸੀ।ਰਾਜਾ ਆਪਣੇ ਸੇਨਾਪਤੀ ਅਤੇ ਪ੍ਰਧਾਨ ਮੰਤਰੀ ਨੂੰ ਆਦੇਸ਼ ਦਿੰਦਾ ਹੈ ਕਿ ਜਿਹੜਾ ਵਿਅਕਤੀ ਇਸ ਸਮਸਿਆਂ ਦਾ ਹੱਲ ਕਰੇਗਾ ਉਸ ਨੂੰ ਉਚਿਤ ਇਨਾਮ ਦਿੱੱੱੱੱਤਾ ਜਾਵੇਗਾ।ਪਰ ਰਾਜਾ ਦੇ ਸੈਨਾਪਤੀ ਅਤੇ ਪ੍ਰਧਾਨ ਮੰਤਰੀ ਇਸ ਸਮਸਿਆ ਦਾ ਹੱਲ ਨਹੀਂ ਲੱਭ ਸਕੇ।ਸਮਾਂ ਗੁਜ਼ਰਦਾ ਗਿਆ ਬਾਅਦ ਵਿੱਚ ਗਰੀਬ ਵਿਅਕਤੀ ਰਾਜਾ ਦੇ ਦੇਸ਼ ਆਉਂਦਾ ਹੈ ਤੇ ਰਾਜਾ ਨੂੰ ਮਿਲਣ ਦੀ ਗੁਹਾਰ ਲਗਾਉਂਦਾ ਹੈ।ਦਰਬਾਰੀ ਉਸ ਨੂੰ ਅੰਦਰ ਆਉਣ ਤੋਂ ਮਨ੍ਹਾਂ ਕਰਦਾ ਫਿਰ ਵੀ ਉਹ ਗਰੀਬ ਵਿਅਕਤੀ ਕਿਸੇ ਵੀ ਤਰ੍ਹਾਂ ਰਾਜਾ ਦੇ ਦਰਬਾਰ ਪਹੁੰਚ ਹੀ ਜਾਂਦਾ ਹੈ ਤੇ ਆਪਣੇ ਵਲੋਂ ਤਿਆਰ ਕੀਤੀਆਂ ਜੁੱਤੀਆਂ ਰਾਜਾ ਨੂੰ ਪਹਿਨਾਉਂਦਾ ਹੈ ਇਸ ਨੂੰ ਵੇਖ ਕੇ ਰਾਜਾ ਬਹੁਤ ਖੁਸ਼ ਹੋ ਜਾਂਦਾ ਹੈ।ਰਾਜਾ ਉਸ ਗਰੀਬ ਵਿਅਕਤੀ ਨੂੰ ਮਾਣ ਸਨਮਾਨ ਦਿੰਦਾ ਹੈ ਤੇ ਆਪਣੇ ਦੇਸ਼ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਬਚਾਉਂਦਾ ਹੈ।
ਦੂਜਾ ਨਾਟਕ ਅਲਖਨੰਦਨ ਦਾ ਲਿਖਿਆ ਅਤੇ ਵਿਸ਼ੂ ਸ਼ਰਮਾ ਦਾ ਨਿਰਦੇਸ਼ਤ ਕੀਤਾ ਨਾਟਕ ‘ਨੰਗਾ ਰਾਜਾ’ ਪੇਸ਼ ਕੀਤਾ ਗਿਆ।ਨਾਟਕ ਵਿਅੱਰਥ ਅਤੇ ਮੂਰਖ ਰਾਜੇ ਦੀ ਗਾਥਾ ਹੈ, ਜੋ ਆਪਣੇ ਕੱਪੜੇ ਪਹਿਨਣ ਅਤੇ ਦਿਖਾਉਣ ਤੋਂ ਇਲਾਵਾ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ।ਉਸ ਨੂੰ ਨਹੀਂ ਪਤਾ ਕਿ ਉਸ ਦੇ ਰਾਜ ਵਿੱਚ ਕੀ ਹੋ ਰਿਹਾ ਹੈ।ਇਸ ਦੌਰਾਨ, ਤਿੰਨ ਡਕੈਤ ਇਹ ਜਾਣਨ ਤੋਂ ਬਾਅਦ ਰਾਜਾ ਨੂੰ ਮਿਲਦੇ ਹਨ ਕਿ ਉਸ ਨੂੰ ਆਪਣਾ ਨਵਾਂ ਪਹਿਰਾਵਾ ਤਿਆਰ ਕਰਨ ਲਈ ਅੰਤਰਰਾਸ਼ਟਰੀ ਦਰਜ਼ੀ ਦੀ ਜ਼ਰੂਰਤ ਹੈ।ਉਹ ਆਪਣੇ ਆਪ ਨੂੰ ਰਾਜੇ ਦੇ ਸਾਹਮਣੇ ਅੰਤਰਰਾਸ਼ਟਰੀ ਦਰਜ਼ੀ ਵਜੋਂ ਪੇਸ਼ ਕਰਦੇ ਹਨ।ਉਹ ਉਸ ਨਾਲ ਵਾਅਦਾ ਕਰਦੇ ਹਨ ਕਿ ਉਹ ਜਾਦੂਈ ਸੂਟ ਤਿਆਰ ਕਰਨਗੇ ਜੋ ਰੰਗਾਂ ਨਾਲ ਭਰਪੂਰ, ਆਕਰਸ਼ਕ ਅਤੇ ਅਦਿੱਖ ਹੋਵੇਗਾ।ਇਹ ਮੂਰਖ ਲੋਕਾਂ ਨੂੰ ਦਿਖਾਈ ਨਹੀਂ ਦੇਵੇਗਾ।ਇਹ ਸੁਣ ਕੇ ਰਾਜਾ ਉਨ੍ਹਾਂ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਪਹਿਰਾਵਾ ਤਿਆਰ ਕਰਨ ਦੀ ਇਜਾਜ਼ਤ ਦਿੰਦਾ ਹੈ।ਅੰਤ ‘ਚ, ਉਹ ਰਾਜੇ ਨੂੰ ਦੱਸਦੇ ਨੇ ਕਿ ਜਾਦੂ ਦਾ ਸੂਟ ਬਣ ਕੇ ਤਿਆਰ ਹੋ ਗਿਆ ਹੈ ਅਤੇ ਉਹ ਰਾਜੇ ਨੂੰ ਸੂਟ ਪਵਾਉਣ ਦਾ ਸਿਰਫ਼ ਨਾਟਕ ਕਰਦੇ ਹਨ।ਇਸ ਨਵੇਂ ਕੱਪੜੇ ਪਾ ਕੇ ਉਹ ਦੂਜੇ ਰਾਜੇ ਨੂੰ ਮਿਲਣ ਲਈ ਜਾਂਦਾ ਹੈ, ਜੋ ਉਸ ਨੂੰ ਮਿਲਣ ਆਇਆ ਹੈ।ਉਸ ਨੂੰ ਨੰਗਾ ਦੇਖ ਕੇ ਦੂਜੇ ਰਾਜੇ ਪੁੱਛਦੇ ਹਨ ਕਿ ਉਸ ਨੇ ਕੋਈ ਕੱਪੜੇ ਕਿਉਂ ਨਹੀਂ ਪਹਿਨੇ ਹੋਏ।ਪਹਿਲਾ ਰਾਜਾ ਜਵਾਬ ਦਿੰਦਾ ਹੈ ਕਿ ਇਹ ਜਾਦੂਈ ਸੂਟ ਹੈ, ਸਿਰਫ ਬੁੱਧੀਮਾਨ ਲੋਕ ਹੀ ਇਸ ਨੂੰ ਦੇਖ ਸਕਦੇ ਹਨ।ਇਹ ਨੂੰ ਮੂਰਖ਼ ਲੋਕ ਨਹੀਂ ਦੇਖ ਸਕਦੇ।ਨਾਟਕ ਦੇ ਅੰਤ ਵਿੱਚ ਰਾਜੇ ਨੂੰ ਪਤਾ ਲੱਗਦਾ ਹੈ ਕਿ ਤਿੰਨ ਡਕੈਤਾਂ ਨੇ ਉਸ ਨੂੰ ਮੂਰਖ ਬਣਾਇਆ ਅਤੇ ਜਾਦੂਈ ਸੂਟ ਦੇ ਨਾਮ ’ਤੇ ਬਹੁਤ ਸਾਰਾ ਪੈਸਾ ਲੈ ਲਿਆ।ਨਾਟਕ ਨੇ ਮਲਟੀਨੈਸ਼ਨਲ ਦੇ ਪਸਾਰ ਬਾਰੇ ਵਿਅੰਗਮਈ ਸ਼ੈਲੀ ਵਿੱਚ ਗੱਲ ਕੀਤੀ ਗਈ ਕਿ ਕਿਸ ਤਰ੍ਹਾਂ ਬਾਹਰਲੇ ਮੁਲਕਾਂ ਦੇ ਲੋਕ ਸਾਡੇ ਦੇਸ਼ ਵਿੱਚ ਆ ਕੇ ਸਭ ਕੁੱਝ ਲੁੱਟ ਲੈਂਦੇ ਹਨ ਅਤੇ ਦੇਸ਼ ਦੀ ਵਾਗਡੋਰ ਵੀ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੰਦੇ ਹਨ।
ਸਮਾਗਮ ਦੇ ਅੰਤ ਵਿੱਚ ਜਗਦੀਪ ਸਿੰਘ ਜੱਗੀ ਦੀ ਟੀਮ ਵੱਲੋਂ ਭੰਗੜੇ ਦੀ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ। ਨਾਟਕ ਦਾ ਗੀਤ-ਸੰਗੀਤ ਕੁਸ਼ਾਗਰ ਕਾਲੀਆ ਵਲੋਂ ਦਿੱਤਾ ਗਿਆ।ਇਸ ਸਮਾਗਮ ਵਿੱਚ ਪਹੁੰਚੇ ਨਾਟ ਤੇ ਕਲਾ ਪ੍ਰੇਮੀਆਂ ਅਤੇ ਦਰਸ਼ਕਾਂ ਨੇ ਬੱਚਿਆਂ ਦੀ ਜਬਰਦਸਤ ਪੇਸ਼ਕਾਰੀ ਦੀ ਤਾਰੀਫ਼ ਕੀਤੀ।ਇਸ ਬਾਲ ਰੰਗਮੰਚ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਬੱਚੇ ਅਜੀਜ ਬੱਸੀ, ਕਿਆਰਾ ਸੈਣੀ, ਸਮਰਿਧ ਸਿੰਘ ਸੈਣੀ, ਦਕਸ਼ਬੀਰ ਸਿੰਘ, ਅਵਿਸ਼ਜੋਤ ਸਿੰਘ, ਸਨਮੀਨ ਸਿੰਘ, ਕਰਾਮਤ ਮੈਲਵਾਨੀ, ਜਸ਼ਨਜੋਤ ਸਿੰਘ ਅਤੇ ਆਲਮ ਸਿੰਘ ਨੇ ਦਮਦਾਰ ਪੇਸ਼ਕਾਰੀ ਦਿੱਤੀ।
ਅੰਤ ਵਿੱਚ ਬੱਚਿਆਂ ਨੂੰ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਅਧਿਆਪਕ ਪਾਰਥੋ ਬੈਨਰਜੀ ਅਤੇ ਪ੍ਰੀਤਪਾਲ ਰੁਪਾਣਾ ਨੇ ਮੋਮੈਂਟੋ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …