Sunday, June 30, 2024

ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਹੇਠ ਆਯੋਜਿਤ ਲੋਕ ਸੁਵਿਧਾ ਕੈਂਪਾਂ ਨੂੰ ਮਿਲਿਆ ਭਰਵਾਂ ਹੁੰਗਾਰਾ

ਸੰਗਰੂਰ, 27 ਜੂਨ (ਜਗਸੀਰ ਲੌਂਗੋਵਾਲ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਬੇ ਦੇ ਸ਼ਹਿਰਾਂ ਅਤੇ ਦਿਹਾਤੀ ਖੇਤਰਾਂ ਵਿੱਚ ਵੱਸਦੇ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਹੀ ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਸਬੰਧਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮਿਥੇ ਟੀਚੇ ਤਹਿਤ ਅੱਜ ਧੂਰੀ ਦੇ ਪਿੰਡ ਲੱਡਾ, ਸੁਨਾਮ ਦੀ ਸ਼ਹੀਦ ਊਧਮ ਸਿੰਘ ਧਰਮਸ਼ਾਲਾ, ਲਹਿਰਾ ਦੇ ਪਿੰਡ ਕੋਟੜਾ ਲਹਿਲ ਅਤੇ ਦਿੜ੍ਹਬਾ ਦੇ ਪਿੰਡ ਖੇਤਲਾ ਵਿਖੇ ਲੋਕ ਸੁਵਿਧਾ ਕੈਂਪਾਂ ਦਾ ਵੱਡੀ ਗਿਣਤੀ ‘ਚ ਲੋੜਵੰਦਾਂ ਨੇ ਲਾਭ ਉਠਾਇਆ।ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਨਿਗਰਾਨੀ ਹੇਠ ਹਰ ਬੁੱਧਵਾਰ ਨੂੰ ਜਿਲ੍ਹੇ ਦੀਆਂ ਸਮੂਹ ਸਬ ਡਵੀਜ਼ਨਾਂ ਵਿੱਚ ਅਜਿਹੇ 2-2 ਲੋਕ ਸੁਵਿਧਾ ਕੈਂਪ ਆਯੋਜਿਤ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਵਿੱਚ ਨਾ ਜਾਣਾ ਪਵੇ ਅਤੇ ਨਾਗਰਿਕਾਂ ਦੇ ਕੀਮਤੀ ਸਮੇਂ ਅਤੇ ਧਨ ਦੀ ਬੱਚਤ ਹੋ ਸਕੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਹਫ਼ਤੇ ਸਬ ਡਵੀਜ਼ਨਾਂ ਅੰਦਰ 14 ਲੋਕ ਸੁਵਿਧਾ ਕੈਂਪ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਮਾਲ ਵਿਭਾਗ, ਸੇਵਾ ਕੇਂਦਰਾਂ, ਸਿਹਤ ਵਿਭਾਗ, ਕਿਰਤ ਵਿਭਾਗ, ਪਾਵਰਕਾਮ, ਜਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ, ਪੈਨਸ਼ਨਾਂ ਆਦਿ ਸਮੇਤ ਹੋਰ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਮੌਕੇ ‘ਤੇ ਹੀ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ।
ਸੁਨਾਮ ਦੀ ਸ਼ਹੀਦ ਊਧਮ ਸਿੰਘ ਧਰਮਸ਼ਾਲਾ ਵਿਖੇ ਉਪ ਮੰਡਲ ਮੈਜਿਸਟਰੇਟ ਪ੍ਰਮੋਦ ਸਿੰਗਲਾ ਨੇ ਕੈਂਪ ਦਾ ਜਾਇਜ਼ਾ ਲੈਂਦਿਆਂ ਉਥੇ ਸੇਵਾਵਾਂ ਪ੍ਰਦਾਨ ਕਰ ਰਹੇ ਸਟਾਫ਼ ਅਤੇ ਸੇਵਾਵਾਂ ਹਾਸਲ ਕਰਨ ਪੁੱਜੇ ਨਾਗਰਿਕਾਂ ਨਾਲ ਗੱਲਬਾਤ ਕੀਤੀ।ਐਸ.ਡੀ.ਐਮ ਨੇ ਲੋਕਾਂ ਨੂੰ ਦੱਸਿਆ ਕਿ ਸਰਕਾਰੀ ਵਿਭਾਗਾਂ ਨਾਲ ਸਬੰਧਤ ਸਰਵੋਤਮ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਇਹ ਮਹੱਤਵਪਰਨ ਉਪਰਾਲਾ ਹੈ।ਜਿਸ ਨਾਲ ਲੋਕਾਂ ਨੂੰ ਇਕੋ ਥਾਂ ਤੇ ਇਹ ਸੁਵਿਧਾਵਾਂ ਹਾਸਲ ਹੋ ਰਹੀਆਂ ਹਨ।ਧੂਰੀ ਦੇ ਪਿੰਡ ਲੱਡਾ ਵਿਖੇ ਉਪ ਮੰਡਲ ਮੈਜਿਸਟਰੇਟ ਅਮਿਤ ਗੁਪਤਾ ਦੀ ਅਗਵਾਈ ਹੇਠ ਤਹਿਸੀਲਦਾਰ ਦਿਵਿਆ ਸਿੰਗਲਾ ਨੇ ਕੈਂਪ ਦੌਰਾਨ ਸਮੁੱਚੇ ਕਾਰਜ਼ਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।ਇਸ ਕੈਂਪ ਵਿੱਚ ਲੱਡਾ ਦੇ ਨਾਲ ਨਾਲ ਕੱਕੜਵਾਲ, ਪੇਧਨੀ, ਪੁੰਨਾਵਾਲ ਅਤੇ ਕਾਂਝਲਾ ਪਿੰਡਾਂ ਦੇ ਨਿਵਾਸੀਆਂ ਨੇ ਲਾਭ ਉਠਾਇਆ।ਉਪ ਮੰਡਲ ਮੈਜਿਸਟਰੇਟ ਲਹਿਰਾ ਸੂਬਾ ਸਿੰਘ ਦੀ ਅਗਵਾਈ ਹੇਠ ਪਿੰਡ ਕੋਟੜਾ ਲਹਿਲ ਵਿਖੇ ਆਯੋਜਿਤ ਲੋਕ ਸੁਵਿਧਾ ਕੈਂਪ ਵਿੱਚ ਕੋਟੜਾ ਲਹਿਲ ਦੇ ਨਾਲ ਨਾਲ ਗੋਬਿੰਦਪੁਰਾ ਜਵਾਹਰਵਾਲਾ ਤੇ ਰਾਮਪੁਰਾ ਜਵਾਹਰਵਾਲਾ ਦੇ ਲੋਕਾਂ ਨੇ ਲਾਭ ਉਠਾਇਆ।ਇਸੇ ਤਰ੍ਹਾਂ ਦਿੜ੍ਹਬਾ ਦੇ ਪਿੰਡ ਖੇਤਲਾ ਵਿਖੇ ਉਪ ਮੰਡਲ ਮੈਜਿਸਟਰੇਟ ਰਾਜੇਸ਼ ਸ਼ਰਮਾ ਨੇ ਖੁਦ ਕੈਂਪ ਦਾ ਨਿਰੀਖਣ ਕੀਤਾ ਅਤੇ ਤਾਇਨਾਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

Check Also

ਲਾਇਨਜ਼ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਤੇ ਜਨਰਲ ਬਾਡੀ ਮੀਟਿੰਗ

ਸੰਗਰੂਰ, 29 ਜੂਨ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗਰੇਟਰ ਦਾ ਸਲਾਨਾ ਸਮਾਰੋਹ-ਕਮ-10ਵੀਂ ਜਨਰਲ ਬਾਡੀ …