ਅੰਮ੍ਰਿਤਸਰ, 1 ਜੁਲਾਈ (ਜਗਦੀਪ ਸਿੰਘ) – ਇੰਡੀਅਨ ਅਕੈਡਮੀ ਆਫ਼ ਫਾਈਨ ਆਰਟ ਵਿਖੇ ਨੋਰਥ ਜੋਨ ਕਲਚਰਲ ਸੈਂਟਰ, ਪਟਿਆਲਾ ਦੇ ਸਹਿਯੋਗ ਨਾਲ ਇਕ ਮਹੀਨੇ (1 ਤੋਂ 30 ਜੂਨ ਤੱਕ) ਤੱਕ ਕਰਵਾਏ ਗਏ ‘11ਵੇਂ ਸਮਰ ਆਰਟ ਕੈਂਪ ਫੈਸਟੀਵਲ-2024’ ਮੌਕੇ ਵੱਖ-ਵੱਖ ਗਤੀਵਿਧੀਆਂ ’ਚ ਹਿੱਸਾ ਲੈਣ ਵਾਲੇ ਸਿਖਿਆਰਥੀਆਂ ਨੂੰ ਸਨਮਾਨਿਤ ਕਰਨ ਸਬੰਧੀ ‘ਐਵਾਰਡ ਦਾ ਰੀਵਾਰਡ’ ਪ੍ਰੋਗਰਾਮ ਕਰਵਾਇਆ ਗਿਆ।ਮੁੱਖ ਮਹਿਮਾਨ ਵਜੋਂ ਪੁੱਜੇ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ ਨੇ ਹੁਨਰ ਨੂੰ ਨਿਖਾਰਣ ਲਈ ਭਾਗ ਲੈਣ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਸਰਟੀਫ਼ਿਕੇਟ ਅਤੇ ਮਾਹਿਰ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
ਆਰਟ ਗੈਲਰੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਦੱਸਿਆ ਕਿ 1 ਤੋਂ 30 ਜੂਨ ਤੱਕ ਚੱਲੇ ਇਸ ਸਮਰ ਆਰਟ ਕੈਂਪ ਦੌਰਾਨ ਲਗਭਗ 120 ਬੱਚਿਆਂ ਨੇ ਹਿੱਸਾ ਲਿਆ ਬੱਚਿਆਂ ਦੀਆਂ ਪੇਂਟਿੰਗ, ਡਰਾਇੰਗ, ਸਕੈਚ, ਡਾਂਸ, ਗੀਤਕਾਰੀ, ਕੈਲੀਗ੍ਰਾਫੀ, ਬੁੱਤਤਰਾਸ਼, ਡਰਾਮਾ ਆਦਿ ਕਲਾਸਾਂ ਲਗਾਈਆਂ ਗਈਆਂ ਅਤੇ ਕੈਂਪ ਦੌਰਾਨ ਹਰੇਕ ਸ਼ਨੀਵਾਰ ਅਤੇ ਐਤਵਾਰ ਨੂੰ ਬੱਚਿਆਂ ਵੱਲੋਂ ਆਪਣੇ-ਆਪਣੇ ਹੁਨਰ ਦਾ ਪ੍ਰਦਰਸ਼ਨ ਵੀ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਉਕਤ ਦਿਨਾਂ ’ਚ ਕੁਲਵੰਤ ਸਿੰਘ ਗਿੱਲ ਦੁਆਰਾ ਪੋਰਟਰੇਟ ਮੇਕਿੰਗ, ਧਰਮਿੰਦਰ ਸ਼ਰਮਾ ਤੇ ਅਤੁਲ ਮੱਟੂ ਨੇ ਰੰਗੋਲੀ, ਸੰਜੇ ਕੁਮਾਰ ਨੇ ਕਠਪੁਤਲੀ ਮੇਕਿੰਗ ਅਤੇ ਗੁਰਮੁੱਖ ਸਿੰਘ ਵੱਲੋਂ ਡਿਜ਼ੀਟਲ ਆਰਟ ਸਬੰਧੀ ਬੱਚਿਆਂ ਨੂੰ ਸਿਖਲਾਈ ਦਿੱਤੀ ਗਈ।ਅਖ਼ੀਰਲੇ ਦਿਨ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ’ਚ ਬੱਚਿਆਂ ਨੇ ਪਬਲਿਕ ਸਪੀਚ, ਮਿਊਜ਼ਿਕ ਡੇਅ, ਡਾਂਸ ਅਤੇ ਸਿੰਗਿੰਗ ਰਾਹੀਂ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ।
ਸੁਰਿੰਦਰ ਸਿੰਘ ਨੇ ਕਿਹਾ ਕਿ ਆਰਟ ਗੈਲਰੀ ਵੱਲੋਂ ਬੱਚਿਆਂ ਦੀ ਪ੍ਰਤਿਭਾ ’ਚ ਨਿਖਾਰ ਲਿਆਉਣ ਅਤੇ ਗਰਮੀਆਂ ਦੀਆਂ ਛੁੱਟੀਆਂ ਦਾ ਸਹੀ ਇਸਤੇਮਾਲ ਕਰਨ ਦੇ ਮੰਤਵ ਤਹਿਤ ਮਿਥਿਆ ਗਿਆ ਕਾਰਜ਼ ਬਹੁਤ ਹੀ ਸ਼ਲਾਘਾਯੋਗ ਹੈ।ਆਰਟ ਗੈਲਰੀ ਦੇ ਆਨਰੇਰੀ ਸਕੱਤਰ ਡਾ. ਪੀ.ਐਸ ਗਰੋਵਰ ਵੱਲੋਂ ਮੰਚ ਸੰਚਾਲਨ ਕੀਤਾ ਗਿਆ।
ਇਸ ਦੌਰਾਨ ਰਾਜਬੀਰ ਸਿੰਘ, ਅਜ਼ਮੇਰ ਸਿੰਘ ਹੇਰ, ਵਿਜ਼ੁਅਲ ਆਰਟ ਸਕੱਤਰ ਸੁਖਪਾਲ ਸਿੰਘ, ਕਨਵੀਨਰ ਨਰਿੰਦਰ ਸਿੰਘ, ਸੀਨੀਅਰ ਵਾਈਸ ਚੇਅਰਮੈਨ ਨਰਿੰਦਰਜੀਤ ਸਿੰਘ ਅਰਕੀਟੈਕਟ, ਕੈਲੀਗ੍ਰਾਫਰ ਸੰਜੇ ਕੁਮਾਰ, ਨਰਿੰਦਰ ਨਾਥ ਕਪੂਰ, ਅਰਵਿੰਦਰ ਸਿੰਘ ਭੱਟੀ ਆਦਿ ਸਖ਼ਸ਼ੀਅਤਾਂ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …