ਅੰਮ੍ਰਿਤਸਰ, 13 ਜੁਲਾਈ (ਸੁਖਬੀਰ ਸਿੰਘ) – ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਦਿਲ ਦੇ ਰੋਗਾਂ ਦੇ ਵਿਭਾਗ ਨੇ ਇਕ 13 ਸਾਲਾਂ ਬੱਚੀ ਦੇ ਦਿਲ ਦੀ ਅਤਿ
ਦੁਰਲਭ ਮੰਨੀ ਜਾਂਦੀ ਘਾਤਕ ਬਿਮਾਰੀ ਦੀ ਸਫਲ ਸਰਜਰੀ ਕਰਕੇ ਨਾ ਸਿਰਫ਼ ਪੰਜਾਬ ਜਾਂ ਭਾਰਤ ਬਲਕਿ ਪੂਰੇ ਵਿਸ਼ਵ `ਚ ਅੰਮ੍ਰਿਤਸਰ ਦਾ ਨਾਂ ਰੋਸ਼ਨ ਕੀਤਾ ਹੈ।ਇਹ ਇਤਿਹਾਸ ਰਚਣ ਵਾਲੇ ਕਾਰਡੀਓਲੋਜਿਸਟ ਡਾ: ਪਰਮਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਮਰਜੀਤ ਕੌਰ (13 ਸਾਲ) ਪੁੱਤਰੀ ਹਰਪਿੰਦਰ ਸਿੰਘ ਵਾਸੀ ਪਿੰਡ ਬੁੱਢਾ ਖੂਹ (ਅੰਮ੍ਰਿਤਸਰ) ਨੂੰ ਜਦੋਂ ਉਸ ਦੇ ਮਾਪੇ ਇਲਾਜ਼ ਲਈ ਹਸਪਤਾਲ ਲੈ ਕੇ ਆਏ ਤਾਂ ਇਕੋ-ਕਾਰਡੀਓਗ੍ਰਾਫ਼ੀ ਕਰਨ `ਤੇ ਪਤਾ ਲੱਗਾ ਕਿ ਉਸ ਦੇ ਦਿਲ `ਚ ਛੇਕ ਹੈ।ਕਾਰਡੀਅਕ ਸੀ.ਟੀ ਸਕੈਨ ਕਰਨ `ਤੇ ਇਸ ਦੀ ਪੁਸ਼ਟੀ ਹੋ ਗਈ ਕਿ ਉਕਤ ਬੱਚੀ ਜਮਾਂਦਰੂ ਤੌਰ `ਤੇ `ਰਾਈਟ ਪਲਮਨਰੀ ਆਰਟਰੀ ਟੂ ਲੈਫ਼ਟ ਏਟਰੀਅਮ ਫ਼ਿਜ਼ੂਲਾ` ਬਿਮਾਰੀ ਤੋਂ ਪੀੜਤ ਸੀ।ਜਿਸ ਦੇ ਚੱਲਦਿਆਂ ਉਸ ਦੀ ਪਲਮਨਰੀ ਆਰਟੀ `ਚੋਂ ਇਕ ਨਾੜੀ ਨਿਕਲ ਕੇ ਦਿਲ ਦੇ ਖੱਬੇ ਪਾਸੇ ਚਲੀ ਗਈ ਸੀ, ਜਿਸ ਨਾਲ ਉਸ ਦੇ ਦਿਲ `ਚ ਗੰਦਾ ਖੂਨ ਆਕਸੀਜਨ ਯੁਕਤ ਚੰਗੇ ਖੂਨ `ਚ ਮਿਕਸ ਹੋ ਰਿਹਾ ਸੀ।ਸਰੀਰ ਦੇ ਅੰਗਾਂ `ਚ ਆਕਸੀਜਨ ਦੀ ਸਪਲਾਈ ਨਾ ਹੋਣ ਕਰਕੇ ਜਿਥੇ ਸਰੀਰਕ ਪਖੋਂ ਉਸ `ਚ ਵਾਧਾ ਨਹੀਂ ਹੋ ਰਿਹਾ ਸੀ, ਉਥੇ ਹੀ ਉਸ ਦੇ ਪੂਰੇ ਸਰੀਰ ਦਾ ਰੰਗ ਵੀ ਨੀਲਾ ਪੈ ਚੁੱਕਿਆ ਸੀ।ਉਨ੍ਹਾਂ ਕਿਹਾ ਕਿ ਅਜਿਹੇ ਮਰੀਜ਼ਾਂ ਦੀ ਜ਼ਿੰਦਗੀ ਦੇ ਚੌਥੇ ਦਹਾਕੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ।ਡਾ: ਪਰਮਿੰਦਰ ਸਿੰਘ ਨੇ ਦੱਸਿਆ ਕਿ ਸੰਨ 1950 `ਚ ਐਲਐਨ ਫ਼ਰਿਡਰਿਚ ਨਾਂ ਦੇ ਅਮਰੀਕੀ ਵਿਗਿਆਨੀ ਨੇ ਇਸ ਬਿਮਾਰੀ ਬਾਰੇ ਜਾਣਕਾਰੀ ਜਨਤਕ ਕੀਤੀ ਸੀ ਅਤੇ ਉਸ ਤੋਂ ਬਾਅਦ ਹੁਣ ਤੱਕ ਇਸ ਘਾਤਕ ਬਿਮਾਰੀ ਦੇ ਪੂਰੇ ਵਿਸ਼ਵ `ਚ 100 ਤੋਂ ਵੀ ਘੱਟ ਕੇਸ ਰਜਿਸਟਰਡ ਹੋਏ ਹਨ।
ਡਾ: ਪਰਮਿੰਦਰ ਸਿੰਘ ਨੇ ਕਿਹਾ ਕਿ ਇਸ ਬਿਮਾਰੀ ਦੇ ਇਲਾਜ਼ ਲਈ ਮੇਜਰ ਬਾਈਪਾਸ ਸਰਜਰੀ ਦੀ ਜ਼ਰੂਰਤ ਹੁੰਦੀ ਹੈ, ਪਰ ਉਨ੍ਹਾਂ ਆਪਣੀ ਸਹਿਯੋਗੀ ਡਾਕਟਰਾਂ ਦੀ ਟੀਮ ਡਾ: ਪੰਕਜ ਸਾਰੰਗਲ, ਡਾ: ਨਿਸ਼ਾਨ ਸਿੰਘ, ਡਾ: ਸੋਮੀਆ, ਡਾ: ਤੇਜਬੀਰ ਸਿੰਘ, ਗੌਰਵ ਹੰਸ, ਗੁਰਦੀਪ ਸਿੰਘ, ਸੰਦੀਪ ਕੌਰ, ਵੀਨਾ ਦੇਵੀ, ਪਰਵੀਨ ਕੌਰ, ਹਰਦੀਪ ਕੌਰ ਅਤੇ ਨਵਨੀਤ ਕੌਰ ਦੇ ਸਹਿਯੋਗ ਨਾਲ ਨਵੀਂ ਤਕਨੀਕ ਦੇ ਚੱਲਦਿਆਂ ਬਿਨਾ ਚੀਰਫਾੜ ਕੀਤੇ ਜਾਂ ਕੋਈ ਟਾਂਕਾ ਲਗਾਏ ਕੈਥੇਟਰ ਰਾਹੀਂ ਐਨਜੀਓਗ੍ਰਾਫ਼ੀ ਕਰਕੇ ਪੀ.ਡੀ.ਏ ਡਿਵਾਈਸ ਲਗਾ ਕੇ ਦਿਲ ਦਾ ਛੇਕ ਬੰਦ ਕਰ ਦਿੱਤਾ।ਉਨ੍ਹਾਂ ਦੱਸਿਆ ਕਿ ਸਰਜਰੀ ਦੇ ਦੌਰਾਨ ਹੀ ਸਿਮਰਜੀਤ ਕੌਰ ਦਾ ਆਕਸੀਜਨ ਲੈਵਲ 70 ਫ਼ੀਸਦੀ ਤੋਂ ਵਧ ਕੇ 100 ਫ਼ੀਸਦੀ ਤੱਕ ਪਹੁੰਚ ਗਿਆ ਅਤੇ ਉਸ ਦਾ ਰੰਗ ਵੀ ਨੀਲੇ ਤੋਂ ਗੁਲਾਬੀ ਰੰਗ `ਚ ਤਬਦੀਲ ਹੋ ਗਿਆ।ਉਨ੍ਹਾਂ ਇਹ ਵੀ ਦੱਸਿਆ ਕਿ ਆਯੂਸ਼ਮਾਨ ਕਾਰਡ ਦੀ ਬਦੌਲਤ ਉਕਤ ਬੱਚੀ ਦੇ ਵਾਰਸਾਂ ਦਾ ਇਲਾਜ਼ `ਤੇ ਕੋਈ ਵੀ ਖ਼ਰਚ ਨਹੀਂ ਆਇਆ ਹੈ ਅਤੇ 14 ਜੁਲਾਈ ਨੂੰ ਉਸ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media