ਅੰਮ੍ਰਿਤਸਰ 26 ਜੁਲਾਈ (ਸੁਖਬੀਰ ਸਿੰਘ) – ਜਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਵਧੀਆ ਅਤੇ ਜਿੰਮੇਵਾਰੀ ਨਾਲ ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਨਮਾਨ ਕੀਤਾ।ਵਿਸ਼ੇਸ਼ ਸਨਮਾਨ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡੀ.ਸੀ ਥੋਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਕਰਵਾਉਣੀਆਂ ਹਰ ਵਾਰ ਇੱਕ ਨਵੀਂ ਚੁਣੌਤੀ ਹੁੰਦੀ ਹੈ।ਉਹਨਾਂ ਕਿਹਾ ਕਿ ਉਹ ਚਾਰ ਵਾਰ ਚੋਣਾਂ ਕਰਵਾ ਚੁੱਕੇ ਹਨ, ਪਰ ਫਿਰ ਵੀ ਹਰ ਵਾਰ ਨਵੀਂ ਚੁਣੌਤੀ ਮਿਲਦੀ ਹੈ ਅਤੇ ਨਵਾਂ ਸਿੱਖਣ ਨੂੰ ਮਿਲਦਾ ਹੈ।ਉਹਨਾਂ ਕਿਹਾ ਕਿ ਜਿਸ ਢੰਗ ਨਾਲ ਅੰਮ੍ਰਿਤਸਰ ਜਿਲ੍ਹੇ ਵਿੱਚ ਚੋਣਾਂ ਹੋਈਆਂ ਉਹ ਇੱਕ ਵਧੀਆ ਟੀਮ ਵਰਕ ਦੀ ਨਿਸ਼ਾਨੀ ਹੈ।
ਉਹਨਾਂ ਦੱਸਿਆ ਕਿ ਚੋਣਾਂ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਰਵਾਈਆਂ ਗਈਆਂ ਸਵੀਪ ਐਕਟੀਵਿਟੀ ਵਿੱਚ ਅੰਮ੍ਰਿਤਸਰ ਜਿਲ੍ਹਾ ਲਗਾਤਾਰ ਪਹਿਲੇ ਸਥਾਨ ‘ਤੇ ਰਿਹਾ।ਅੰਮ੍ਰਿਤਸਰ ਜਿਲ੍ਹੇ ਵਿੱਚ ਬਣਾਏ ਗਏ ਸੁਪਰ ਮਾਡਲ ਚੋਣ ਬੂਥ ਦੇਸ਼ ਭਰ ਵਿੱਚ ਚਰਚਾ ‘ਚ ਰਹੇ।ਸਾਰੇ ਬੂਥਾਂ ਦੀ ਵੈਬਕਾਸਟਿੰਗ ਕਰਵਾਉਣੀ ਵੀ ਸਾਡਾ ਵਧੀਆ ਤਜ਼ਰਬਾ ਰਿਹਾ, ਜਿਸ ਨੂੰ ਚੋਣ ਕਮਿਸ਼ਨ ਨੇ ਵੀ ਸਲਾਹਿਆ।ਉਹਨਾਂ ਦਿਨ ਰਾਤ ਮਿਹਨਤ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਾਬਾਸ਼ ਦਿੰਦੇ ਕਿਹਾ ਕਿ ਮਿਹਨਤੀ ਸੁਭਾਅ ਅਤੇ ਸਮੇਂ ਸਿਰ ਕੀਤੀ ਕਾਰਗੁਜ਼ਾਰੀ ਸਦਕਾ ਅੰਮ੍ਰਿਤਸਰ ਜਿਲ੍ਹਾ ਸੁੱਖ-ਸ਼ਾਂਤੀ ਨਾਲ ਵੋਟਾਂ ਕਰਵਾਉਣ ਵਿੱਚ ਕਾਮਯਾਬ ਰਿਹਾ।
ਉਨਾਂ ਇਸ ਲਈ ਸਾਰੀ ਚੋਣ ਮਸ਼ੀਨਰੀ ਜਿਸ ਵਿੱਚ ਸਹਾਇਕ ਰਿਟਰਨਿੰਗ ਅਧਿਕਾਰੀ, ਵੱਖ-ਵੱਖ ਸੈਲਾਂ ਦੇ ਨੋਡਲ ਅਧਿਕਾਰੀ, ਜਿਲ੍ਹਾ ਚੋਣ ਦਫਤਰ ਦੇ ਕਰਮਚਾਰੀ, ਬੀ.ਐਲ.ਓ ਅਤੇ ਬੂਥਾਂ ‘ਤੇ ਵੋਟਾਂ ਪਾਉਣ ਲਈ ਲਗਾਏ ਗਏ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀ ਵੀ ਤਾਰੀਫ ਕਰਦਿਆਂ ਕਿਹਾ ਕਿ ਲੋਕਤੰਤਰ ਦੇ ਇਸ ਤਿਉਹਾਰ ਲਈ ਕੰਮ ਕਰਨ ਦਾ ਹਰੇਕ ਨੂੰ ਸੁਭਾਗ ਪ੍ਰਾਪਤ ਨਹੀਂ ਹੁੰਦਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਐਸ.ਡੀ.ਐਮ ਅਰਵਿੰਦਰ ਪਾਲ ਸਿੰਘ, ਐਸ.ਡੀ.ਐਮ ਮਨਕੰਵਲ ਸਿੰਘ ਚਾਹਲ, ਐਸ.ਡੀ.ਐਮ ਲਾਲ ਵਿਸ਼ਵਾਸ਼, ਸਹਾਇਕ ਕਮਿਸ਼ਨਰ ਗੁਰ ਸਿਮਰਨ ਕੌਰ, ਕਾਰਪੋਰੇਸ਼ਨ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ, ਪੁੱਡਾ ਦੇ ਸੀਨੀਅਰ ਅਧਿਕਾਰੀ ਰਜ਼ਤ ਉਬਰਾਏ, ਸੈਕਟਰੀ ਆਰ.ਟੀ.ਏ ਅਰਸ਼ਦੀਪ ਸਿੰਘ ਲੁਬਾਣਾ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
Check Also
ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ
ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …