ਕਾਲਜ ਵਿਖੇ ਸਥਾਪਿਤ ਹੋਵੇਗਾ ‘ਪੰਜਾਬ ਏਅਰ ਕੇਅਰ ਸੈਂਟਰ’
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫ਼ਾਰ ਵੁਮੈਨ ਅਤੇ ਬੈਂਗਲੁਰੂ (ਕਰਨਾਟਕਾ) ਸਥਿਤ ਆਸਰ ਸੋਸ਼ਲ ਇੰਪੈਕਟ ਐਡਵਾਈਜ਼ਰਜ਼ ਪ੍ਰਾ. ਲਿਮ. ਦਰਮਿਆਨ ਅੱਜ ਸਾਫ਼ ਹਵਾ ਦੇ ਖੇਤਰਾਂ ’ਚ ਮਿਲ ਕੇ ਕੰਮ ਕਰਨ ਲਈ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਅਤੇ ਆਸਾਰ ਦੇ ਪ੍ਰੋਗਰਾਮ ਮੁਖੀ ਸਨਮਦੀਪ ਸਿੰਘ ਨੇ ਇਕ ‘ਸਮਝੌਤਾ ਪੱਤਰ’ ’ਤੇ ਦਸਤਖ਼ਤ ਕੀਤੇ।ਇਹ ਸਮਝੌਤਾ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜ਼ੂਦਗੀ ’ਚ ਕੀਤਾ ਗਿਆ।ਇਸ ਸਮਝੌਤੇ ਤਹਿਤ ਕਾਲਜ ਵਿਖੇ ਹਵਾ ਦੀ ਗੁਣਣਵਤਾ ਦੀ ਜਾਂਚ ਲਈ ‘ਪੰਜਾਬ ਏਅਰ ਕੇਅਰ ਸੈਂਟਰ’ ਸਥਾਪਿਤ ਕੀਤਾ ਜਾਵੇਗਾ।
ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਨਵੇਂ ਸਥਾਪਿਤ ਕੀਤੇ ਜਾਣ ਵਾਲੇ ਉਕਤ ਕੇਂਦਰ ਵਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਗੁਰੂ ਨਗਰੀ ਅਤੇ ਆਸ-ਪਾਸ ਦੇ ਇਲਾਕਿਆਂ ’ਚ ਹਵਾ ਦੀ ਗੁਣਵੱਤਾ ਸਬੰਧੀ ਵਿਆਪਕ ਸਰਵੇਖਣ ਕੀਤੇ ਜਾਣਗੇ।ਪਰਾਲੀ ਸਾੜਨ ਦੀ ਰੋਕਥਾਮ ਲਈ ਜਾਗਰੂਕਤਾ, ਵਿਦਿਆਰਥੀਆਂ ਦੇ ਨਵੇਂ ਹੱਬ ਬਣਾ ਕੇ ਦੂਜੇ ਸਕੂਲਾਂ ਨਾਲ ਜੋੜਨਾ, ਹਵਾ ਦੀ ਗੁਣਵੱਤਾ ਲਈ ਚੈਂਪੀਅਨ ਨਿਯੁੱਕਤ ਕਰਨਾ, ਲੈਬਾਂ ਦੀ ਸਥਾਪਨਾ ਕਰਨਾ ਅਤੇ ਸ਼ਹਿਰੀਆਂ ਨਾਲ ਗੱਲਬਾਤ ਕਰਨ ਦੀ ਅਹਿਮ ਭੂਮਿਕਾ ਇਸ ਮੁਤਾਬਕ ਬਣਾਈ ਜਾਵੇਗੀ।ਉਨ੍ਹਾਂ ਕਿਹਾ ਕਿ ਵਾਤਾਵਰਣ ’ਚ ਵਧ ਰਹੇ ਹਵਾ ਪ੍ਰਦੂਸ਼ਣ ਤੋਂ ਬਚਾਉਣ ਲਈ ਦੋਵੇਂ ਅਦਾਰੇ ਇਕਜੁੱਟਤਾ ਅਤੇ ਉਤਸ਼ਾਹ ਨਾਲ ਕੰਮ ਕਰਨਗੇ।
ਰਜਿੰਦਰ ਮੋਹਨ ਸਿੰਘ ਨੇ ਇਸ ਨੇਕ ਕਾਰਜ਼ ਸਬੰਧੀ ਮਿਲ ਕੇ ਕੰਮ ਕਰਨ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਕਤ ਸਮਝੌਤੇ ਦੇ ਮੱਦੇਨਜ਼ਰ ਸਰਵੇਖਣਾਂ ਤੋਂ ਇਲਾਵਾ ਲੈਕਚਰ ਆਯੋਜਿਤ ਕਰਨਾ, ਸ਼ਹਿਰ ਵਾਸੀਆਂ, ਸ਼ਰਧਾਲੂਆਂ ਅਤੇ ਸੈਲਾਨੀਆਂ ’ਤੇ ਹਵਾ ਪ੍ਰਦੂਸ਼ਣ ਦੇ ਸਿਹਤ ਪ੍ਰਭਾਵਾਂ ਦੇ ਮੁਲਾਂਕਣ ’ਤੇ ਵੀ ਵਿਧੀਵਤ ਕੰਮ ਕੀਤਾ ਜਾਵੇਗਾ।
ਸ: ਸਨਮਦੀਪ ਨੇ ਕਿਹਾ ਕਿ ਇਸ ਤੋਂ ਪਹਿਲਾਂ ਲੁਧਿਆਣਾ ਅਤੇ ਅੰਮ੍ਰਿਤਸਰ ਨਗਰ ਨਿਗਮ ਨਾਲ ਅਜਿਹੇ ਸਮਝੌਤੇ ਕੀਤੇ ਗਏ ਹਨ।ਇਸ ਕੇਂਦਰ ਦਾ ਮੁੱਖ ਮਕਸਦ ਅਗਲੇ ਇੱਕ ਸਾਲ ਤੱਕ ਜਾਗਰੂਕਤਾ ਪੈਦਾ ਕਰਨਾ, ਪ੍ਰਦਰਸ਼ਨੀਆਂ ਅਤੇ ਓਰੀਐਂਟੇਸ਼ਨ ਵਰਕਸ਼ਾਪਾਂ ਦਾ ਆਯੋਜਨ ਕਰਨਾ ਹੈ।