Thursday, November 21, 2024

ਪੰਜਾਬੀ ਨਾਟਕਕਾਰਾਂ ਨੂੰ ਮੌਲਿਕ ਪ੍ਰਵਚਨ ਉਸਾਰਨੇ ਚਾਹੀਦੇ ਹਨ – ਪ੍ਰੋ. ਦੇਵਿੰਦਰ ਸਿੰਘ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਕਲਾ ਅਤੇ ਗਿਆਨ ਦਾ ਸੁਮੇਲ ਪ੍ਰੋਗਰਾਮ ਸਿਰਜਣ ਪ੍ਰਕਿਰਿਆ ਦੇ 21ਵੇਂ ਭਾਗ ਦਾ ਆਯੋਜਨ ਅੱਜ ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਦੇ ਸੈਮੀਨਾਰ ਹਾਲ ਵਿਖੇ ਆਯੋਜਿਤ ਕੀਤਾ ਗਿਆ।ਜਿਸ ਵਿੱਚ ਨਾਟਕਕਾਰ ਪ੍ਰੋ. ਦੇਵਿੰਦਰ ਸਿੰਘ ਰਜਿਸਟਰਾਰ ਖ਼ਾਲਸਾ ਕਾਲਜ ਅੰਮ੍ਰਿਤਸਰ ਨੂੰ ਵਿਸ਼ੇਸ਼ ਤੌਰ ‘ਤੇ ਸੱਦਿਆ ਗਿਆ।ਇਸ ਸਮਾਗਮ ਵਿੱਚ ਰਾਜ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਤੋਂ ਵਿਦਿਆਰਥੀ, ਅਧਿਆਪਕ ਅਤੇ ਵਿਦਵਾਨ ਸ਼ਾਮਿਲ ਹੋਏ।
ਪ੍ਰੋ. ਦੇਵਿੰਦਰ ਸਿੰਘ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਬਚਪਨ ਦੀ ਯਾਦਾਂ ਤੋਂ ਕੀਤੀ, ਜਿਸ ਵਿੱਚ ਉਨ੍ਹਾਂ ਸਕੂਲੀ ਅਧਿਆਪਕ, ਵੱਖ-ਵੱਖ ਸਾਹਿਤ ਰਸਾਲੇ ਅਤੇ ਪਾਕਿਸਤਾਨੀ ਰੇਡੀਓ ਦੇ ਪੰਜਾਬੀ ਗੀਤਾਂ ਨੂੰ ਸ਼ੁਰੂਆਤੀ ਪ੍ਰੇਰਨਾ ਸ੍ਰੋਤ ਦੱਸਿਆ।ਉਨ੍ਹਾਂ ਅਨੁਸਾਰ ਸਿਰਜਣਾ ਧੀਰਜ਼ ਨਾਲ ਆਉਂਦੀ ਹੈ।ਹਰ ਘਟਨਾ ਨੂੰ ਗਹਿਣ ਢੰਗ ਨਾਲ ਦੇਖਣ, ਸਮਝਣ ਅਤੇ ਇਸ ਦਾ ਕਲਮਬੱਧ ਰੂਪਾਂਤਰਣ ਕਰਨ ਵਿੱਚ ਧੀਰਜ਼ ਦਾ ਹੀ ਅਹਿਮ ਰੋਲ ਹੈ।ੳਹ ਆਪਣੇ ਨਾਟਕਾਂ ਨੂੰ ਰੰਗਮੰਚ ‘ਤੇ ਪੇਸ਼ ਕਰਨ ਵਿੱਚ ਵਧੇਰੇ ਵਿਸ਼ਵਾਸ਼ ਰੱਖਦੇ ਹਨ ਅਤੇ ਆਪਣੀ ਸਿਰਜਣਾ ਦੀ ਸਫਲਤਾ ਹਰ ਪੱਧਰ ਦੇ ਦਰਸ਼ਕ ਤੱਕ ਨਾਟਕ ਵਿੱਚਲੇ ਮੁੱਖ ਸੰਦੇਸ਼ ਦੀ ਰਸਾਈ ਨੂੰ ਮੰਨਦੇ ਹਨ।ਉਨ੍ਹਾਂ ਦੱਸਿਆ ਕਿ ਉਹ ਆਪਣੇ ਨਾਟਕਾਂ ਵਿੱਚ ਅਜੋਕੇ ਇਤਿਹਾਸਿਕ ਘਟਨਾਵਾਂ ਦੀ ਪੇਸ਼ਕਾਰੀ ਲਈ ਭਾਰਤੀ ਮਿਥਿਹਾਸ ਦਾ ਉਪਯੋਗ ਕਰਦੇ ਹਨ, ਪਰ ਉਹ ਮਿਥਿਹਾਸਕ ਕਥਾਵਾਂ ਦੀ ਬਹੁ-ਵਿਆਖਿਆ ਦੇ ਹਾਮੀ ਹਨ।ਉਨ੍ਹਾਂ ਸਿੱਖ ਧਰਮ ਨਾਲ ਸੰਬੰਧਤ ਨਾਟਕਾਂ ਦੀ ਘਾਟ ਦਾ ਕਾਰਨ ਕਲਾਤਮਕ ਪ੍ਰਤਿਭਾ ਵਿੱਚ ਆਈ ਗਿਰਾਵਟ ਨੂੰ ਮੰਨਿਆ।ਉਨ੍ਹਾਂ ਅਨੁਸਾਰ ਪੰਜਾਬੀ ਨਾਟਕਕਾਰਾਂ ਨੂੰ ਨਵੇਂ ਮੌਲਿਕ ਪ੍ਰਵਚਨ ਉਸਾਰਨੇ ਚਾਹੀਦੇ ਹਨ।
ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਸੰਵਾਦ ਸਬੰਧੀ ਸੈਸ਼ਨ ਹੋਇਆ, ਜਿਸ ਵਿੱਚ ਨਾਟਕ ਸਿਰਜਣਾ, ਰੰਗਮੰਚ ਅਤੇ ਦਰਸ਼ਕ ਦੇ ਸੰਬੰਧ, ਕਲਪਨਾ, ਨਾਟਕ ਵਿੱਚ ਇਤਿਹਾਸ ਅਤੇ ਮਿਥ ਦੇ ਸੰਬੰਧ ਅਤੇ ਪੰਜਾਬੀ ਨਾਟ-ਸ਼ਾਸਤਰ ਦੀ ਸੰਭਾਵਿਤ ਹੋਂਦ ਸੰਬੰਧੀ ਪ੍ਰੋ. ਦੇਵਿੰਦਰ ਸਿੰਘ ਨੂੰ ਪ੍ਰਸ਼ਨ ਕੀਤੇ ਗਏ।ਇਸ ਤੋਂ ਬਾਅਦ ਯੁਵਾ ਕਵੀ ਦਰਬਾਰ ਦਾ ਆਗਾਜ਼ ਗੁਰਪ੍ਰੀਤ ਸਿੰਘ ਨੇ ਕੀਤਾ।ਕਵੀ ਦਰਬਾਰ ਉਸ ਸਮੇਂ ਆਪਣੇ ਅਰੂਜ਼ ‘ਤੇ ਚਲਾ ਗਿਆ ਜਦੋਂ ਸੁਰਿੰਦਰ ਸਿੰਘ ਨੇ ਆਪਣੀ ਗ਼ਜ਼ਲ ਅਮਾਨਤ ਖਾਸ ਹੈ ਉਸਦੀ ਨੂੰ ਤਰੁਨਮ ਵਿੱਚ ਗਾਇਆ।ਇਸ ਕਵੀ ਦਰਬਾਰ ਵਿੱਚ ਪ੍ਰੋ. ਜਸਵਿੰਦਰ ਸਿੰਘ, ਅਰਸ਼ਪ੍ਰੀਤ ਸਿੰਘ, ਸੁਮਿਤ, ਗੁਰਪ੍ਰੀਤ ਸਿੰਘ ਸ਼ਾਇਰ, ਹਰਪ੍ਰੀਤ ਨਾਰਲੀ, ਪ੍ਰੋ. ਮਸੀਹ, ਸਾਹਿਲ ਛਾਬੜਾ, ਜਸਵਿੰਦਰ ਸਿੰਘ ਅਤੇ ਮੇਜਰ ਸਿੰਘ ਬੋੜਾਵਾਲ ਨੇ ਵੀ ਆਪਣੀ ਰਚਨਾਵਾਂ ਰਾਹੀਂ ਸ੍ਰੋਤਿਆਂ ਨੂੰ ਮੰਤਰ ਮੁਗਧ ਕੀਤਾ।
ਸਮਾਪਤੀ ਡਾ. ਸੁਖਵਿੰਦਰ ਸਿੰਘ ਨੇ ਧੰਨਵਾਦੀ ਸ਼ਬਦਾਂ ਰਾਹੀਂ ਕੀਤੀ।ਮੰਚ ਦਾ ਸੰਚਾਲਨ ਲਖਵੀਰ ਸਿੰਘ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਨੇ ਕੀਤਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …