Saturday, March 29, 2025
Breaking News

ਡਾ. ਓਬਰਾਏ ਦੇ ਯਤਨਾਂ ਸਦਕਾ ਭਾਰਤ ਪੁੱਜਾ ਮਜੀਠਾ ਦੇ 22 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਬੀਤੀ ਰਾਤ ਮਜੀਠਾ ਨੇੜਲੇ ਪਿੰਡ ਸ਼ਾਮ ਨਗਰ ਦੇ 22 ਸਾਲਾ ਪਲਵਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ।
ਡਾ.ਐਸ.ਪੀ ਸਿੰਘ ਓਬਰਾਏ ਨੇ ਜਾਰੀ ਮੀਡੀਆ ਬਿਆਨ ਵਿੱਚ ਦੱਸਿਆ ਕਿ ਪਲਵਿੰਦਰ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਕੇਵਲ ਦੋ ਮਹੀਨੇ ਪਹਿਲਾਂ ਹੀ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਦੁਬਈ ਆਇਆ ਸੀ।ਜਿਸ ਦੀ ਬੀਤੀ 24 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ।ਡਾ. ਓਬਰਾਏ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਸਬੰਧੀ ਭਾਰਤੀ ਦੂਤਾਵਾਸ ਵੱਲੋਂ ਜਾਣਕਾਰੀ ਮਿਲਣ ‘ਤੇ ਉਨ੍ਹਾਂ ਆਪਣੀ ਅੰਮ੍ਰਿਤਸਰ ਟੀਮ ਨੂੰ ਪੀੜਤ ਪਰਿਵਾਰ ਕੋਲ ਭੇਜ ਕੇ ਮ੍ਰਿਤਕ ਦੇਹ ਭਾਰਤ ਲੈ ਕੇ ਆਉਣ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਜਾਣਕਾਰੀ ਲਈ।ਉਨਾਂ ਆਪਣੀ ਦੁਬਈ ਵਿੱਚਲੀ ਟੀਮ ਰਾਹੀਂ ਅਤੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਪਲਵਿੰਦਰ ਸਿੰਘ ਦਾ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ।ਮ੍ਰਿਤਕ ਸਰੀਰ ਭਾਰਤ ਭੇਜਣ ਲਈ ਆਇਆ ਖਰਚ ਪਲਵਿੰਦਰ ਦੀ ਕੰਮ ਵਾਲੀ ਕੰਪਨੀ ਵੱਲੋਂ ਕੀਤਾ ਗਿਆ ਹੈ।ਪਲਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਲੈਣ ਪਹੁੰਚੇ ਉਸ ਦੇ ਚਾਚੇ ਸਾਹਿਲ ਮੱਟੂ ਤੋਂ ਇਲਾਵਾ ਹਮਜ਼ਾ ਦੇ ਸਰਪੰਚ ਧਰਮਵੀਰ ਭੱਟੀ, ਪਲਵਿੰਦਰ ਦੀ ਮ੍ਰਿਤਕ ਦੇ ਨਾਲ ਦੁਬਈ ਤੋਂ ਆਏ ਉਸ ਦੇ ਰਿਸ਼ਤੇਦਾਰ ਸਪਿਨ, ਰਵੀਸ਼ੇਰ ਸਿੰਘ, ਹਰਪ੍ਰੀਤ ਸਿੰਘ ਅਤੇ ਨਵਦੀਪ ਸਿੰਘ ਆਦਿ ਨੇ ਦੱਸਿਆ ਕਿ ਪਲਵਿੰਦਰ ਸਿੰਘ ਆਪਣੇ ਘਰ ਦੀ ਗੁਰਬਤ ਨੂੰ ਦੂਰ ਕਰਨ ਲਈ ਦੁਬਈ ਗਿਆ ਸੀ।ਉਨਾਂ ਨੇ ਡਾ. ਐਸ.ਪੀ ਸਿੰਘ ਓਬਰਾਏ ਦਾ ਇਸ ਔਖੇ ਘੜੀ ਵੇਲੇ ਉਨ੍ਹਾਂ ਦੀ ਵੱਡੀ ਮਦਦ ਕਰਨ ਲਈ ਸ਼ੁਕਰਾਨਾ ਕੀਤਾ।ਇਸੇ ਦੌਰਾਨ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਟੈਲੀਫੋਨ ਰਾਹੀਂ ਡਾ. ਐਸ.ਪੀ ਸਿੰਘ ਓਬਰਾਏ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ ਹੈ।
ਪੀੜ੍ਹਤ ਪਰਿਵਾਰ ਨਾਲ ਹਵਾਈ ਅੱਡੇ `ਤੇ ਦੁੱਖ ਸਾਂਝਾ ਕਰਨ ਪਹੁੰਚੀ ਟਰੱਸਟ ਦੀ ਟੀਮ ਵੱਲੋਂ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜਿਲ੍ਹਾ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਜਨਰਲ ਸਕੱਤਰ ਮਨਪ੍ਰੀਤ ਸੰਧੂ ਚਮਿਆਰੀ, ਵਿੱਤ ਸਕੱਤਰ ਨਵਜੀਤ ਸਿੰਘ ਘਈ ਨੇ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 370 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।

Check Also

ਆਰਟ ਗੈਲਰੀ ਵਿਖੇ 3 ਰੋਜ਼ਾ ਪੇਟਿੰਗ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ) – ਅੱਜ ਸਥਾਨਕ ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟ ਵਿਖੇ ਪੰਜਾਬ …