Monday, February 24, 2025
Breaking News

ਅੰਮ੍ਰਿਤਸਰ ਦੀ ਅਮੀਰ ਵਿਰਾਸਤ ਨੂੰ ਨਵੀਂ ਪੀੜੀ ਤੱਕ ਪਹੁੰਚਾਉਣਾ ਜਰੂਰੀ – ਡਿਪਟੀ ਕਮਿਸ਼ਨਰ

ਸੈਲਾਨੀਆਂ ਦੀ ਸਹੂਲਤ ਲਈ ਕਿਊਆਰ ਕੋਡ ਕੀਤਾ ਲਾਂਚ

ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਸੱਭਿਆਚਾਰ ਅਤੇ ਅਮੀਰ ਵਿਰਾਸਤ ਨੂੰ ਨਵੀਂ ਪੀੜੀ ਤੱਕ ਪਹੁੰਚਾਣਾ ਬਹੁਤ ਜਰੂਰੀ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਨੂੰ ਪਤਾ ਲੱਗ ਸਕੇ ਕਿ ਸਾਡਾ ਸਭਿਆਚਾਰ ਅਤੇ ਵਿਰਾਸਤ ਕੀ ਹਨ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਅੱਜ ਵਾਇਸ ਆਫ ਅੰਮ੍ਰਿਤਸਰ ਅਤੇ ਅਗੋਸ਼ ਐਨ.ਜੀ.ਓ ਦੀ ਸਹਾਇਤਾ ਨਾਲ ਟਾਊਨ ਹਾਲ ਤੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆ ਤੱਕ ਕੱਢੀ ਗਈ ਵਿਰਾਸਤੀ ਸੈਰ ਦੀ ਅਗਵਾਈ ਕਰਦਿਆਂ ਕੀਤਾ।ਇਹ ਵਿਰਾਸਤੀ ਸੈਰ ਟਾਊਨ ਹਾਲ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਾਰਾਗੜ੍ਹੀ, ਕਿਲ੍ਹਾ ਆਹਲੂਵਾਲੀਆ, ਜਲੇਬੀ ਵਾਲਾ ਚੌਂਕ, ਉਦਾਸੀਨ ਆਸ਼ਰਮ ਅਖਾੜਾ ਸੰਗਲਾ ਵਾਲਾ, ਦਰਸ਼ਨੀ ਡਿਓਢੀ, ਚੌਰਸਤੀ ਅਟਾਰੀ, ਬਾਬਾ ਬੋਹੜ, ਕਰਾਲਿੰਗ ਸਟਰੀਟ ਅਤੇ ਪੁਰਾਣੇ ਬਜ਼ਾਰਾਂ ਚੋਂ ਹੁੰਦੀ ਹੋਈ ਟਾਊਨ ਹਾਲ ਵਿਖੇ ਸਮਾਪਤ ਹੋਈ।ਉਹਨਾਂ ਕਿਹਾ ਕਿ ਇਸ ਵਿਰਾਸਤੀ ਸੈਰ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਅਤੇ ਅੰਮ੍ਰਿਤਸਰ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਸ਼ਹਿਰ ਦੀ ਵਿਰਾਸਤ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ।ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ, ਪਰੰਤੂ ਉਹਨਾਂ ਨੂੰ ਅੰਮ੍ਰਿਤਸਰ ਦੀਆਂ ਵਿਰਾਸਤਾਂ ਬਾਰੇ ਕੋਈ ਜਿਆਦਾ ਜਾਣਕਾਰੀ ਨਹੀਂ ਹੁੰਦੀ।ਇਸ ਲਈ ਹੁਣ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸ਼ਰਧਾਲੂਆਂ ਨੂੰ ਅੰਮ੍ਰਿਤਸਰ ਵਿਰਾਸਤ ਦੀ ਜਾਣਕਾਰੀ ਮੁਹੱਈਆ ਕਰਾਉਣ ਲਈ ਇੱਕ ਕਿਊਆਰ ਕੋਡ ਲਾਂਚ ਕੀਤਾ ਗਿਆ ਹੈ, ਜੋ ਕਿ ਬਸ ਸਟੈਂਡ ਰੇਲਵੇ ਸਟੇਸ਼ਨ, ਏਅਰਪੋਰਟ, ਸ਼ਹਿਰ ਦੇ ਪ੍ਰਮੁੱਖ ਚੌਂਕਾਂ ਵਿੱਚ ਡਿਸਪਲੇ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਸ਼ਰਧਾਲੂ ਆਪਣੇ ਸਮਾਰਟ ਫੋਨ ਵਿੱਚ ਇਸ ਕਿਊਆਰ ਕੋਡ ਨੂੰ ਸਕੈਨ ਕਰਕੇ ਸ਼ਹਿਰ ਦੀਆਂ ਵੱਖ-ਵੱਖ ਵਿਰਾਸਤੀ ਥਾਵਾਂ ਦੀ ਜਾਣਕਾਰੀ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪ੍ਰਾਪਤ ਕਰ ਸਕੇ।
ਡਿਪਟੀ ਕਮਿਸ਼ਨ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਪੁਰਾਤਨ ਪਖੋਂ ਸਭ ਤੋਂ ਪੁਰਾਣਾ ਸ਼ਹਿਰ ਹੈ ਅਤੇ ਇਸ ਸ਼ਹਿਰ ਦੀਆਂ ਅਮੀਰ ਵਿਰਾਸਤਾਂ ਨੂੰ ਸਾਂਭਣਾ ਸਾਡਾ ਸਭ ਦਾ ਫਰਜ਼ ਬਣਦਾ ਹੈ।ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਵਿਰਾਸਤ ਤੋਂ ਜਾਣੂ ਕਰਵਾਈਏ।
ਇਸ ਮੌਕੇ ਐਸ.ਡੀ.ਐਮ ਮਨਕੰਵਲ ਚਾਹਲ, ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ, ਸਕੱਤਰ ਰੈਡ ਕਰਾਸ ਸੈਮਸਨ ਮਸੀਹ, ਤਹਿਸੀਲਦਾਰ ਰਾਜਿੰਦਰ ਕੌਰ, ਕਨਵੀਨਰ ਇਨਟੈਕ ਚੈਪਟਰ ਗਗਨਦੀਪ ਸਿੰਘ ਵਿਰਕ, ਗਾਇਡ ਐਂਡ ਪ੍ਰੈਜੀਡੈਂਟ ਅੰਮ੍ਰਿਤਸਰ ਫਾਉਂਡੇਸ਼ਨ ਗੁਰਿੰਦਰ ਸਿੰਘ ਜੌਹਲ, ਟੂਰਿਸਟ ਅਫ਼ਸਰ ਸੁਖਮਨਦੀਪ ਸਿੰਘ, ਮੈਡਮ ਮਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਸਕੂਲੀ ਬੱਚਿਆਂ ਤੋਂ ਇਲਾਵਾ ਆਮ ਸ਼ਹਿਰੀ ਹਾਜ਼ਰ ਸਨ।

 

Check Also

ਪ੍ਰੋ. (ਡਾ.) ਕਰਮਜੀਤ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਧੂ ਚਾਰਜ਼ ਦੇਣ ‘ਤੇ ਵਧਾਈ

ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. …