ਭੀਖੀ, 6 ਅਕਤੂਬਰ (ਕਮਲ ਜ਼ਿੰਦਲ) – ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਦੁਆਰਾ ਆਯੋਜਿਤ ਤਿੰਨ ਰੋਜ਼ਾ ਗਣਿਤ ਅਤੇ ਵਿਗਿਆਨ ਮੇਲੇ ਦੀ ਸਮਾਪਤੀ ‘ਤੇ ਇਨਾਮ ਤਕਸੀਮ ਕੀਤੇ ਗਏ।ਵਿਗਿਆਨਕ ਨਜ਼ਰੀਏ ਦਾ ਸੁਨੇਹਾ ਦਿੰਦੇ ਵਿਗਿਆਨ ਮੇਲੇ ਦੇ ਤੀਸਰੇ ਦਿਨ ਵੀ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਇਨਾਮ ਵੰਡ ਸਮਾਗਮ ‘ਚ ਮੁੱਖ ਮਹਿਮਾਨ ਸਹਾਇਕ ਡਿਪਟੀ ਕਮਿਸ਼ਨਰ ਲਤੀਫ਼ ਅਹਿਮਦ, ਵਿੱਦਿਆ ਭਾਰਤੀ ਦੇ ਉਪ ਪ੍ਰਧਾਨ ਸੁਭਾਸ਼ ਮਹਾਜਨ, ਸਰਪ੍ਰਸਤ ਜੈਦੇਵ ਬਾਤਿਸ਼, ਡਾ: ਹਰਜੀਤ ਗੁਜਰਾਲ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ।ਮੁੱਖ ਮਹਿਮਾਨ ਨੇ ਕਿਹਾ ਕਿ ਬੱਚਿਆਂ ਦੇ ਜੀਵਨ ਵਿੱਚ ਅਧਿਆਪਕ ਹੀ ਸਭ ਤੋਂ ਵੱਡੇ ਮਾਰਗਦਰਸ਼ਕ ਹਨ।ਵਿੱਦਿਆ ਭਾਰਤੀ ਦੇ ਉਪ ਪ੍ਰਧਾਨ ਸੁਭਾਸ਼ ਮਹਾਜਨ ਨੇ ਕਿਹਾ ਕਿ ਸਾਰੇ ਬੱਚਿਆਂ ਨੂੰ ਪੂਰੀ ਸੰਜ਼ੀਦਗੀ ਨਾਲ ਆਪਣੇ ਖੇਤਰ ਵਿੱਚ ਕੰਮ ਕਰਨਾ ਚਾਹੀਦਾ ਹੈ।ਨਿਰਾਸ਼ਾ ਦੀ ਭਾਵਨਾ ਨੂੰ ਕਦੇ ਵੀ ਆਪਣੇ ‘ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਅਤੇ ਸਕਾਰਾਤਮਕ ਨਜ਼ਰੀਆ ਅਪਣਾਉਂਦੇ ਹੋਏ ਅੱਗੇ ਵਧਣਾ ਚਾਹੀਦਾ ਹੈ।
ਇਸ ਦੌਰਾਨ ਗਣਿਤ ਅਤੇ ਵਿਗਿਆਨ ਵਿਸ਼ੇ ਦੇ ਕੁੱਲ 45 ਜੱਜਾਂ ਨੇ ਭੂਮਿਕਾ ਨਿਭਾਈ।ਵਿਗਿਆਨ ਮੇਲੇ ਦੇ ਆਖਰੀ ਦਿਨ ਮਾਡਲ ਪ੍ਰਦਰਸ਼ਨ, ਪ੍ਰਯੋਗ, ਪ੍ਰਸ਼ਨਮੰਚ, ਪੱਤਰ ਵਾਚਨ ਆਦਿ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਲੋਕ ਨਾਚ `ਜਿੰਦੂਆ` ਪੇਸ਼ ਕੀਤਾ ਗਿਆ।ਵਾਈਸ ਪ੍ਰਿੰਸੀਪਲ ਹਰਸ਼ ਦੇਵ ਨੇ ਮੰਚ ਸੰਚਾਲਨ ਕੀਤਾ।
ਇਸ ਮੌਕੇ ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ, ਜ਼ਿਲ੍ਹਾ ਪ੍ਰਬੰਧ ਸੰਮਤੀ ਦੇ ਪ੍ਰਧਾਨ ਤੇਜਿੰਦਰਪਾਲ, ਵਾਈਸ ਪ੍ਰਧਾਨ ਪ੍ਰਸ਼ੋਤਮ ਕੁਮਾਰ, ਵਾਈਸ ਪ੍ਰਧਾਨ ਬ੍ਰਿਜ ਲਾਲ, ਪ੍ਰਬੰਧਕ ਅੰਮ੍ਰਿਤ ਲਾਲ, ਡਾ. ਮੱਖਣ ਲਾਲ, ਹਾਜ਼ਰ ਸਨ ।