ਅੰਮ੍ਰਿਤਸਰ, 9 ਅਕਤੂਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਹਿਯੋਗ ਨਾਲ “ਅਜੋਕੀ ਸਿਖਿਆ ਨੀਤੀ ਅਤੇ ਮਾਤ ਭਾਸ਼ਾ” ਵਿਸ਼ੇ `ਤੇ ਸੈਮੀਨਾਰ ਕਰਵਾਇਆ ਗਿਆ।ਇਹ ਸਮਾਗਮ ਸ਼ਾਇਰ ਦੇਵ ਦਰਦ ਅਤੇ ਕਹਾਣੀਕਾਰ ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸੀ, ਜਿਸ ਵਿੱਚ ਵਿਦਵਾਨਾਂ ਦੀ ਸਾਂਝੀ ਰਾਏ ਸੀ ਕਿ ਖਿੱਤੇ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸਭਿਆਚਾਰ, ਵਿਰਸੇ ਅਤੇ ਮਾਤ ਭਾਸ਼ਾ ਨਾਲ ਜੁੜੇ ਰਹਿਣਾ ਚਾਹੀਦਾ ਹੈ।
ਇਸ ਸਮਾਗਮ ਦਾ ਆਗਾਜ਼ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਸ਼ੁਸੀਲ ਦੁਸਾਂਝ ਦੇ ਸਵਾਗਤੀ ਸਬਦਾਂ ਨਾਲ ਹੋਇਆ, ਜਦੋਂਕਿ ਦੀਪ ਦੇਵਿੰਦਰ ਸਿੰਘ ਨੇ ਸਮਾਗਮ ਦੀ ਸਮੁੱਚੀ ਤਫਸੀਲ ਸਾਂਝੀ ਕੀਤੀ।ਭਾਸ਼ਾ ਵਿਗਿਆਨੀ ਡਾ. ਸੁਰਜੀਤ ਸਿੰਘ ਭੱਟੀ ਨੇ ਚਰਚਾ ਦਾ ਮੁੱਢ ਬੰਨ੍ਹਦਿਆਂ ਕਿਹਾ ਕਿ ਸਰਕਾਰ ਵਲੋਂ ਲਿਆਂਦੀ ਗਈ ਸਿੱਖਿਆ ਨੀਤੀ ਕਾਰੋਬਾਰੀ ਘਰਾਣਿਆਂ ਦੇ ਹੱਕ ਵਿੱਚ ਭੁਗਤਦੀ ਹੈ ਅਤੇ ਅਸਲ ਤੱਥ ਆਮ ਲੋਕਾਂ ਤੋਂ ਲੁਕਾ ਕੇ ਰੱਖੇ ਗਏ ਹਨ।ਉਹਨਾਂ ਇਹ ਵੀ ਕਿਹਾ ਕਿ ਮਾਤ ਭਾਸ਼ਾ ਦੀ ਸਲਾਮਤੀ ਲਈ ਸਾਨੂੰ ਰਲ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ ਅਤੇ ਮਾਤ ਭਾਸ਼ਾ ਦੀ ਬੇ-ਰੁਖੀ ਵਾਲੇ ਤੌਰ ਤਰੀਕੇ ਬਦਲਣੇ ਪੈਣਗੇ।
ਪੱਤਰਕਾਰ ਅਤੇ ਕਾਲਮ ਨਵੀਸ ਸਤਨਾਮ ਮਾਣਕ ਨੇ ਤਿੰਨ ਭਾਸ਼ਾਈ ਫਾਰਮੁਲੇ ਦੀ ਲੋੜ `ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਵਿਚ ਹਰ ਸੂਬੇ ਦੀ ਆਪਣੀ ਖੇਤਰੀ ਜ਼ੁਬਾਨ ਹੈ, ਜਿਸ ਦਾ ਸਥਾਨਕ ਪੱਧਰ ‘ਤੇ ਵਿਕਾਸ ਹੋਣਾ ਜਰੂਰੀ ਹੈ। ਉਨ੍ਹਾਂ ਸਿੱਖਿਆ ਦੇ ਨਿਜੀਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਨੀਤੀ ਤਹਿਤ ਰਾਜਾਂ ਦੇ ਅਧਿਕਾਰਾਂ ਨੂੰ ਹੋਰ ਢਾਹ ਲੱਗੇਗੀ।
ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਅਤੇ ਬਣਦਾ ਮਾਣ-ਤਾਣ ਦੇਣ ਲਈ ਸੁਹਿਰਦ ਹੋਣਾ ਚਾਹੀਦਾ ਹੈ।ਕੇਵਲ ਧਾਲੀਵਾਲ ਨੇ ਕਿਹਾ ਕਿ ਅਜੋਕੀ ਸਿੱਖਿਆ ਨੀਤੀ ਦੀ ਵਿਚਾਰਧਾਰਾ ਸੁਚੇਤ ਹੋ ਕੇ ਸਮਝਣ ਦੀ ਲੋੜ ਹੈ।ਡਾ. ਪਰਮਿੰਦਰ ਅਤੇ ਮੱਖਣ ਕੁਹਾੜ ਨੇ ਸੁਚੇਤ ਕਰਦਿਆਂ ਕਿਹਾ ਕਿ ਬਸਤੀਵਾਦੀ ਆਗੂਆਂ ਨੇ ਭਾਸ਼ਾਵਾਂ ਦਾ ਵੱਡਾ ਨੁਕਸਾਨ ਕੀਤਾ ਹੈ ਅਤੇ ਲੁਕਵੇਂ ਏਜੰਡੇ ਤਹਿਤ ਮਾਤ ਭਾਸ਼ਾ ਨੂੰ ਖੋਰਾ ਲਾ ਰਹੇ ਹਨ।ਡਾ. ਲੇਖ ਰਾਜ, ਡਾ. ਬਲਜੀਤ ਸਿੰਘ ਢਿੱਲੋਂ ਅਤੇ ਡਾ. ਇਕਬਾਲ ਕੌਰ ਸੌਂਦ ਨੇ ਵੀ ਸਮਾਗਮ ਦੀ ਸ਼ਲਾਘਾ ਕੀਤੀ, ਜਦੋਂ ਕਿ ਸ਼੍ਰੋਮਣੀ ਸ਼ਾਇਰ ਬਲਵਿੰਦਰ ਸੰਧੂ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਸਤੀਸ਼ ਗੁਲਾਟੀ, ਡਾ. ਆਤਮ ਰੰਧਾਵਾ, ਡਾ ਹੀਰਾ ਸਿੰਘ, ਡਾ ਗੁਰਬੀਰ ਬਰਾੜ, ਨਵ ਭੁੱਲਰ, ਰਸ਼ਪਿੰਦਰ ਗਿੱਲ, ਮਨਜੀਤ ਸਿੰਘ ਵੱਸੀ, ਮੱਖਣ ਭੈਣੀਵਾਲ, ਸਕੱਤਰ ਪੁਰੇਵਾਲ, ਮੰਗਲ ਟਾਂਡਾ, ਜਸਬੀਰ ਝਬਾਲ, ਸਤਿੰਦਰ ਓਠੀ, ਅਤਰ ਤਰਸਿੱਕਾ, ਡਾ. ਪਰਮਜੀਤ ਬਾਠ, ਡਾ. ਭੁਪਿੰਦਰ ਸਿੰਘ ਫੇਰੂਮਾਨ, ਹਰਮੀਤ ਆਰਟਿਸਟ, ਜਸਵੰਤ ਗਿੱਲ, ਡਾ. ਹਜ਼ਾਰਾ ਸਿੰਘ ਚੀਮਾ, ਡਾ. ਕਸ਼ਮੀਰ ਸਿੰਘ, ਡਾ. ਮੋਹਨ, ਵਿਸ਼ਾਲ ਬਿਆਸ, ਬਲਕਾਰ ਸਿੰਘ ਦੁਧਾਲਾ, ਪ੍ਰਤੀਕ ਸਹਿਦੇਵ ਮਨਮੋਹਨ ਢਿੱਲੋਂ, ਹਰਜੀਤ ਸੰਧੂ, ਦਿਲਰਾਜ ਦਰਦੀ, ਕਿਰਪਾਲ ਸਿੰਘ, ਸੁਖਬੀਰ ਖੁਰਮਣੀਆਂ, ਕੁਲਜੀਤ ਵੇਰਕਾ, ਗੁਰਪ੍ਰੀਤ ਰੰਗੀਲਪੁਰ, ਬਲਵਿੰਦਰ ਸੇਖੋਂ, ਕੁਲਵੰਤ ਸਿੰਘ ਅਣਖੀ, ਮੰਗਤ ਚੰਚਲ, ਪਰਮਜੀਤ ਕੌਰ, ਤ੍ਰਿਪਤਾ, ਨਵਦੀਪ, ਦੀਪਕਾ ਆਦਿ ਹਾਜ਼ਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …