ਅੰਮ੍ਰਿਤਸਰ, 19 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਅੰਮ੍ਰਿਤਸਰ ਜ਼ਿਲਿਆਂ ਦਾ `ਏ` ਜ਼ੋਨ ਜ਼ੋਨਲ ਯੁਵਕ ਮੇਲਾ ਅੱਜ ਮਿਠੀਆਂ ਯਾਦਾਂ ਛੱਡਦਾ ਹੋਇਆ ਸੰਪਨ ਹੋ ਗਿਆ।`ਏ` ਜ਼ੋਨ ਦੇ `ਏ` ਡਵੀਜ਼ਨ ਦੀ ਚੈਂਪੀਅਨਸ਼ਿਪ ਵੱਖ-ਵੱਖ ਆਈਟਮਾਂ ‘ਚ ਜਿੱਤਾਂ ਪ੍ਰਾਪਤ ਕਰਦਿਆਂ ਖ਼ਾਲਸਾ ਕਾਲਜ ਅੰਮ੍ਰਿਤਸਰ ਅਤੇ `ਬੀ` ਡਵੀਜ਼ਨ ਵਿੱਚ ਓਵਰਆਲ ਚੈਂਪੀਅਨਸ਼ਿਪ ਸ਼ਹਿਜ਼ਾਦਾ ਨੰਦ ਕਾਲਜ ਗਰੀਨ ਐਵੀਨਿਊ ਅੰਮ੍ਰਿਤਸਰ ਨੇ ਜਿੱਤੀ।
ਯੂਨੀਵਰਸਿਟੀ ਦੇ ਐਮ.ਐਮ.ਟੀ.ਟੀ.ਸੀ ਅਤੇ ਆਈ.ਕਿਊ.ਏ.ਸੀ ਦੇ ਡਾਇਰੈਕਰ ਡਾ. ਅਸ਼ਵਨੀ ਲੁਥਰਾ ਮੁੱਖ ਮਹਿਮਾਨ ਸਨ।ਡਾ. ਅਸ਼ਵਨੀ ਲੂਥਰਾ ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ਼ ਡਾ. ਅਮਨਦੀਪ ਸਿੰਘ ਨੇ ਜੇਤੂ ਟੀਮਾਂ ਨੂੰ ਟਰਾਫੀਆਂ ਪ੍ਰਦਾਨ ਕਰਕੇ ਸਨਮਾਨਿਤ ਕੀਤਾ।
`ਏ` ਡਵੀਜ਼ਨ ਵਿੱਚ ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਖਾਲਸਾ ਕਾਲਜ ਫਾਰ ਵਿਮਨ ਅੰਮ੍ਰਿਤਸਰ ਨੇ ਪ੍ਰਾਪਤ ਕੀਤਾ, ਜਦੋਂਕਿ `ਬੀ` ਡਵੀਜ਼ਨ ਵਿੱਚ ਕ੍ਰਮਵਾਰ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਅੰਮ੍ਰਿਤਸਰ ਅਤੇ ਐਸ.ਡੀ.ਐਸ.ਪੀ.ਐਮ ਕਾਲਜ ਫਾਰ ਵਿਮਨ ਰਈਆ ਨੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਪ੍ਰੋ. ਅਸ਼ਵਨੀ ਲੁਥਰਾ ਅਤੇ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਜੇਤੂ ਟੀਮਾਂ ਦੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਦਸਮੇਸ਼ ਆਡੀਟੋਰੀਅਮ `ਚ ਸੰਪਨ ਹੋਏ ਇਸ ਜ਼ੋਨਲ ਯੁਵਕ ਮੇਲੇ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਪ੍ਰੋ. ਬੇਦੀ ਨੇ ਕਿਹਾ ਕਿ ਜ਼ੋਨਲ ਯੁਵਕ ਮੇਲੇ ਸੰਪਨ ਹੋਏ ਹਨ ਅਤੇ ਹੁਣ ਜੇਤੂ ਟੀਮਾਂ ਦੇ ਮੁਕਾਬਲੇ ਅੰਤਰ ਜ਼ੋਨਲ ਯੁਵਕ ਮੇਲੇ ਦੌਰਾਨ ਹੋਣਗੇ।
ਚੈਂਪੀਅਨਸ਼ਿਪ ਟਰਾਫੀਆਂ ਪ੍ਰਦਾਨ ਕਰਨ ਸਮੇਂ ਜੇਤੂ ਟੀਮਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕ ਸਾਹਿਬਾਨ ਵੀ ਭਾਰੀ ਗਿਣਤੀ ‘ਚ ਹਾਜ਼ਰ ਸਨ।
ਇਸ ਯੁਵਕ ਮੇਲੇ ਦੇ ਦੂਜੇ ਦਿਨ ਯੂਨਵਿਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿੱਚ ਵੈਸਟਰਨ ਵੋਕਲ ਸੋਲੋ, ਵੈਸਟਰਨ ਗਰੁੱਪ ਸੌਂਗ, ਵੈਸਟਰਨ ਇੰਸਟਰੂਮੈਂਟਲ ਸੋਲੋ, ਕਲਾਸੀਕਲ ਡਾਂਸ, ਗਰੁੱਪ ਡਾਂਸ ਅਤੇ ਗਿੱਧੇ ਦੇ ਮੁਕਾਬਲੇ ਕਰਵਾਏ ਗਏ।ਵਿਦਿਆਰਥੀਆਂ ਨੇ ਜੀ.ਐਨ.ਡੀ.ਯੂ ਯੁਵਕ ਮੇਲੇ ਦੇ ਦੂਜੇ ਦਿਨ ਵੈਸਟਰਨ ਵੋਕਲ ਸੋਲੋ ਮੁਕਾਬਲੇ ਵਿੱਚ ਆਪਣੇ ਕਮਾਲ ਦੇ ਵੋਕਲ ਹੁਨਰ ਦਾ ਪ੍ਰਦਰਸ਼ਨ ਕੀਤਾ।ਇਸ ਮੁਕਾਬਲੇ ਵਿੱਚ ਸਭ ਨੇ ਆਪਣੀ ਵੱਖਰੀ ਸ਼ੈਲੀ ਪੇਸ਼ ਕੀਤੀ।ਦਿਲਕਸ਼ ਗੀਤਾਂ ਤੋਂ ਲੈ ਕੇ ਖਿਚ ਭਰਪੂਰ ਧੁਨਾਂ ਤੱਕ, ਵੰਨ-ਸੁਵੰਨੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
ਵੈਸਟਰਨ ਗਰੁੱਪ ਸੌਂਗ ਮੁਕਾਬਲੇ ਦੌਰਾਨ ਵਿਦਆਰਥੀਆਂ ਨੇ ਆਪਣੀ ਪ੍ਰਭਾਵਸ਼ਾਲੀ ਪ੍ਰਤਿੱਭਾ ਦਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਸ਼ੈਲੀਆਂ ਵਿੱਚ ਸੁੰਦਰਤਾ ਨਾਲ ਤਾਲਮੇਲ ਪੇਸ਼ ਕੀਤਾ।ਪੌਪ ਗੀਤਾਂ ਤੋਂ ਲੈ ਕੇ ਭਾਵਪੂਰਤ ਧੁਨਾਂ ਤੱਕ, ਹਰੇਕ ਪ੍ਰਦਰਸ਼ਨ ਨੇ ਦਰਸ਼ਕਾਂ ਦੇ ਪੈਰ ਥਿਰਕਣ ਲਾਏ।ਇਸ ਮੁਕਾਬਲੇ ਵਿੱਚ ਵਿਦਆਰਥੀ ਕਲਾਕਾਰਾਂ ਦੀ ਸਿਰਜਣਾਤਮਕਤਾ ਅਤੇ ਟੀਮ ਵਰਕ ਦਾ ਸੁਮੇਲ ਵਿਖਾਈ ਦੇ ਰਿਹਾ ਸੀ।
ਵੈਸਟਰਨ ਇੰਸਟਰੂਮੈਂਟਲ ਸੋਲੋ ਮੁਕਾਬਲੇ ਦੌਰਾਨ ਪ੍ਰਤਿਭਾਸ਼ਾਲੀ ਸੰਗੀਤਕਾਰ ਿਿਵਦਆਰਥੀ ਕਲਾਕਾਰਾਂ ਨੇ ਆਪਣੇ ਹੁਨਰ ਅਤੇ ਸੰਗੀਤ ਦਾ ਜਨੂੰਨੀ ਲਹਿਜ਼ੇ ਵਿੱਚ ਪ੍ਰਦਰਸ਼ਨ ਕੀਤਾ।ਸੰਗੀਤ ਦੀਆਂ ਕਲਾਸੀਕਲ ਅਦਾਵਾਂ ਤੋਂ ਲੈ ਕੇ ਸਮਕਾਲੀ ਸੰਗੀਤਕ ਧੁਨਾਂ ਨੇ ਵੱਖ-ਵੱਖ ਸ਼ੈਲੀਆਂ ਨੂੰ ਦਰਸ਼ਕਾਂ ਦੇ ਸਨਮੁੱਖ ਕੀਤਾ।ਦਰਸ਼ਕ ਸੰਗੀਤ ਦਾ ਖੂਬ ਆਨੰਦ ਮਾਣ ਰਹੇ ਅਤੇ ਮਾਹੌਲ ਦੀ ਪ੍ਰਸ਼ੰਸਾ ਕਰ ਰਹੇ ਸਨ।
ਗਰੁੱਪ ਡਾਂਸ ਸ਼੍ਰੇਣੀ ਵਿੱਚ ਟੀਮਾਂ ਨੇ ਰਵਾਇਤੀ ਅਤੇ ਸਮਕਾਲੀ ਦੋਵੇਂ ਤਰ੍ਹਾਂ ਦੀਆਂ ਨਾਚ ਸ਼ੈਲੀਆਂ ਨੂੰ ਪੇਸ਼ ਕੀਤਾ।ਪੰਜਾਬੀ ਲੋਕ ਨਾਚ ਗਿੱਧਾ ਦੀਆਂ ਪੇਸ਼ਕਾਰੀ ਮੌਕੇ ਵਿਦਆਰਥਣ ਕਲਾਕਾਰਾਂ ਵਲੋਂ ਤਾੜੀਆਂ ਦੀ ਆਵਾਜ਼ ਨਾਲ ਜਿਥੇ ਹਾਲ ਗੂੰਜਣ ਲਾ ਦਿੱਤਾ ਉਥੇ ਉਨ੍ਹਾਂ ਦੇ ਫੁਟਵਰਕ ਅਤੇ ਪਹਿਰਾਵੇ ਦੀ ਵਿਸ਼ੇਸ਼ਤਾ ਸਾਰਿਆਂ ਨੂੰ ਹੈਰਾਨ ਕਰਦੀ ਰਹੀ।ਕੁੱਲ ਮਿਲਾ ਕੇ, ਇਹਨਾਂ ਡਾਂਸ ਸ਼੍ਰੇਣੀਆਂ ਨੇ ਨਾ ਸਿਰਫ਼ ਵਿਅਕਤੀਗਤ ਅਤੇ ਸਮੂਹ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਸਗੋਂ ਵਿਦਆਰਥੀਆਂ ਵਿੱਚ ਸੱਭਿਆਚਾਰਕ ਮਾਣ ਅਤੇ ਏਕਤਾ ਨੂੰ ਵੀ ਮਜ਼ਬੂਤ ਕੀਤਾ।
ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿਚ ਸਮੂਹ ਸ਼ਬਦ ਭਜਨ, ਸਮੂਹ ਗੀਤ, ਗੀਤ/ਗ਼ਜ਼ਲ, ਲੋਕ ਗੀਤ, ਵਾਰ ਗਾਇਨ ਅਤੇ ਕਵੀਸ਼ਰੀ ਦੀਆਂ ਪੇਸ਼ਕਾਰੀਆਂ ਨਾਲ ਸੰਗੀਤਕ ਮਾਹੌਲ ਛਾਇਆ ਰਿਹਾ।ਆਰਕੀਟੈਕਚਰ ਵਿਭਾਗ ਵਿਚ ਰੰਗੋਲੀ, ਫੁਲਕਾਰੀ, ਮਹਿੰਦੀ ਅਤੇ ਪੋਸਟਰ ਮੇਕਿੰਗ ਦੇ ਰਚਨਾਤਮਕ ਮੁਕਾਬਲੇ ਕਰਵਾਏ ਗਏ।ਕਲਾਤਮਕ ਪ੍ਰਤਿੱਭਾ ਦੇ ਉਚ ਪੱਧਰ ਦੇ ਪ੍ਰਦਰਸ਼ਨਾਂ ਨੇ ਰਵਾਇਤੀ ਸ਼ਿਲਪਕਾਰੀ ਅਤੇ ਨਵੇਂ ਰੂਪਾਂ ਨੂੰ ਉਜਾਗਰ ਕੀਤਾ।ਕਾਨਫਰੰਸ ਹਾਲ ਵਿੱਚ ਕਾਵਿ-ਸੰਗ੍ਰਹਿ, ਭਾਸ਼ਣ ਅਤੇ ਵਾਦ-ਵਿਵਾਦ ਮੁਕਾਬਲਿਆਂ ਨਾਲ ਬੌਧਿਕ ਪ੍ਰਵਚਨ ਸਿਰਜ਼ਿਆ ਗਿਆ।ਵਿਦਆਰਥੀ ਕਲਾਕਾਰਾਂ ਨੇ ਵੱਖ-ਵੱਖ ਸਮਾਜਿਕ ਵਿਸ਼ਆਂ `ਤੇ ਸਾਰਥਕ ਵਿਚਾਰ ਵਟਾਂਦਰੇ ਵਿੱਚ ਆਪਣੀ ਭਾਸ਼ਣਕਾਰੀ ਅਤੇ ਵਿਸ਼ਲੇਸ਼ਣਾਤਮਕ ਹੁਨਰ ਦਾ ਪ੍ਰਦਰਸ਼ਨ ਕੀਤਾ।
ਯੁਵਕ ਭਲਾਈ ਵਿਭਾਗ ਦੇ ਇੰਚਾਰਜ਼ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਜ਼ੋਨਲ ਯੂਥ ਫੈਸਟੀਵਲ ਨੌਜਵਾਨ ਪ੍ਰਤਿਭਾਵਾਂ ਨੂੰ ਅੱਗੇ ਲਿਆਉਣ, ਨਿਖਾਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦਾ ਹੈ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਦੋਸਤੀ ਦੇ ਮਾਹੌਲ ਨੂੰ ਉਤਸ਼ਾਹਿਤ ਕਰਦਾ ਹੈ।
Check Also
ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ
ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …