Sunday, December 22, 2024

ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਦੀ ਅਗਵਾਈ ‘ਚ ਨਿਹੰਗ ਸਿੰਘ ਦਲਾਂ ਨੇ ਮਹੱਲਾ ਕੱਢਿਆ

ਸੁੰਦਰ ਸੱਜੇ ਹੋਏ ਹਾਥੀਆਂ, ਨੱਚਦਿਆਂ ਘੋੜਿਆਂ, ਢੋਲ ਨਗਾਰਿਆਂ ਤੇ ਨਰਸਿੰੰਙਆਂ ਨੇ ਖਿਚਿਆ ਲੋਕਾਂ ਦਾ ਧਿਆਨ
ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ (ਦੀਵਾਲੀ) ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਦਲਾਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਵੱਲੋਂ ਅਰਦਾਸ ਕਰਨ ਉਪਰੰਤ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ਿਸ਼ ਨਿਸ਼ਾਨ, ਨਿਗਾਰਿਆਂ ਦੀ ਛਤਰ ਛਾਇਆ ਹੇਠ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ, ਬੁਰਜ਼ ਬਾਬਾ ਫੂਲਾ ਸਿੰਘ ਅਕਾਲੀ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਤੋਂ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਮਹੱਲਾ ਦੀ ਆਰੰਭਤਾ ਹੋਈ।ਇਸ ਤੋਂ ਪਹਿਲਾਂ ਗੁਰਦੁਆਰਾ ਮੱਲ ਅਖਾੜਾ ਵਿਖੇ ਅਖੰਡ ਪਾਠਾਂ ਦੇ ਭੋਗ ਪਾਏ ਗਏ।ਬੁੱਢਾ ਦਲ ਦੇ ਹੈੱਡ ਗ੍ਰੰਥੀ ਬਾਬਾ ਮੱਘਰ ਸਿੰਘ, ਨਿਹੰਗ ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ ਬਟਾਲਾ ਆਦਿ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਬਾਬਾ ਇੰਦਰ ਸਿੰਘ, ਬਾਬਾ ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਨੇ ਸਮੂਹ ਦਲਾਂ ਦੇ ਨਿਸ਼ਾਨਾਂ ਨੂੰ ਸਿਰਪਾਓ ਤੇ ਫੁੱਲਾਂ ਦੇ ਸਿਹਰਿਆਂ ਨਾਲ ਸਨਮਾਨਿਆ ਗਿਆ।ਵੱਖ-ਵੱਖ ਨਿਹੰਗ ਸਿੰਘ ਦਲਾਂ ਦੇ ਨਿਸ਼ਾਨਚੀਆਂ, ਨਿਗਾਰਚੀਆਂ, ਚੌਬਦਾਰਾਂ, ਗੁਰਜ ਵਾਲੇ ਸਿੰਘਾਂ, ਗ੍ਰੰਥੀਆਂ, ਕਥਾਵਾਚਕਾਂ ਅਤੇ ਮੁਖੀ ਜਥੇਦਾਰ ਸਾਹਿਬਾਨ ਨੂੰ ਸਨਮਾਨਿਤ ਕੀਤਾ। ਗੁ: ਮੱਲ ਅਖਾੜਾ ਸਾਹਿਬ ਤੋਂ ਮਹੱਲਾ ਅਰੰਭ ਹੋਣ ਸਮੇਂ ਹਾਥੀਆਂ, ਬੈਂਡ ਵਾਜਿਆ ਨੇ ਸਲਾਮੀ ਦਿੱਤੀ।
ਗੁ: ਮੱਲ ਅਖਾੜਾ ਸਹਿਬ ਪਾਤਸਾਹੀ ਛੇਵੀਂ ਵਿਖੇ ਮਹੱਲੇ ਦੀ ਅਰੰਭਤਾ ਦੀ ਅਰਦਾਸ ਕਰਨ ਉਪਰੰਤ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸੰਘਰਸ਼ਪੂਰਨ ਅਤੇ ਸ਼ਾਨਾਮਤਾ ਹੈ।ਉਨ੍ਹਾਂ ਕਿਹਾ ਜਵਾਨੀ ਨਸ਼ਿਆਂ ਦੀ ਭੇਟ ਚੜ੍ਹ ਗਈ ਹੈ। ਸਰਕਾਰਾਂ ਅੱਖਾਂ ਮੇਟਣ ਦੀ ਥਾਂ ਨਸ਼ਿਆਂ ਦੇ ਤਸਕਰਾਂ ਨੂੰ ਵਿਰੁੱਧ ਫੈਸਲਾਕੁੰਨ ਲੜਾਈ ਲੜਨ, ਨੌਜਵਾਨ ਧਰਮੀ ਬਨਣ ਤੇ ਅੰਮ੍ਰਿਤਧਾਰੀ ਹੋ ਕੇ ਕੌਮ ਦੀ ਸੇਵਾ ਕਰਨ।ਨਿਹੰਗ ਸਿੰਘ ਦਲਾਂ ਦੇ ਮੁਖੀ ਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘਾਂ ਨੇ ਸੁੰਦਰ ਦੁਮਾਲਿਆਂ ਤੇ ਚੱਕ੍ਰ, ਖੰਡੇ, ਚੰਦ, ਗੁਰਜ, ਸ਼ਿੰਗਾਰ, ਬਾਗਨਖਾ ਸਜਾਈ, ਛੋਟੀਆਂ ਵੱਡੀਆਂ ਕਿਰਪਾਨਾਂ ਪਹਿਨੀ, ਤੇ ਲੱਕ ਪਿਛੇ ਢਾਲਾਂ ਸਜਾਏ ਹੱਥਾਂ ਵਿੱਚ ਨੇਜ਼ੇ, ਖੰਡੇ ਫੜੀ, ਨੀਲਿਆਂ ਕੇਸਰੀ ਬਾਣਿਆਂ ਵਿਚ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਜੰਗੀ ਮਾਹੌਲ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ। ਮਹੱਲੇ ਦੇ ਅੱਗੇ ਅੱਗੇ ਗੱਤਕਾ ਕੋਚ ਬਾਬਾ ਦਰਸ਼ਨ ਸਿੰਘ ਪਟਿਆਲਾ ਅਤੇ ਭਾਈ ਸੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਗੱਤਕਾ ਖਿਡਾਰੀਆਂ ਨੇ ਜੰਗਜ਼ੂ ਕਰਤੱਬ ਦੇ ਜੌਹਰ ਦਿਖਾਏ। ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਨਿਹੰਗ ਸਿੰਘਾਂ ਦਾ ਇੱਕ ਵਿਸ਼ਾਲ ਕਾਫਲਾ ਸੁੰਦਰ ਸ਼ਿੰਗਾਰੇ ਹੋਏ ਹਾਥੀਆਂ, ਘੋੜਿਆਂ, ਗੱਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੈਦਲ ਯਾਤਰਾ ਕਰਦੇ ਨਿਹੰਗ ਸਿੰਘ ਸ਼ੇਰਾਂਵਾਲਾ ਗੇਟ, ਮਹਾਂਸਿੰਘ ਗੇਟ, ਚੌਂਕ ਰਾਮਬਾਗ, ਹਾਲ ਗੇਟ, ਕਿਲਾ ਗੋਬਿੰਦਗੜ੍ਹ ਰਾਹੀਂ ਰੇਲਵੇ ਕਲੋਨੀ ਬੀ ਬਲਾਕ ਗਰਾਂਉਡ ਵਿਖੇ ਵਾਜਿਆਂ ਗਾਜਿਆਂ ਸਮੇਤ ਪੁਜਾ।ਘੋੜਿਆਂ ਦੀ ਦੌੜ ਤੇ ਨਿਹੰੰਗ ਸਿੰਘ ਦੇ ਜੰਗੀ ਕਰਤੱਵ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹਾਜ਼ਰ ਸਨ।ਢੋਲ ਨਗਾਰਿਆਂ ਦੀਆਂ ਚੋਟਾਂ ਤੇ ਨਰਸਿੰਙੇ ਵਜਾਉਂਦੇ ਨਿਹੰਗ ਸਿੰਘ ਰੇਲਵੇ ਕਲੋਨੀ ਬੀ ਬਲਾਕ ਗਰਾਂਉਡ ਵਿੱਚ ਸ਼ਾਮਲ ਹੋਏ। ਨਿਹੰਗ ਸਿੰਘਾਂ ਵੱਲੋਂ ਇੱਕ ਤੋਂ ਦੋ, ਦੋ ਤੋਂ ਤਿੰਨ ਅਤੇ ਛੇ-ਛੇ ਘੋੜਿਆਂ ਦੀ ਸਵਾਰੀ ਕਰ ਕੇ ਘੋੜ ਦੌੜ ਅਤੇ ਕਿਲੇ੍ਹ ਪੁੱਟਣ ਦੇ ਜੌਹਰ ਦਿਖਾਏ।ਨੱਚਦਿਆਂ ਘੋੜਿਆਂ ਨੇ ਲੋਕਾਂ ਦਾ ਮਨ ਮੋਹਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …