Sunday, December 22, 2024

ਸ਼੍ਰੋਮਣੀ ਕਮੇਟੀ ਵੱਲੋਂ ਕਥਾਵਾਚਕ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਦਾ ਸਨਮਾਨ

ਅੰਮ੍ਰਿਤਸਰ, 3 ਨਵੰਬਰ (ਜਗਦੀਪ ਸਿੰਘ) – ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਨਿਰੰਤਰ ਕਥਾ ਵਿਚਾਰ ਕਰ ਰਹੇ ਸਿੱਖ ਕੌਮ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨੂੰ ਅੱਜ ਕਥਾ ਦੀ ਸਮਾਪਤੀ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਉਹ 17 ਅਕਤੂਬਰ ਤੋਂ ਲਗਾਤਾਰ ਕਥਾ ਦੀ ਸੇਵਾ ਨਿਭਾਅ ਰਹੇ ਸਨ, ਜਿਸ ਦੌਰਾਨ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਪਿੰਦਰਪਾਲ ਸਿੰਘ ਸਿੱਖ ਕੌਮ ਦੇ ਪ੍ਰਸਿੱਧ ਕਥਾਵਾਚਕ ਹਨ, ਜੋ ਧਰਮ ਪ੍ਰਚਾਰ ਦੇ ਖੇਤਰ ਵਿਚ ਅਹਿਮ ਸੇਵਾਵਾਂ ਨਿਭਾਅ ਰਹੇ ਹਨ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਲੈ ਕੇ ਭਾਈ ਸਾਹਿਬ ਨੇ ਲਗਾਤਾਰ ਕਥਾ ਦੀ ਸੇਵਾ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੁਕਮਨਾਮੇ ਦੀ ਵਿਆਖਿਆ ਨਾਲ ਸੰਗਤ ਨੂੰ ਜੋੜ ਕੇ ਗੁਰੂ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ ਹਨ ਅਤੇ ਅਰਦਾਸ ਹੈ ਕਿ ਇਹ ਇਸੇ ਤਰ੍ਹਾਂ ਸਿੱਖ ਕੌਮ ਦੀ ਸੇਵਾ ਕਰਦੇ ਰਹਿਣ।
ਐਡਵੋਕੇਟ ਧਾਮੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਘਰਾਂ ਅੰਦਰ ਸਿਰੋਪਾਓ ਅਤੇ ਲੋੜ ਤੋਂ ਵੱਧ ਰੁਮਾਲਾ ਸਾਹਿਬ ਭੇਟ ਕਰਨ ਦੀ ਥਾਂ ਇਸ ਸਰਮਾਏ ਨੂੰ ਸਿੱਖ ਕੌਮ ਦੇ ਬੱਚਿਆਂ ਦੀ ਪੜਾਈ ਲਈ ਖਰਚ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਮੁਕਾਬਲਾ ਪ੍ਰੀਖਿਆ ਲਈ ਤਿਆਰ ਕਰਨ ਦੀ ਵੱਡੀ ਲੋੜ ਹੈ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਭਾਈ ਪਿੰਦਰਪਾਲ ਸਿੰਘ ਵੱਲੋਂ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਆਨਰੇਰੀ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਰਣਜੀਤ ਸਿੰਘ ਕਾਹਲੋਂ, ਗੁਰਮੀਤ ਸਿੰਘ ਬੂਹ, ਹਰਜਾਪ ਸਿੰਘ ਸੁਲਤਾਨਵਿੰਡ, ਬੀਬੀ ਦਵਿੰਦਰ ਕੌਰ ਕਾਲੜਾ, ਗੁਰਦਿਆਲ ਸਿੰਘ ਕਾਲੜਾ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਾਬਕਾ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ, ਗਿਆਨੀ ਸੰਤ ਸਿੰਘ ਮਸਕੀਨ ਦੇ ਸਪੁੱਤਰ ਭਾਈ ਅਮਰਜੀਤ ਸਿੰਘ, ਬਾਬਾ ਗੁਰਦੇਵ ਸਿੰਘ ਕੁੱਲੀਵਾਲੇ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਓ.ਐਸ.ਡੀ ਸਤਬੀਰ ਸਿੰਘ ਧਾਮੀ, ਬਲਵਿੰਦਰ ਸਿੰਘ ਕਾਹਲਵਾਂ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਗੁਰਚਰਨ ਸਿੰਘ ਕੁਹਾਲਾ, ਹਰਭਜਨ ਸਿੰਘ ਵਕਤਾ, ਸਾਬਕਾ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਫੈਡਰੇਸ਼ਨ ਆਗੂ ਅਮਰਬੀਰ ਸਿੰਘ ਢੋਟ, ਸੁਪਰਡੈਂਟ ਨਿਸ਼ਾਨ ਸਿੰਘ, ਮੈਨੇਜਰ ਸਤਨਾਮ ਸਿੰਘ ਰਿਆੜ, ਰਾਜਿੰਦਰ ਸਿੰਘ ਰੂਬੀ, ਬਿਕਰਮਜੀਤ ਸਿੰਘ ਝੰਗੀ, ਹੈਡ ਪ੍ਰਚਾਰਕ ਭਾਈ ਜਗਦੇਵ ਸਿੰਘ ਆਇਦ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …