Friday, December 20, 2024

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: ਸੇਵਾਮੁਕਤ ਲੈਫ਼: ਕਰਨਲ ਰਜਿੰਦਰ ਸਿੰਘ ਨਾਗੀ ਦੇ ਸਪੁੱਤਰ ਅਤੇ ਪ੍ਰਧਾਨ ਜਤਿੰਦਰ ਸਿੰਘ ਨਾਗੀ ਵਲੋਂ ਅੱਜ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜ਼ੂਦਗੀ ’ਚ ਕੌਂਸਲ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੁਮੈਨ ਦੀ ਨਵੀਂ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ ਗਿਆ।

ਸ: ਛੀਨਾ ਨੇ ਪ੍ਰੋ: ਅਮਰੀਕ ਸਿੰਘ ਅਤੇ ਕਾਲਜ ਪ੍ਰਿੰਸੀਪਲ ਡਾ. ਲਕਸ਼ਮੀ ਚੋਪੜਾ ਦੀ ਮੌਜ਼ੂਦਗੀ ’ਚ ਦੱਸਿਆ ਕਿ ਸ: ਮਾਹਣਾ ਸਿੰਘ ਨਾਗੀ ਦਾ ਸਮੁੱਚਾ ਪਰਿਵਾਰ ਉਨ੍ਹਾਂ ਦੀ ਯਾਦ ’ਚ ਲੋਕ ਸੇਵਾ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਸ: ਨਾਗੀ ਦੇ ਵੰਸ਼ਜ਼ ਜਤਿੰਦਰ ਨਾਗੀ ਅਤੇ ਟਰੱਸਟੀਆਂ ਵਲੋਂ ਸਾਲ-2016 ’ਚ ਇਹ ਸ: ਮਾਹਣਾ ਸਿੰਘ ਰਾਮਗੜ੍ਹੀਆ ਧਰਮਸ਼ਾਲਾ ਦੀ ਮਾਲਕੀ ਖਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਨੂੰ ਸੌਂਪੀ ਗਈ ਸੀ।ਜਿਥੇ ਗਵਰਨਿੰਗ ਕੌਂਸਲ ਅਧੀਨ ਹੁਣ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵੁਮੈਨ ਸ: ਮਾਹਣਾ ਸਿੰਘ ਰਾਮਗੜ੍ਹੀਆ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਦੀ ਯਾਦ ’ਚ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ: ਰਜਿੰਦਰ ਨਾਗੀ ਨੇ ਬ੍ਰਿਟਿਸ਼ ਰਾਜ ਵੇਲੇ ਹੋਏ ਦੂਸਰੇ ਵਿਸ਼ਵ ਯੁੱਧ ’ਚ ਦੁਸ਼ਮਣਾਂ ਨਾਲ ਟਾਕਰਾ ਲੈਂਦਿਆ ਉਚ ਕੋਟੀ ਦੇ ਸਿਪਾਹੀ ਹੋਣ ਦਾ ਪ੍ਰਦਰਸ਼ਨ ਕੀਤਾ ਸੀ ਅਤੇ ਉਹ ਦਲੇਰ ਤੇ ਦਰਿਆਦਿਲ ਇਨਸਾਨ ਸਨ।ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਮਾਹਣਾ ਸਿੰਘ ਟਰੱਸਟ ਦੀ ਜ਼ਮੀਨ-ਜਾਇਦਾਦ ਸਮੇਤ ਕਾਲਜ ਕੌਂਸਲ ਨੂੰ ਸੌਂਪੀ ਤਾਂ ਉਨ੍ਹਾਂ ਦੀ ਚਿੰਤਾ ਸੀ ਕਿ ਲੜਕੀਆਂ ਦੀ ਪੜ੍ਹਾਈ ਸਬੰਧੀ ਖੋਲ੍ਹੀ ਇਹ ਸੰਸਥਾ ਹਮੇਸ਼ਾਂ ਕਾਰਜਸ਼ੀਲ ਰਹੇ, ਜੋ ਕਿ ਉਨ੍ਹਾਂ ਵਲੋਂ ਕੀਤੇ ਗਏ ਅਹਿਦ ਮੁਤਾਬਿਕ ਅੱਜ ਵੀ ਸ਼ਾਨੋ-ਸ਼ੌਕਤ ਨਾਲ ਇਹ ਵਿੱਦਿਅਕ ਸੰਸਥਾ ਆਪਣੇ ਮੰਤਵ ਦੀ ਪੂਰਤੀ ਕਰ ਰਹੀ ਹੈ।
ਇਸ ਤੋਂ ਪਹਿਲਾਂ ਕਾਲਜ ਵਿਖੇ ਪੁੱਜਣ ’ਤੇ ਪ੍ਰਿੰ: ਡਾ. ਚੋਪੜਾ ਨੇ ਸ: ਛੀਨਾ, ਸ੍ਰੀ ਨਾਗੀ ਅਤੇ ਉਨ੍ਹਾਂ ਦੇ ਸਮੂਹ ਪਰਿਵਾਰਕ ਮੈਂਬਰਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਅਤੇ ਕਾਲਜ ਵਿਖੇ ਉਕਤ ਲੈਬ ਦੇ ਉਦਘਾਟਨ ਲਈ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਲੈਬ ਦੇ ਸਥਾਪਿਤ ਹੋਣ ਨਾਲ ਲੜਕੀਆਂ ਕੰਪਿਊਟਰ ਤਕਨੀਕ ਨਾਲ ਜੁੜਨੀਆਂ। ਇਸ ਉਪਰੰਤ ਜਤਿੰਦਰ ਨਾਗੀ ਨੇ ਆਪਣੇ ਪਰਿਵਾਰ ਸਮੇਤ ਖ਼ਾਲਸਾ ਕਾਲਜ ਦਾ ਦੌਰਾ ਵੀ ਕੀਤਾ, ਜਿਥੇ ਸ: ਛੀਨਾ ਨੇ ਸਿਰੋਪਾਓ ਅਤੇ ਖਾਲਸਾ ਕਾਲਜ ਦੀ ਯਾਦਗਾਰੀ ਤਸਵੀਰ ਭੇਂਟ ਕੀਤਾ।
ਇਸ ਮੌਕੇ ਸ੍ਰੀ ਨਾਗੀ ਨੇ ਕਾਲਜ ਦੀ ਫੇਰੀ ਦੌਰਾਨ ਕਾਲਜ ਕੈਂਪਸ, ਸਿੱਖ ਇਤਿਹਾਸ ਖੋਜ਼ ਕੇਂਦਰ ਅਤੇ ਹੋਰਨਾਂ ਵਿਭਾਗਾਂ ਨੂੰ ਵੇਖਿਆ ਅਤੇ ਮਨਮੋਹਕ ਇਮਾਰਤ ਦੇ ਭਵਨ ਕਲਾ ਨਮੂਨੇ ਦੀ ਸ਼ਲਾਘਾ ਕੀਤੀ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …