Friday, March 28, 2025

ਡੀ.ਏ.ਵੀ ਇੰਟਰਨੈਸ਼ਨਲ ਵਿਖੇ ਵਿਦਿਆਰਥੀਆਂ ਦਾ ਪੁਨਰ-ਮੇਲ ਹੋਇਆ

ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਪ੍ਰਧਾਨਗੀ ਹੇਠ ਪੂਰਵ ਵਿਦਿਆਰਥੀਆਂ ਲਈ ‘ਪੁਨਰ-ਮੇਲ 2024’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸਕੂਲ ਦੀ ਪੂਰਵ ਵਿਦਿਆਰਥਣ ਧ੍ਰਿਤੀ ਗੁਲਾਟੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ।ਵਿਦਿਆਰਥੀਆਂ ਨੂੰ ਤਿਲਕ ਲਗਾ ਕੇ ਉਨ੍ਹਾਂ ਦਾ ਸੁਆਗਤ ਕੀਤਾ ਗਿਆ।ਪੋ੍ਰਗਰਾਮ ਦਾ ਅਰੰਭ ਗਿਆਨ ਦਾ ਪ੍ਰਤੀਕ ਪਵਿੱਤਰ ਜੋਤ ਜਗਾ ਕੇ ਅਤੇ ਡੀ.ਏ.ਵੀ ਗਾਣ ਗਾ ਕੇ ਕੀਤਾ ਗਿਆ।
ਡਾ. ਅੰਜ਼ਨਾ ਗੁਪਤਾ ਨੇ ਧ੍ਰਿਤੀ ਗੁਲਾਟੀ ਨੂੰ ਪੌਦਾ ਭੇਂਟ ਕਰਕੇ ਸਨਮਾਨਿਤ ਕੀਤਾ।ਉਨ੍ਹਾਂ ਕਿਹਾ ਕਿ ਇਸ ਹੋਣਹਾਰ ਵਿਦਿਆਰਥਣ ਨੇ ਅਮਰੀਕਾ ਦੇ ‘ਫਲੋਰੀਡਾ ਫਲਾਈਟ ਟਰੇਨਿੰਗ ਸੈਂਟਰ’ ਤੋਂ ਪਾਇਲਟ ਦੀ ਸਿਖਲਾਈ ਲੈ ਕੇ ਆਪਣੀ ਪ੍ਰਤਿਭਾ ਦਾ ਸਬੂਤ ਦੇ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਕਿਸੇ ਵੀ ਵਿਅਕਤੀ ਦੀ ਪਛਾਣ ਉਸ ਦੀਆਂ ਜੀਵਨ ਕਦਰਾਂ-ਕੀਮਤਾਂ ਤੋਂ ਹੁੰਦੀ ਹੈ ਅਤੇ ਇਨਸਾਨ ਇਹ ਕਦਰਾਂ ਕੀਮਤਾਂ ਆਪਣੇ ਸਕੂਲ ਅਤੇ ਘਰ ਤੋਂ ਸਿੱਖਦਾ ਹੈ, ਸਾਡੇ ਸਕੂਲ ਵਿੱਚ ਨੈਤਿਕ ਮੁੱਲਾਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ।ਉਨ੍ਹਾਂ ਲਈ ਇਹ ਅਤਿਅੰਤ ਖੁਸ਼ੀ ਦੀ ਗੱਲ ਹੈ ਜੋ ਸਾਡੇ ਸਕੂਲ ਦੇ ਵਿਦਿਆਰਥੀ ਅੱਜ ਵੱਖ-ਵੱਖ ਖੇਤਰਾਂ ਵਿੱਚ ਆਪਣੇ ਮਾਪਿਆਂ ਦਾ ਅਤੇ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ।ਕਈ ਵਿਦਿਆਰਥੀ ਨਾਮੀ ਸੰਸਥਾਵਾਂ ਤੋਂ ਉੱਚ-ਵਿੱਦਿਆ ਗ੍ਰਹਿਣ ਕਰ ਰਹੇ ਹਨ, ਅਨੇਕਾਂ ਵਿਦਿਆਰਥੀ ਵੱਖ-ਵੱਖ ਕੰਪਨੀਆਂ ਵਿੱਚ ਉੱਚੇ ਅਹੁੱਦਿਆਂ ’ਤੇ ਕੰਮ ਕਰ ਰਹੇ ਹਨ ਅਤੇ ਕਈ ਸਫ਼ਲ ਵਪਾਰੀ ਬਣ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ।ਜਿਸ ਤਰ੍ਹਾਂ ਇੱਕ ਮਾਲੀ ਆਪਣੇ ਹੱਥੀਂ ਲਗਾਏ ਫੁੱਲਾਂ ਦੇ ਪੌਦੇ ਦੀ ਖੁਸ਼ਬੂ ਚਾਰੇ-ਪਾਸੇ ਫੈਲਣ ਨਾਲ ਖੁਸ਼ ਹੁੰਦਾ ਹੈ, ਉਸੇ ਤਰ੍ਹਾਂ ਪ੍ਰਿੰਸੀਪਲ ਅਤੇ ਅਧਿਆਪਕ ਵੀ ਆਪਣੇ ਵਿਦਿਆਰਥੀਆਂ ਨੂੰ ਮਿਲ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ, ਜਿਨ੍ਹਾਂ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਕੂਲ ਦੀਆਂ ਪ੍ਰਾਪਤੀਆਂ ਤੇ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਧ੍ਰਿਤੀ ਗੁਲਾਟੀ ਅਤੇ ਵਿਦਿਆਰਥੀਆਂ ਨੇ ਸਕੂਲ ਨਾਲ ਸਬੰਧਤ ਆਪਣੀਆਂ ਯਾਦਾਂ ਤੇ ਤਜ਼ਰਬੇ ਸਾਂਝੇ ਕੀਤੇ।ਵਿਦਿਆਰਥੀਆਂ ਦੇ ਮਨੋਰੰਜਨ ਲਈ ਵੱਖ-ਵੱਖ ਖੇਡਾਂ ਖਿਡਾਈਆਂ ਗਈਆਂ।ਸਾਰੇ ਵਿਦਿਆਰਥੀਆਂ ਨੇ ਇਹਨਾਂ ਖੇਡਾਂ ਦਾ ਭਰਪੂਰ ਅਨੰਦ ਮਾਣਿਆ।ਅਧਿਆਪਕਾਂ ਨੇ ਵੀ ਖੂਬਸੂਰਤ ਗੀਤ ਪੇਸ਼ ਕਰਕੇ ਵਿਦਿਆਰਥੀਆਂ ਦਾ ਮਨ ਮੋਹ ਲਿਆ।ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਦੇ ਨਾਲ ਹੋਈ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …