ਅਪਲਾਈ ਕਰਨ ਦੀ ਆਖਿਰੀ ਮਿਤੀ 5 ਜਨਵਰੀ
ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜਿਲ੍ਹਾ ਪ੍ਰਸ਼ਾਸਨ ਨੇ ਇੱਕ ਹੋਰ ਨਿਵੇਕਲੀ ਪਹਿਲਕਦਮੀ ਕਰਦਿਆਂ ਹੋਇਆਂ ਗ੍ਰੈਜੂਏਟ ਜਾਂ ਹਾਲ ਹੀ ਵਿੱਚ ਗ੍ਰੈਜੂਏਟ ਹੋਏ ਨੌਜਵਾਨਾਂ ਨੂੰ ਪੇਸ਼ੇਵਰ ਬਣਾਉਣ ਲਈ ਇੱਕ ਯੂਥ ਇੰਟਰਨਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।ਜਿਸ ਦੀਆਂ ਅਰਜ਼ੀਆਂ ਮੰਗਣ ਦੀ ਆਖਿਰੀ ਮਿਤੀ 5 ਜਨਵਰੀ 2024 ਨਿਸਚਿਤ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਨੌਜਵਾਨਾਂ ਨੂੰ ਵੱਖ-ਵੱਖ ਵਿਕਾਸ ਅਤੇ ਪ੍ਰਸ਼ਾਸਕੀ ਪ੍ਰੋਜੈਕਟਾਂ ‘ਤੇ ਕੰਮ ਕਰਨ ਦੇ ਮੌਕੇ ਪ੍ਰਦਾਨ ਕਰਨਾ ਹੈ ਤਾਂ ਜੋ ਨੌਜਵਾਨ ਜਿਲ੍ਹੇ ਦੀ ਪ੍ਰਗਤੀ ਵਿੱਚ ਆਪਣਾ ਅਰਥਪੂਰਨ ਯੋਗਦਾਨ ਪਾ ਸਕਣ।ਉਨਾਂ ਦੱਸਿਆ ਕਿ ਬਿਨੈਕਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਵਿਚੋਂ ਗ੍ਰੈਜੂੁਏਟ (ਇਕ ਸਾਲ ਤੋਂ ਵੱਧ ਨਹੀਂ) ਹੋਣਾ ਚਾਹੀਦਾ ਅਤੇ ਬਿਨੈਕਾਰ ਦੀ ਉਮਰ ਇੱਕ ਜਨਵਰੀ 2025 ਤੱਕ 21 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।ਬਿਨੈਕਾਰ ਨੂੰ ਡਾਟਾ ਵਿਸ਼ਲੇਸ਼ਨ, ਪ੍ਰੋਜੈਕਟ ਪ੍ਰਬੰਧਨ, ਸੰਚਾਰ ਹੁਨਰ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਮੁਹਾਰਤ, ਐਮ.ਐਸ ਆਫਿਸ ਟੂਲਜ਼ ਅਤੇ ਸ਼ੋਸ਼ਲ ਮੀਡੀਆ ਵਿੱਚ ਗਿਆਨ, ਹੋਣਾ ਜ਼ਰੂਰੀ ਹੈ। ਉਨਾਂ ਦੱਸਿਆ ਕਿ ਇਹ ਨੌਜਵਾਨ ਸਰਕਾਰ ਵਲੋਂ ਚਲਾਏ ਜਾਂਦੇ ਵਿਕਾਸ ਅਤੇ ਪ੍ਰਬੰਧਕੀ ਪ੍ਰੋਜੈਕਟਾਂ ਨੂੰ ਡਿਜ਼ਾਇਨ ਕਰਨ ਅਤੇ ਲਾਗੂ ਕਰਨ, ਡਾਟਾ ਇਕੱਠਾ ਕਰਨ ਅਤੇ ਫੈਸਲੇ ਲੈਣ ਦੀਆਂ ਪ੍ਰੀਕ੍ਰਿਆਵਾਂ ਵਿੱਚ ਸਹਾਇਤਾ ਲਈ ਰਿਪੋਰਟਾਂ ਤਿਆਰ ਕਰਨਗੇ ਅਤੇ ਵਰਕਸ਼ਾਪਾਂ, ਸਿਖਲਾਈ ਸ਼ੈਸਨਾਂ ਅਤੇ ਭਾਈਚਾਰਕ ਸ਼ਮੂਲੀਅਤ ਦੀਆਂ ਗਤੀਵਿਧੀਆਂ ਦਾ ਆਯੋਜਨ ਵੀ ਕਰਨਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਿੰਨ ਮਹੀਨੇ ਦਾ ਕੋਰਸ ਕਰਨ ਉਪਰੰਤ ਨੌਜਵਾਨਾਂ ਨੂੰ ਡਿਪਟੀ ਕਮਿਸ਼ਨਰ ਵਲੋਂ ਹਸਤਾਖਰ ਕੀਤਾ ਗਿਆ ਸਰਟੀਫਿਕੇਟ ਵੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਨੌਜਵਾਨਾਂ ਨੂੰ ਚੁਣੇ ਜਾਣ ਦੀ ਪ੍ਰਕਿਰਿਆ ਦੋ ਪੜਾਵਾਂ ਵਿੱਚ ਪੂਰੀ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਸਕਰੀਨਿੰਗ ਦੌਰਾਨ ਮਾਪਦੰਡਾਂ ਦੇ ਆਧਾਰ ‘ਤੇ ਬਿਨੈਕਾਰਾਂ ਨੂੰ ਸ਼ਾਰਟਲਿਸਟ ਕਰਕੇ ਇੰਟਰਵਿਊ ਕੀਤੀ ਜਾਵੇਗੀ।ਚੋਣ ਪ੍ਰਕਿਰਿਆ ਲਈ ਕੋਈ ਚੋਣ ਭੱਤਾ ਨਹੀਂ ਦਿੱਤਾ ਜਾਵੇਗਾ ਅਤੇ ਜਿਲ੍ਹਾ ਪ੍ਰਸ਼ਾਸਨ ਦਾ ਫੈਸਲਾ ਅੰਤਮ ਹੋਵੇਗਾ।ਪ੍ਰਸ਼ਾਸਨ ਆਪਣੀ ਮਰਜ਼ੀ ਅਨੁਸਾਰ ਇਸ ਪ੍ਰੋਗਰਾਮ ਨੂੰ ਬੰਦ ਵੀ ਕਰ ਸਕਦਾ ਹੈ।
ਉਨਾਂ ਦੱਸਿਆ ਕਿ ਬਿਨੈਕਾਰਾਂ ਨੂੰ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਪਬਲਿਕ ਪਾਲਿਸੀ, ਸ਼ੋਸ਼ਲ ਸਾਇੰਸ, ਇੰਜੀਨੀਅਰਿੰਗ, ਵਾਤਾਵਰਨ, ਪ੍ਰਬੰਧਨ, ਡਾਟਾ ਵਿਸ਼ਲੇਸ਼ਨ, ਕਾਨੂੰਨ, ਮੀਡੀਆ, ਸਿਹਤ ਵਿਗਿਆਨ ਆਦਿ ਵਿੱਚ ਗ੍ਰੈਜੁਏਟ ਹੋਣਾ ਜ਼ਰੂਰੀ ਹੈ।ਵਧੇਰੇ ਜਾਣਕਾਰੀ ਲਈ ਈਮੇਲ bhumika.shivhare9@punjab.gov.in ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਐਪਲੀਕੇਸ਼ਨ ਲਿੰਕ <https://forms.gle/V4fiZbB9DayfX85q9>
‘ਤੇ ਜਾ ਕੇ ਫਾਰਮ ਭਰਿਆ ਜਾ ਸਕਦਾ ਹੈ।