Saturday, February 15, 2025

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀਆਂ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਲੋਹੜੀ ਦਾ ਤਿਉਹਾਰ

ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ’ਚ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵੁਮੈਨ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਅਤੇ ਖਾਲਸਾ ਕਾਲਜ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਸਰਦ ਰੁੱਤ ਦਾ ਤਿਉਹਾਰ ਲੋਹੜੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਪ੍ਰਿੰਸੀਪਲ ਡਾ. ਲਕਸ਼ਮੀ ਚੋਪੜਾ, ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਅਤੇ ਅਮਰਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨਾਲ ਮਿਲ ਕੇ ਭੁੱਗਾ ਬਾਲ ਕੇ ਧੂਣੀ ’ਚ ਰਸਮਾਂ ਮੁਤਾਬਕ ਤਿਲ ਆਦਿ ਪਾਉਂਦਿਆਂ ਈਸਰ ਆ, ਦਲਿੱਦਰ ਜਾ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ, ਜਿਸ ਦਾ ਮਤਲਬ ‘ਪ੍ਰਮਾਤਮਾ ਦੀ ਮਿਹਰ ਹੋਵੇ, ਦੁੱਖ-ਕਲੇਸ਼ ਨਾ ਆਉਣ ਤੇ ਸਾਰੇ ਕਲੇਸ਼ਾਂ ਦੀ ਜੜ੍ਹ ਸੜ ਜਾਵੇ’ ਲੋਹੜੀ ਦਾ ਗੀਤ ਗਾਇਆ।
ਇਸ ਦੌਰਾਨ ਗੁਰੂ ਤੇਗ ਬਹਾਦਰ ਵੁਮੈਨ ਕਾਲਜ ਦੇ ਪ੍ਰਿੰਸੀਪਲ ਡਾ. ਚੋਪੜਾ, ਸ੍ਰੀਮਤੀ ਗਿੱਲ ਅਤੇ ਸ: ਗਿੱਲ ਨੇ ਆਪਣੇ-ਆਪਣੇ ਭਾਸ਼ਣਾਂ ਰਾਹੀਂ ਵਿਦਿਆਰਥੀਆਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਦੱਸਿਆ ਕਿ ਲੋਹੜੀ ਦਾ ਸੱਭਿਆਚਾਰਕ ਮਹੱਤਵ ਹੈ, ਕਿਉਂਕਿ ਇਹ ਲੋਕਾਂ ਨੂੰ ਇਕਜੁੱਟ ਕਰਦਿਆਂ ਏਕਤਾ ਸ਼ਕਤੀ ਵਜੋਂ ਕੰਮ ਕਰਦੀ ਹੈ।ਲੋਹੜੀ ਭਾਰਤ ਦੇ ਸਭ ਤੋਂ ਵੱਧ ਮਨਾਏ ਜਾਣ ਵਾਲੇ ਤਿਉਹਾਰਾਂ ’ਚੋਂ ਇੱਕ ਹੈ, ਜੋ ਉਤਰੀ ਭਾਰਤ ਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਆਦਿ ਵਰਗੇ ਕਈ ਰਾਜਾਂ ’ਚ ਮਨਾਇਆ ਜਾਂਦਾ ਹੈ, ਜੋ ਕਠੋਰ ਸਰਦੀਆਂ ਦੇ ਅੰਤ ਨੂੰ ਦਰਸਾਉਂਦਿਆਂ ਆਉਣ ਵਾਲੀ ਬਸੰਤ ਦੇ ਲੰਬੇ, ਧੁੱਪ ਵਾਲੇ ਦਿਨਾਂ ਦਾ ਸਵਾਗਤ ਕਰਦਾ ਹੈ।ਇਸ ਦੇ ਨਾਲ ਹੀ ਇਹ ਤਿਉਹਾਰ ਕਿਸਾਨਾਂ ਲਈ ਬਹੁਤ ਮਹੱਤਵਪੂਰਨ ਹੈ।ਕਿਉਂਕਿ ਇਹ ਹਾੜੀ ਦੀਆਂ ਫਸਲਾਂ, ਖਾਸ ਕਰਕੇ ਗੰਨਾ, ਕਣਕ ਅਤੇ ਸਰ੍ਹੋਂ ਦੀ ਕਟਾਈ ਨੂੰ ਦਰਸਾਉਂਦਾ ਹੈ।ਉਨ੍ਹਾਂ ਕਿਹਾ ਕਿ ਲੋਹੜੀ ਵਾਢੀ ਦੇ ਮੌਸਮ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ, ਜੋ ਖੁਸ਼ਹਾਲੀ, ਖੁਸ਼ੀ ਅਤੇ ਜੀਵਨ ਦੇ ਨਵੀਨੀਕਰਨ ਦਾ ਪ੍ਰਤੀਕ ਹੈ ਤੇ ਪਰਿਵਾਰ ਅਤੇ ਭਾਈਚਾਰਕ ਸਦਭਾਵਨਾ ਦੀ ਮਹੱਤਤਾ ਦੀ ਯਾਦ ਦਿਵਾਉਂਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਦੱਸਦਿਆਂ ਕਿਹਾ ਕਿ ਮਾਘੀ ਦੀ ਸਿੱਖ ਇਤਿਹਾਸ ’ਚ ਬਹੁਤ ਹੀ ਮਹੱਤਤਾ ਹੈ।ਉਨ੍ਹਾਂ ਕਿਹਾ ਕਿ ਹਰੇਕ ਸਾਲ 40 ਸਿੱਖ ਮੁਕਤਿਆਂ ਦੀ ਸ਼ਹਾਦਤ ਦੀ ਯਾਦ ’ਚ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦਾ ਮੇਲਾ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਮਕਰ ਸਕ੍ਰਾਂਤੀ ਵਜੋਂ ਵੀ ਜਾਣੇ ਜਾਂਦੇ ਇਸ ਤਿਉਹਾਰ ਨੂੰ ਸਮੂਹ ਭਾਰਤ ’ਚ ਠੰਡ ’ਚ ਪੱਕੀ ਫਸਲ ਦਾ ਜਸ਼ਨ ਮਨਾਉਣ ਲਈ ਵੀ ਮਨਾਇਆ ਜਾਂਦਾ ਹੈ, ਜੋ ਕਿ ਸਰਦ ਰੁੱਤ ਦੀ ਸੰਗਰਾਂਦ ਦਾ ਤਿਉਹਾਰ ਹੈ।ਉਨ੍ਹਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ 40 ਮੁਕਤਿਆਂ ਨਾਲ ਹੈ ਜੋ ਬੇਦਾਵਾ ਦੇ ਕੇ ਗਏ ਸਨ, ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਸਮੇਂ ਦੇ ਬਦਲਣ ਨਾਲ ਅਜਕਲ ਧੀਆਂ ਦੀ ਲੋਹੜੀ ਵੀ ਮਨਾਈ ਜਾ ਰਹੀ ਹੈ ਜੋ ਕਿ ਸਮਾਜ ਦੀ ਬਦਲਦੀ ਸੋਚ ਨੂੰ ਦਰਸਾਉਂਦੀ ਹੈ।ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵਲੋਂ ਲੋਹੜੀ ਨਾਲ ਸਬੰਧਿਤ ਵਿਚਾਰ, ਕਵਿਤਾ, ਗਿੱਧਾ, ਭੰਗੜਾ ਆਦਿ ਪੇਸ਼ਕਾਰੀ ਦਿੱਤੀ ਗਈ।

Check Also

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …