ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਤਰਕਸ਼ੀਲ਼ ਸੁਸਾਇਟੀ ਪੰਜਾਬ ਵਲੋਂ ਛੇਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਮਾਝਾ ਜ਼ੋਨ ਅਤੇ ਇਕਾਈ ਪੱਧਰ ‘ਤੇ ਅਹਿਮ ਸਥਾਨ ਹਾਸਿਲ ਕਰਨ ਵਾਲੇ ਰਾਸ਼ਟਰੀ ਬਾਲ ਸਿੱਖਿਆ ਕੇਂਦਰ ਸੀਨੀਅਰ ਸੈਕੰਡਰੀ ਸਕੂਲ ਕਿਸ਼ਨ ਕੋਟ ਅੰਮ੍ਰਿਤਸਰ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
ਮਾਝਾ ਜ਼ੋਨ ਵਿੱਚੋਂ ਬਾਰਵੀਂ ਜਮਾਤ ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਰਾਸ਼ਟਰੀ ਬਾਲ ਸਿੱਖਿਆ ਕੇਂਦਰ ਕਿਸ਼ਨ ਕੋਟ ਦੀ ਵਿਦਿਆਰਥਣ ਉਲਮਨੇਸ਼ਾ ਤੋਂ ਇਲਾਵਾ ਇਕਾਈ ਪੱਧਰ ‘ਤੇ ਬਾਰਵੀਂ ਜਮਾਤ ‘ਚੋਂ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕਰਨ ਵਾਲੀ ਸਵੀਤਾ ਮੀਨਾ ਅਤੇ ਸਿਮਰਨ, ਗਿਆਰਵੀਂ ਜਮਾਤ ‘ਚੋਂ ਪਹਿਲਾ ਸਥਾਨ ਪੱਲਵੀ, ਨੌਵੀਂ ‘ਚੋਂ ਤੀਜਾ ਸਥਾਨ ਜੈਨੀਸ ਅਤੇ ਛੇਵੀਂ ‘ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਅਮਰ ਨੂੰ ਤਰਕਸ਼ੀਲ਼ ਕਿਤਾਬਾਂ ਦੇ ਸੈਟ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਚੇਤਨਾ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ 42 ਵਿਦਿਆਰਥੀਆਂ ਨੂੰ ਵੀ ਸਰਟੀਫੀਕੇਟ ਦੇ ਕੇ ਸਨਮਾਨਿਆ ਗਿਆ।
ਤਰਕਸ਼ੀਲ਼ ਆਗੂਆਂ ਸੁਮੀਤ ਅੰਮ੍ਰਿਤਸਰ, ਜਸਪਾਲ ਬਾਸਰਕੇ ਅਤੇ ਪ੍ਰਿੰਸੀਪਲ ਮੇਲਾ ਰਾਮ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਪ੍ਰਫੁੱਲਿਤ ਕਰਨਾ, ਉਨ੍ਹਾਂ ਨੂੰ ਹਰ ਤਰਾਂ ਦੇ ਵਹਿਮਾਂ ਭਰਮਾਂ,ਅੰਧਵਿਸ਼ਵਾਸ਼ਾਂ ਤੇ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਨਾ ਅਤੇ ਸਮਾਜ ਦੇ ਅਸਲ ਨਾਇਕਾਂ ਮਹਾਨ ਵਿਗਿਆਨੀਆਂ, ਇਨਕਲਾਬੀ ਸ਼ਹੀਦਾਂ ਅਤੇ ਚਿੰਤਕਾਂ ਦੇ ਰੂ-ਬ-ਰੂ ਕਰਵਾਉਣਾ ਹੈ ਤਾਂ ਕਿ ਇੱਕ ਵਿਗਿਆਨਕ, ਸਿਹਤਮੰਦ ਅਤੇ ਵਿਕਸਤ ਸਮਾਜ ਦੀ ਉਸਾਰੀ ਵਿੱਚ ਉਹ ਆਪਣਾ ਵੱਡਾ ਯੋਗਦਾਨ ਪਾ ਸਕਣ।
ਸਕੂਲ ਦੇ ਮੁੱਖ ਨਿਰਦੇਸ਼ਕ ਦਿਨੇਸ਼ ਕਪੂਰ ਅਤੇ ਪ੍ਰਿੰਸੀਪਲ ਰੀਤੂ ਕਪੂਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮੌਜ਼ੂਦਾ ਵਿਗਿਆਨ ਦੇ ਯੁੱਗ ਵਿੱਚ ਵਿਦਿਆਰਥੀਆਂ ਨੂੰ ਅੰਧਵਿਸ਼ਵਾਸ਼ਾਂ, ਵਹਿਮਾਂ ਭਰਮਾਂ, ਧਾਗੇ ਤਵੀਤਾਂ, ਜਨਮ ਟੇਵਿਆਂ, ਨਸ਼ਿਆਂ, ਫਿਰਕਾਪ੍ਰਸਤੀ, ਪਾਖੰਡੀ ਬਾਬਿਆਂ, ਸਾਧਾਂ, ਜੋਤਸ਼ੀਆਂ, ਡੇਰਿਆਂ ਦੇ ਝਾਂਸਿਆਂ ਤੋਂ ਬਚਣ ਅਤੇ ਜ਼ਿੰਦਗੀ ਦੀਆਂ ਸਮੱਸਿਆਵਾਂ ਦੇ ਟਾਕਰੇ ਲਈ ਵਿਗਿਆਨਕ ਦ੍ਰਿਸ਼ਟੀਕੋਣ ਅਪਨਾਉਣ ਲਈ ਵਿਦਿਅਕ ਅਦਾਰਿਆਂ ਵਿੱਚ ਸਮੇਂ-ਸਮੇਂ ‘ਤੇ ਅਜਿਹੀਆਂ ਵਿਗਿਆਨਕ ਚੇਤਨਾ ਪ੍ਰੀਖਿਆਵਾਂ ਬੇਹੱਦ ਜਰੂਰੀ ਹਨ।
ਤਰਕਸ਼ੀਲ਼ ਸੁਸਾਇਟੀ ਵਲੋਂ ਚੇਤਨਾ ਪ੍ਰੀਖਿਆ ਵਿੱਚ ਪੂਰਨ ਸਹਿਯੋਗ ਕਰਨ ਲਈ ਪ੍ਰਿੰਸੀਪਲ ਰੀਤੂ ਕਪੂਰ ਦਾ ਸਨਮਾਨ ਅਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।ਸਮਾਗਮ ਵਿੱਚ ਅਧਿਆਪਕ ਸੰਦੀਪ ਕੁਮਾਰ, ਜਸਪ੍ਰੀਤ, ਕਮਲੇਸ਼ ਤ੍ਰੇਹਨ, ਪੂਨਮ, ਦਿਖਸ਼ਾ ਸਹਿਗਲ, ਨੀਲਮ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥੀ ਅਤੇ ਅਧਿਆਪਕ ਵੀ ਸ਼ਾਮਲ ਹੋਏ।
Check Also
ਪ੍ਰੋ. (ਡਾ.) ਕਰਮਜੀਤ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਧੂ ਚਾਰਜ਼ ਦੇਣ ‘ਤੇ ਵਧਾਈ
ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. …