ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੇ ਡਿਫੈਂਸ ਵਿਭਾਗ ਵੱਲੋਂ ਅੰਮ੍ਰਿਤਧਾਰੀ ਸਿੱਖਾਂ ਨੂੰ ਡਿਊਟੀ ਸਮੇਂ ਕਕਾਰ ਪਹਿਨਣ ਦੀ ਖੁੱਲ ਦੇਣ ਵਾਲੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਰੀ ਪ੍ਰੈੱਸ ਰਲੀਜ਼ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਪੰਥ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼-ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖ ਭਾਈਚਾਰੇ ਨੂੰ ਆਉਂਦੀਆਂ ਮੁਸ਼ਕਲਾਂ ਬਾਰੇ ਸਬੰਧਤ ਸਰਕਾਰਾਂ ਦੇ ਦਿੱਲੀ ਸਥਿਤ ਦੂਤਘਰਾਂ ਰਾਹੀਂ ਜਾਂ ਫਿਰ ਭਾਰਤ ਸਰਕਾਰ ਨਾਲ ਚਿੱਠੀ ਪੱਤਰ ਕਰ ਕੇ ਉਹਨਾਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਮਾਮਲਾ ਭਾਵੇਂ ਦਸਤਾਰ ਦਾ ਹੋਵੇ ਤੇ ਭਾਵੇ ਕਕਾਰਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਹਮੇਸ਼ਾਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਸਬੰਧਤ ਦੇਸ਼ਾਂ ਨਾਲ ਲਿਖਾਪੜ੍ਹੀ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਅਮਰੀਕਾ ਵਰਗੇ ਵੱਡੇ ਦੇਸ਼ ਦੀ ਮਿਲਟਰੀ ਵਿੱਚ ਸਿੱਖ ਜਵਾਨਾਂ ਨੂੰ ਕਕਾਰ ਪਹਿਨਣ ਬਾਰੇ ਆਉਂਦੀ ਮੁਸ਼ਕਿਲ ਤੋਂ ਭਾਰਤ ਸਰਕਾਰ ਅਤੇ ਅਮਰੀਕੀ ਦੂਤਾਵਾਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਅੰਮ੍ਰਿਤਧਾਰੀ ਸਿੱਖ ਜਵਾਨਾਂ ਨੂੰ ਅਮਰੀਕਾ ਦਾ ਡਿਫੈਂਸ ਵਿਭਾਗ ਡਿਊਟੀ ਸਮੇਂ ਕਕਾਰ ਪਹਿਨਣ ਦੀ ਖੁੱਲ ਦੇਵੇ। ਅਮਰੀਕਾ ਦੇ ਡਿਫੈਂਸ ਵਿਭਾਗਿ ਵੱਲੋਂ ਸਿੱਖ ਭਾਈਚਾਰੇ ਦੀ ਮੁਸ਼ਕਿਲ ਨੂੰ ਸਮਝਦਿਆਂ ਅਹਿਮ ਫੈਸਲਾ ਕਰਕੇ ਡਿਊਟੀ ਸਮੇਂ ਕਕਾਰ ਪਹਿਨਣ ਦੀ ਖੁੱਲ੍ਹ ਦਿੱਤੀ ਹੈ ਜੋ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ। ਉਹਨਾਂ ਕਿਹਾ ਕਿ ਸਿੱਖਾਂ ਨੇ ਗੁਰੂ ਸਾਹਿਬਾਨ ਵੱਲੋਂ ਮਿਲੇ ਸਿਧਾਂਤ ਨੂੰ ਕਦੇ ਨਹੀਂ ਛੱਡਿਆ ਤੇ ਦੇਸ਼ ਹੋਵੇ ਭਾਂਵੇ ਵਿਦੇਸ਼ ਜਿਥੇ ਵੀ ਵਸੇ ਹਨ ਉਸ ਦੇਸ਼ ਦੀ ਤਰੱਕੀ, ਖੁਸ਼ਹਾਲੀ ਤੇ ਰੱਖਿਆ ਲਈ ਆਪਾਂ ਵਾਰਨ ਤੋਂ ਕਦੇ ਵੀ ਪਿੱਛੇ ਨਹੀਂ ਹਟੇ। ਉਹਨਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਵਿਦੇਸ਼ੀ ਸਰਕਾਰਾਂ ਸਿੱਖਾਂ ਨੂੰ ਸਮਝ ਰਹੀਆਂ ਹਨ ਤੇ ਦੂਜੀ ਸੰਸਾਰ ਜੰਗ ਦੇ ਇਤਿਹਾਸ ਨੂੰ ਪੜ੍ਹ ਰਹੀਆਂ ਹਨ।
Check Also
ਦੀਵਾਲੀ ਮੌਕੇ ਵੱਡੀ ਗਿਣਤੀ ‘ਚ ਲੱਗੇ ਡੈਕੋਰੇਸ਼ਨ ਤੇ ਆਤਿਸ਼ਬਾਜ਼ੀ ਦੇ ਸਟਾਲ
ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਵਿੱਚ ਦੀਵਾਲੀ ਮੌਕੇ ਜਿਥੇ ਮਾਪਿਆਂ ਨੇ ਘਰ ਦੀ …