ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਗੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ
ਅੰਮ੍ਰਿਤਸਰ, 7 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਵਿਚਾਰ ਵਟਾਂਦਰੇ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ
ਰਘਬੀਰ ਸਿੰਘ ਨੂੰ ਜਥੇਦਾਰ ਦੇ ਅਹੁੱਦੇ ਤੋਂ ਸੇਵਾ ਮੁਕਤ ਕਰ ਦਿੱਤਾ ਹੈ ਅਤੇ ਉਹ ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾਵਾਂ ਨਿਭਾਉਣਗੇ।ਇਸੇ ਤਰ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਪਾਸੋਂ ਵੀ ਜਥੇਦਾਰ ਦਾ ਚਾਰਜ਼ ਵਾਪਸ ਲਿਆ ਗਿਆ ਹੈ ਅਤੇ ਉਹ ਪਹਿਲਾਂ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵਜੋਂ ਸੇਵਾਵਾਂ ਜਾਰੀ ਰੱਖਣਗੇ।ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਨੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਿੱਖ ਵਿਦਵਾਨ ਅਤੇ ਕਥਾਵਾਚਕ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਉੱਘੀ ਧਾਰਮਿਕ ਸ਼ਖ਼ਸੀਅਤ ਬਾਬਾ ਟੇਕ ਸਿੰਘ ਮੁਖੀ ਬੁੰਗਾ ਮਸਤੂਆਣਾ, ਦਮਦਮਾ ਸਾਹਿਬ ਨੂੰ ਬਤੌਰ ਜਥੇਦਾਰ ਨਿਯੁੱਕਤ ਕੀਤਾ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁੱਕਤੀ ਸਾਰੀਆਂ ਸਿੱਖ ਸੰਸਥਾਵਾਂ, ਜਥੇਬੰਦੀਆਂ ਅਤੇ ਸੰਪਰਦਾਵਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਕੀਤੀ ਜਾਵੇਗੀ ਅਤੇ ਉਦੋਂ ਤੱਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵ-ਨਿਯੁੱਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਬਤੌਰ ਕਾਰਜਕਾਰੀ ਜਥੇਦਾਰ ਸੇਵਾਵਾਂ ਨਿਭਾਉਗੇ।
ਰਘੂਜੀਤ ਸਿੰਘ ਨੇ ਅੰਤ੍ਰਿੰਗ ਕਮੇਟੀ ਵੱਲੋਂ ਪਾਸ ਕੀਤੇ ਗਏ ਮਤੇ ਦੇ ਹਵਾਲੇ ਨਾਲ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਜਿਆ ਮੀਰੀ ਪੀਰੀ ਦਾ ਮਹਾਨ ਤਖ਼ਤ ਹੈ ਅਤੇ ਦੁਨੀਆ ਭਰ ਵਿੱਚ ਬੈਠਾ ਹਰ ਸਿੱਖ ਇਸ ਸਿਧਾਂਤ ਨੂੰ ਸਮਰਪਿਤ ਅਤੇ ਨਤਮਸਤਕ ਹੈ ਅਤੇ ਹਮੇਸ਼ਾ ਰਹੇਗਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਗੁਰਦੁਆਰਾ ਐਕਟ 1925 ਤਹਿਤ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ, ਜਿਸ ਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਇਹ ਕੋਸ਼ਿਸ਼ ਰਹੀ ਹੈ ਕਿ ਗੁਰੂ ਸਾਹਿਬਾਨ ਦੇ ਆਸ਼ੇ ਮੁਤਾਬਿਕ ਸਿੱਖ ਸੰਸਥਾਵਾਂ ਦੀ ਸੁਚੱਜੀ ਸੇਵਾ ਸੰਭਾਲ ਕੀਤੀ ਜਾਵੇ, ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ, ਗੁਰੂ ਇਤਿਹਾਸ ਨੂੰ ਦੁਨੀਆਂ ਭਰ ਵਿੱਚ ਪ੍ਰਚਾਰਣ ਲਈ ਅਤੇ ਸਮੁੱਚੀ ਮਾਨਵਤਾ ਤੱਕ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪਹੁੰਚਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media