Wednesday, May 28, 2025
Breaking News

25ਵਾਂ ਰਾਸ਼ਟਰੀ ਰੰਗਮੰਚ ਉਤਸਵ – ਨਾਟਕ ‘ਮਨ ਮਿੱਟੀ ਦਾ ਬੋਲਿਆ’ ਕੀਤਾ ਮੰਚਿਤ

ਅੰਮ੍ਰਿਤਸਰ, 19 ਮਾਰਚ (ਦੀਪ ਦਵਿੰਦਰ ਸਿੰਘ) – ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਵਿਸ਼ਵ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਵਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 25 ਵੇਂ 10 ਦਿਨਾਂ ਰਾਸ਼ਟਰੀ ਰੰਗਮੰਚ ਉਤਸਵ ਦੇ ਪੰਜਵੇਂ ਦਿਨ ਸੁਚੇਤਕ ਰੰਗਮੰਚ ਮੋਹਾਲੀ ਦੀ ਟੀਮ ਦੁਆਰਾ ਸ਼ਬਦੀਸ਼ ਦਾ ਲਿਖਿਆ ਅਤੇ ਅਨੀਤਾ ਸ਼ਬਦੀਸ਼ ਵਲੋਂ ਨਿਰਦੇਸ਼ਤ ਕੀਤਾ ਨਾਟਕ ‘ਮਨ ਮਿੱਟੀ ਦਾ ਬੋਲਿਆ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।ਇਕ ਪਾਤਰੀ ਮਨ ਮਿੱਟੀ ਦਾ ਬੋਲਿਆ ਨਾਟਕ ਭਾਰਤੀ ਸਮਾਜ ਵਿੱਚ ਇਸਤਰੀ ਦੀ ਹੋਣੀ-ਅਨਹੋਣੀ ਨੂੰ ਦਰਸਾਉਂਦੀ ਰਚਨਾ ਹੈ।ਇਹ ਨਾਟਕ ਦੇਸ਼-ਵਿਦੇਸ਼ ਦੇ ਵਸੀਹ ਦਾਇਰੇ ਵਿੱਚ ਬਲਾਤਕਾਰ ਦਾ ਸ਼ਿਕਾਰ ਔਰਤਾਂ ਦੀ ਤ੍ਰਾਸਦੀ ਬਿਆਨ ਕਰਦਾ ਹੈ।ਇਹ ਨਾਟਕ ਇਸ ਗੰਭੀਰ ਸਮੱਸਿਆ ਨੂੰ ਮਰਦ-ਪ੍ਰਧਾਨ ਸਮਾਜ ਦੇ ਵਿਸ਼ਵ-ਵਿਆਪੀ ਵਰਤਾਰੇ ਦੇ ਸੰਦਰਭ ਵਿੱਚ ਸਾਕਾਰ ਕਰਦਾ ਹੈ।ਇਹ ਇੱਕ-ਪਾਤਰੀ ਨਾਟਕ ਭਾਸ਼ਨੀ ਮੋਨੋਲਾਗ ਨਹੀਂ ਹੈ, ਬਲਕਿ ਕਥਾਕ੍ਰਮ ਨੂੰ ਸੀਨ-ਦਰ-ਸੀਨ ਅਗਾਂਹ ਤੋਰਦਾ ਹੈ।ਇਸ ਲਈ ਢੁੱਕਵੀਆਂ ਨਾਟਕੀ ਤਕਨੀਕਾਂ ਦਾ ਇਸਤੇਮਾਲ ਕੀਤਾ ਗਿਆ ਹੈ।ਇਸ ਨਾਟਕ ਦਾ ਆਗਾਜ਼ ਵਰਜੀਨੀਆ ਵੁਲਫ਼ ਲਈ ਹਵਾਲਾ ਬਣੀ ਕਵਿਤਾ ਨਾਲ਼ ਹੁੰਦਾ ਹੈ, ਜੋ ਟਾਈਮ ਆਫ ਐਲਜ਼ਾਬੈਥ ਦੇ ਮੱਦੇਨਜ਼ਰ ਸਵਾਲ ਉਠਾਉਂਦੀ ਹੈ ਕਿ ਸਮਾਜ ਦੇ ਗਤੀਸ਼ੀਲ ਵਿਕਾਸ ਵਿੱਚ ਇਸਤਰੀ ਤੇ ਮਰਦ ਦਾ ਭਾਵਨਾਵਾਂ ਦੇ ਪ੍ਰਗਟਾਵੇ ਲਈ ਕਲਮ ਉਠਾ ਕੇ ਲਿਖਣ ਵਿੱਚ ਸਦੀਆਂ ਦਾ ਫ਼ਾਸਲਾ ਕਿਉਂ ਹੈ? ਵਿਕਸਤ ਮੰਨੇ ਜਾਂਦੇ ਦੇਸ਼ਾਂ ਦਾ ਇਹ ਫ਼ਾਸਲਾ ਸੁਚੇਤ ਭਾਰਤੀ ਨਾਰੀ ਦੀ ਪ੍ਰਤੀਨਿਧਤਾ ਕਰਦੇ ਨਾਟਕੀ ਕਿਰਦਾਰ ਨੂੰ ਸੱਚ ਦੀ ਸੋਝੀ ਵੱਲ ਤੋਰਦਾ ਹੈ।ਉਹ ਭਾਰਤ ਦੀ ਕੌਮੀ ਰਾਜਧਾਨੀ ਵਿੱਚ ਹੋਏ ਭਿਆਨਕ ਰੇਪ ਕਾਂਡ ਖਿ਼ਲਾਫ਼ ਪੈਦਾ ਹੋਏ ਵਿਆਪਕ ਵਿਦਰੋਹ ਦੌਰਾਨ ਸਮਾਜ ਅੰਦਰ ਵਾਪਰਦੇ, ਪਰ ਅੱਖਾਂ ਤੋਂ ਪਰੋਖੇ ਰਹਿ ਰਹੇ ਜਿਨਸੀ ਸੋਸ਼ਣ ਦੀ ਪੀੜਾ ਆਪਣੇ ਤਨ ਮਨ ‘ਤੇ ਮਹਸੂਸ ਕਰਦੀ ਹੈ।ਇਹ ਜਿਨਸੀ ਸੋਸ਼ਣ ਘਰਾਂ ਅੰਦਰ ਹੁੰਦਾ ਹੈ, ਜਿਸ ‘ਤੇ ਸਾਡਾ ਇੱਜ਼ਤਦਾਰ ਸਮਾਜ ਪਰਦਾਪੋਸ਼ੀ ਕਰਦਾ ਹੈ।ਇਸ ਤਰ੍ਹਾਂ ਕਥਾ ਕੋਲਾਜ ਨਾਰੀ ਦੇ ਹੋਂਦ ਦੇ ਸੰਕਟ ਅਤੇ ਉਸ ਦੇ ਸੰਘਰਸ਼ ਨੂੰ ਪਰਤ-ਦਰ-ਪਰਤ ਖੁੱਲ੍ਹਣ ਦੇ ਰਾਹ ਪੈ ਜਾਂਦਾ ਹੈ।
ਇਸ ਨਾਟ ਕਥਾ ਵਿੱਚ ਸਮਾਜ ਦੇ ਵੱਖ-ਵੱਖ ਵਰਗ ਦੀਆਂ ਔਰਤਾਂ ਦਾ ਦਰਦ ਹੈ, ਜਿਸ ਵਿੱਚ ਅੰਤਾਂ ਦੀ ਗਰੀਬੀ ਭੋਗਦੇ ਪਰਿਵਾਰਾਂ ਦੀ ਦਲਿਤ ਇਸਤਰੀ ਵੀ ਹੈ ਅਤੇ ਸਿਆਸੀ-ਸਮਾਜੀ ਸਵਾਲਾਂ ਸਰੋਕਾਰਾਂ ਪ੍ਰਤੀ ਸੁਚੇਤ ਤੇ ਸਾਹਤਿਕ ਸੁਭਾਅ ਵਾਲ਼ੀ ਇਸਤਰੀ ਵੀ ਹੈ।ਇੱਕ ਸੁਚੇਤ ਔਰਤ ਜਿਉਂ ਹੀ ਖ਼ੁਦਕੁਸ਼ੀ ਦੇ ਰਾਹ ਪੈਂਦੀ ਹੈ, ਉਸਦੇ ਸਾਹਮਣੇ ਪਾਕਸਿਤਾਨ ਦੀ ਮੁਖ਼ਤਾਰਾਂ ਮਾਈ ਆ ਖੜੀ ਹੁੰਦੀ ਹੈ, ਜਿਸ ਨੇ ਗਰੀਬੀ ਦੇ ਬਾਵਜ਼ੂਦ ਜ਼ੋਰਾਵਰਾਂ ਦਾ ਸਾਹਮਣਾ ਕਰਦੇ ਹੋਏ ਸੰਘਰਸ਼ ਦੀ ਮਸ਼ਾਲ ਜਗਾ ਰੱਖੀ ਹੈ।ਇਸ ਤਰ੍ਹਾਂ ਨਾਟਕ ਸਿਖ਼ਰ ਵੱਲ ਵਧਦਾ ਹੈ ਤੇ ਮਾਨਵ ਸਮਾਜ ਦੇ ਇਤਹਾਸਕ ਸੰਕਟ ਦਾ ਹੱਲ ਚੇਤਨਾ ਦੇ ਵਿਕਾਸ ਵਿੱਚ ਵੇਖਦਾ ਹੈ।ਇਹ ਨਾਟਕ ਪੱਛਮ ਦੇ ਪੂੰਜੀਵਾਦੀ ਨਾਰੀਵਾਦ ਨੂੰ ਸਵਾਲਾਂ ਦੇ ਦਾਇਰੇ ਵਿੱਚ ਰੱਖਦੇ ਹੋਏ ਇਸਤਰੀ ਜਾਤੀ ਦੀ ਹੋਂਦ ਦੇ ਸੰਘਰਸ਼ ਦੀ ਪੈਰਵਾਈ ਕਰਦਾ ਹੈ।ਇਸ ਨਾਟਕ ਵਿੱਚ ਅਨੀਤਾ ਸ਼ਬਦੀਸ਼ ਦੁਆਰਾ ਦਮਦਾਰ ਅਦਾਕਾਰੀ ਪੇਸ਼ ਕੀਤੀ ਗਈ।ਨਾਟਕ ਦਾ ਗੀਤ ਮਿੰਨੀ ਦਿਲਖੁਸ਼ ਅਤੇ ਸੰਗੀਤ ਦਿਲਖੁਸ਼ ਥਿੰਦ ਵਲੋਂ ਦਿੱਤਾ ਗਿਆ।ਰੌਸ਼ਨੀ ਪ੍ਰਭਾਵ ਹਰਮੀਤ ਭੁੱਲਰ ਵੱਲੋਂ ਦਿੱਤਾ ਗਿਆ।
ਇਸ ਮੌਕੇ ਕੇਵਲ ਧਾਲੀਵਾਲ, ਕੁਲਬੀਰ ਸੂਰੀ, ਡਾ. ਅਰਵਿੰਦਰ ਕੌਰ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਟੀ.ਐਸ ਰਾਜਾ, ਵਿਪਨ ਧਵਨ ਆਦਿ ਸਮੇਤ ਨਾਟ ਪ੍ਰੇਮੀ ਹਾਜ਼ਰ ਸਨ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …