Tuesday, April 8, 2025
Breaking News

ਚੀਫ਼ ਖ਼ਾਲਸਾ ਦੀਵਾਨ ਵਲੋਂ ਸਾਲ 2025-26 ਲਈ 181 ਕਰੋੜ 5 ਲੱਖ ਰੁਪਏ ਦਾ ਬਜ਼ਟ ਪਾਸ

ਅੰਮ੍ਰਿਤਸਰ, 31 ਮਾਰਚ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਅੱਜ ਚੀਫ਼ ਖ਼ਾਲਸਾ ਦੀਵਾਨ ਦੇ ਸਮੂਹ ਸਕੂਲਾਂ, ਕਾਲਜਾਂ, ਅਦਾਰਿਆਂ ਦਾ ਸਾਲ 2025-26 ਦਾ ਬਜ਼ਟ ਪੇਸ਼ ਕਰਨ ਅਤੇ ਹੋਰ ਏਜੰਡੇ ਵਿਚਾਰਣ ਅਤੇ ਪ੍ਰਵਾਨ ਕਰਵਾਉਣ ਸੰਬੰਧੀ ਜਨਰਲ ਹਾਊਸ ਦਾ ਇਜ਼ਲਾਸ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਝਰ ਨੇ ਕੀਤੀ।ਮੀਟਿੰਗ ਦਾ ਆਰੰਭ ਮੂਲ ਮੰਤਰ ਨਾਲ ਕਰਨ ਉਪਰੰਤ ਪ੍ਰਧਾਨ ਡਾ. ਨਿੱਝਰ ਵੱਲੋਂ ਆਏ ਮੈਂਬਰ ਸਾਹਿਬਾਨ ਨੂੰ ‘ਜੀ ਆਇਆਂ’ ਆਖਿਆ ਗਿਆ।ਮੀਟਿੰਗ ਦੌਰਾਨ ਪ੍ਰਧਾਨ ਡਾ. ਇੰਦਰਬੀਰ ਸਿੰਘ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਦੱਸਿਆ ਕਿ ਇਸ ਵਾਰ ਚੀਫ਼ ਖ਼ਾਲਸਾ ਦੀਵਾਨ ਦਾ ਸਾਲ 2025-26 ਲਈ ਅਨੁਮਾਨਤ ਬਜ਼ਟ 181 ਕਰੋੜ 5 ਲੱਖ ਰੁਪਏ ਰੱਖਿਆ ਗਿਆ ਹੈ।ਉਹਨਾਂ ਨੇ ਬਜ਼ਟ ਦੇ ਤੱਥਾਂ ‘ਤੇ ਰੋਸ਼ਨੀ ਪਾਉਂਦਿਆਂ ਦੱਸਿਆ ਕਿ ਪਿਛਲੇ ਵਿੱਤੀ ਸਾਲ ਨਾਲੋ ਇਸ ਸਾਲ ਚੀਫ਼ ਖ਼ਾਲਸਾ ਦੀਵਾਨ ਦੀ ਕੁੱਲ ਆਮਦਨ ਵਿਚ 18 ਪ੍ਰਤੀਸ਼ਤ ਵਾਧੇ ਦਾ ਅਨੁਮਾਨ ਹੈ, ਜਦੋਂਕਿ ਖਰਚਿਆਂ ਦੇ ਹਿਸਾਬ ਨਾਲ ਇਸ ਸਾਲ ਪਿੱਛਲੇ ਸਾਲ ਨਾਲੋਂ 24 ਪ੍ਰਤੀਸ਼ਤ ਤੱਕ ਦਾ ਵਾਧਾ ਹੈ।
ਚੀਫ਼ ਖ਼ਾਲਸਾ ਦੀਵਾਨ ਦੀ ਫਾਇਨਾਂਸ ਕਮੇਟੀ ਦੇ ਮੈਂਬਰ ਅਜੀਤਪਾਲ ਸਿੰਘ ਅਨੇਜਾ (ਸਾਬਕਾ ਚੇਅਰਮੈਨ ਅੰਮ੍ਰਿਤਸਰ ਸੀ.ਏ ਬ੍ਰਾਂਚ) ਨੇ ਬਜ਼ਟ ਦੀ ਵਿਸਥਾਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਦੇ ਬਜ਼ਟ 2025-2026 ਵਿੱਚ ਨਵੀਆਂ ਜ਼ਮੀਨਾਂ ਖਰੀਦਣ ਅਤੇ ਉਸਾਰੀ ਲਈ ਰੱਖੀ ਰਕਮ ਤਹਿਤ ਦੀਵਾਨ ਅਧੀਨ ਚੱਲ ਰਹੇ ਅਟਾਰੀ ਸਕੂਲ ਦੀ ਨਵੀਂ ਜ਼ਮੀਨ ਉਪਰ ਉਸਾਰੀ ਕਰਨ ਲਈ 6 ਕਰੋੜ 50 ਲੱਖ, ਬਟਾਲਾ ਵਿਖੇ ਸਕੂਲ ਲਈ ਖਰੀਦੀ ਜ਼ਮੀਨ ਤੇ ਉਸਾਰੀ ਕਰਨ ਲਈ 5 ਕਰੋੜ, ਬਲਾਚੋਰ ਵਿਖੇ ਸੰਤ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੀਆ ਨੇ ਦਾਨ ਕੀਤੀ ਜ਼ਮੀਨ ਤੇ ਉਸਾਰੀ ਕਰਨ ਲਈ 1 ਕਰੋੜ 50 ਲੱਖ ਰੁਪਏ, ਸੁਰ ਸਿੰਘ (ਤਰਨਤਾਰਨ) ਵਿਖੇ ਨਵੀਂ ਜ਼ਮੀਨ ਖਰੀਦਣ ਹਿੱਤ 1 ਕਰੋੜ 50 ਲੱਖ ਰੁਪਏ, ਆਸਲ ਉਤਾਰ (ਤਰਨ ਤਾਰਨ) ਵਿੱਚ ਨਵੀਂ ਜ਼ਮੀਨ ਖਰੀਦਣ ਲਈ 1 ਕਰੋੜ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ।ਇਸ ਦੇ ਨਾਲ ਹੀ ਸੀ.ਕੀ.ਡੀ ਸਕੂਲਾਂ ਦੇ ਵਿਕਾਸ-ਵਿਸਥਾਰ ਹਿੱਤ ਉਸਾਰੀ ਸਬੰਧੀ 18 ਕਰੋੜ ਵੀ ਰੱਖੇ ਗਏ ਹਨ।ਉਹਨਾਂ ਕਿਹਾ ਕਿ ਧਰਮ ਪ੍ਰਚਾਰ ਲਈ ਵਿਸ਼ੇਸ਼ ਤੌਰ ‘ਤੇ 99 ਲੱਖ ਰੁਪਏ ਅਤੇ ਆਦਰਸ਼ ਸਕੂਲਾਂ ਲਈ 1 ਕਰੋੜ 15 ਲੱਖ ਰੁਪਏ ਖਰਚ ਕੀਤੇ ਜਾਣ ਦੀ ਯੋਜਨਾ ਹੈ।
ਸਮੂਹ ਮੈਂਬਰਾਂ ਨੇ ਬੋਲੇ-ਸੋ-ਨਿਹਾਲ ਦੀ ਗੂੰਜ਼ ਵਿੱਚ ਬਜ਼ਟ ਨੂੰ ਪ੍ਰਵਾਨਗੀ ਦਿੱਤੀ।ਐਡੀ. ਆਨਰੇਰੀ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ ਵੱਲੋਂ ਜਨਰਲ ਕਮੇਟੀ ਮੈਂਬਰਾਂ ਨੂੰ ਦੱਸਿਆ ਕਿ ਬਲਾਚੌਰ ਵਿਖੇ ਦਾਨ ਕੀਤੀ ਗਈ 7 ਕਰੋੜ ਦੀ 5 ਏਕੜ ਜ਼ਮੀਨ ਦੀ ਰਜਿਸਟਰੀ ਚੀਫ਼ ਖ਼ਾਲਸਾ ਦੀਵਾਨ ਦੇ ਨਾਮ ਤੇ ਕਰਵਾ ਲਈ ਗਈ ਹੈ।ਇਸ ਦੇ ਨਾਲ ਹੀ ਬਠਿੰਡਾ, ਹੁਸ਼ਿਆਰਪੁਰ, ਮੁੰਬਈ ਵਿਖੇ ਵੀ ਚੀਫ਼ ਖ਼ਾਲਸਾ ਦੀਵਾਨ ਨੂੰ ਜ਼ਮੀਨ ਦਾਨ ਦੇਣ ਦੀ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ ਜਿਸ ਦੀ ਰਜਿਸਟਰੀ ਛੇਤੀ ਹੀ ਚੀਫ਼ ਖ਼ਾਲਸਾ ਦੀਵਾਨ ਦੇ ਨਾਮ ਤੇ ਕਰਵਾ ਲਈ ਜਾਵੇਗੀ।
ਮੀਟਿੰਗ ਦੌਰਾਨ ਚੀਫ਼ ਖ਼ਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਦੀਆਂ ਸੀਟਾਂ ਵਧਾਉਣ ਸੰਬੰਧੀ ਯੂਨੀਵਰਸਿਟੀ ਦੀਆਂ ਲਾਗੂ ਕੀਤੀਆਂ ਗਈਆਂ ਸ਼ਰਤਾਂ ਅਤੇ ਨਿਯਮਾਂ ਨੂੰ ਪੂਰਿਆਂ ਕਰਨ ਹਿੱਤ ਡਾ. ਹਰਮੋਹਿੰਦਰ ਸਿੰਘ ਨਾਗਪਾਲ ਨੂੰ ਚੀਫ਼ ਖ਼ਾਲਸਾ ਦੀਵਾਨ ਦਾ ਮੈਂਬਰ ਬਣਾਉਣ ਲਈ ਜਨਰਲ ਹਾਊਸ ਤੋਂ ਪ੍ਰਵਾਨਗੀ ਲਈ ਗਈ।ਉਪਰੰਤ ਜਨਰਲ ਕਮੇਟੀ ਦੇ ਮੈਂਬਰ ਸਾਹਿਬਾਨ ਵੱਲੋਂ ਫਿਲੌਰ ਦੇ ਮਾਓ ਸਾਹਿਬ ਵਿਖੇ ਜਾਇਦਾਦ ਅਤੇ ਤੁਗਲਵਾਲਾ (ਗੁਰਦਾਸਪੁਰ) ਵਿਖੇ 14 ਏਕੜ ਜ਼ਮੀਨ ਤੇ ਦੀਵਾਨ ਵੱਲੋਂ ਇੱਕ ਨਵਾਂ ਸਕੂਲ ਖੋਲ੍ਹਣ ਦੀ ਸਹਿਮਤੀ ਦਿੱਤੀ।
ਫੁੱਟਕਲ ਏਜੰਡਿਆਂ ਤਹਿਤ ਮੀਤ ਪ੍ਰਧਾਨ ਜਗਜੀਤ ਸਿੰਘ ਅਤੇ ਐਡੀ. ਆਨਰੇਰੀ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜ ਸਭਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਬਾਬਤ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੇ ਬਿਆਨ ਦੇ ਵਿਰੁੱਧ ਨਿੰਦਾ ਪ੍ਰਸਤਾਵ ਪੇਸ਼ ਕੀਤਾ, ਜਿਸ ਦੀ ਦੀਵਾਨ ਅਹੁੱਦੇਦਾਰਾਂ ਸਮੇਤ ਸਮੂਹ ਮੈਂਬਰ ਸਾਹਿਬਾਨ ਵੱਲੋਂ ਪ੍ਰੋੜਤਾ ਕੀਤੀ ਗਈ।ਉਪਰੰਤ ਚੀਫ਼ ਖ਼ਾਲਸਾ ਦੀਵਾਨ ਪ੍ਰਤੀ ਸੋਸ਼ਲ ਮੀਡੀਆ ‘ਤੇ ਕੂੜ ਪ੍ਰਚਾਰ ਕਰਕੇ ਦੀਵਾਨ ਦੇ ਅਕਸ ਨੂੰ ਢਾਹ ਲਗਾਉਣ ਵਾਲਿਆ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਕਮੇਟੀ ਸੰਗਠਿਤ ਕਰਨ ਦੀ ਪ੍ਰਵਾਨਗੀ ਲਈ ਗਈ।
ਇਸ ਮੋਕੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਰਮਨੀਕ ਸਿੰਘ, ਐਡੀ. ਆਨਰੇਰੀ ਸਕੱਤਰ ਅਤੇ ਐਡੀ. ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਆਨਰੇਰੀ ਜੁਆਇੰਟ ਸਕੱਤਰ ਇੰਜੀ. ਜਸਪਾਲ ਸਿੰਘ ਆਦਿ 130 ਦੇ ਕਰੀਬ ਮੈਂਬਰ ਮੀਟਿੰਗ ਵਿੱਚ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …