ਵਿਧਾਨ ਸਭਾ ਸਪੀਕਰ ਸੰਧਵਾਂ, ਕੈਬਨਿਟ ਮੰਤਰੀ ਖੁੱਡੀਆਂ, ਸੰਸਦ ਮੈਂਬਰ ਮੀਤ ਹੇਅਰ ਅਤੇ ਵਿਧਾਇਕਾ ਭਰਾਜ ਨੇ ਲਗਵਾਈ ਹਾਜ਼ਰੀ
ਸੰਗਰੂਰ, 8 ਜੂਨ (ਜਗਸੀਰ ਲੌਂਗੋਵਾਲ) – ਸਾਬਕਾ ਕੇਂਦਰੀ ਮੰਤਰੀ ਮਰਹੂਮ ਸੁਖਦੇਵ ਸਿੰਘ ਢੀਂਡਸਾ ਨਮਿਤ ਅੰਤਿਮ ਅਰਦਾਸ ਤੇ ਭੋਗ ਸਮਾਗਮ ਇਥੇ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਹੋਇਆ, ਜਿਸ ਦੌਰਾਨ ਪੰਜਾਬ ਸਰਕਾਰ ਵਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਮਰਹੂਮ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਕਿਹਾ ਕਿ ਸ. ਢੀਂਡਸਾ ਵੱਲੋਂ ਕੀਤੀ ਲੋਕ ਸੇਵਾ ਲਈ ਉਹਨਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ।
ਅਰੋੜਾ ਨੇ ਕਿਹਾ ਕਿ ਮਰਹੂਮ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਹਲੀਮ ਸ਼ਖਸ਼ੀਅਤ ਸਦਕਾ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਤੇ ਪਾਰਟੀ ਦੀਆਂ ਹੱਦਾਂ ਤੋਂ ਉੱਪਰ ਉਠ ਕੇ ਸਮਾਜ ਵਿੱਚ ਵਿਚਰਦੇ ਰਹੇ।ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੇ ਜੀਵਨ ਪੰਧ ਵਿੱਚੋਂ ਬਹੁਤ ਸਾਰੀਆਂ ਗੱਲਾਂ ਹਰ ਇੱਕ ਇਨਸਾਨ ਨੂੰ ਸੇਧ ਦੇਣ ਵਾਲੀਆਂ ਹਨ, ਜਿਨ੍ਹਾਂ ਤੋਂ ਸੇਧ ਲੈ ਕੇ ਸਮਾਜ ਸੇਵਾ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ।ਉਹਨਾਂ ਨੇ ਜਿਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਉਥੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਸਮਾਗਮ ਦੌਰਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ, ਵਿਧਾਇਕ ਅਮਰਗੜ੍ਹ ਜਸਵੰਤ ਸਿੰਘ ਗੱਜਣਮਾਜਰਾ, ਭੁਪਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਭਾਰਤੀ ਓਲੰਪਿਕ ਐਸੋਸੀਏਸ਼ਨ, ਓਂਕਾਰ ਸਿੰਘ, ਚੇਅਰਮੈਨ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਵੀ ਮਰਹੂਮ ਸ. ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾ ਪੁਸ਼ਪ ਅਰਪਿਤ ਕੀਤੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।