ਡਿਪਟੀ ਕਮਿਸ਼ਨਰ ਨੇ ਧੰਨਵਾਦ ਕਰਦਿਆਂ ਹੋਰਨਾਂ ਨੂੰ ਵੀ ਅੱਗੇ ਆਉਣ ਦਾ ਦਿੱਤਾ ਸੱਦਾ
ਅੰਮ੍ਰਿਤਸਰ, 13 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਜਿਲ੍ਹੇ ਵਿੱਚ ਬਰਸਾਤ ਦੇ ਇਸ ਮੌਸਮ ਦੌਰਾਨ ਵੱਧ ਤੋਂ ਵੱਧ ਦਰਖਤ ਲਗਾਉਣ ਦੀ ਸ਼ੁਰੂਆਤ ਕੀਤੀ ਗਈ।ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਸੰਪਰਦਾਇ ਕਾਰ ਸੇਵਾ ਭੂਰੀ ਵਾਲੇ ਬਾਬਾ ਕਸ਼ਮੀਰ ਸਿੰਘ, ਬਾਬਾ ਸੁਖਵਿੰਦਰ ਸਿੰਘ ਅਤੇ ਉਹਨਾਂ ਦੀ ਵਾਤਾਵਰਣ ਟੀਮ ਵਲੋਂ ‘ਮਿਸ਼ਨ ਗ੍ਰੀਨ ਅੰਮ੍ਰਿਤਸਰ, ਕਲੀਨ ਅੰਮ੍ਰਿਤਸਰ’ ਮੁਹਿੰਮ ਤਹਿਤ ਗੋਲਡਨ ਗੇਟ (ਵੱਲਾ ਬਾਈਪਾਸ) ਦੇ ਵਿੱਚਲੇ ਡਿਵਾਈਡਰ ਉਤੇ ਖੂਬਸੂਰਤ ਰੁੱਖ ਲਗਾਏ।ਇੰਨਾਂ 6 ਕਿਸਮਾਂ ਦੇ ਬੂਟਿਆਂ ਵਿੱਚ ਨਿੰਮ, ਪਿਲਕਣ, ਕਚਨਾਰ, ਕੁਸਮ, ਚਕਰਸੀਆ ਅਤੇ ਅਮਲਤਾਸ ਜਿਹੇ 100 ਤੋਂ ਵੱਧ ਵਾਤਾਵਰਣ ਨੂੰ ਸੁੰਦਰ ਬਣਾਉਣ ਵਾਲੇ ਰੁੱਖ ਲਗਾਏ ਗਏ।ਇਹਨਾਂ ਰੁੱਖਾਂ ਦੀ ਸੁਰੱਖਿਆ ਲਈ ਜੰਗਲੇ (ਟ੍ਰੀ ਗਾਰਡ) ਵੀ ਲਗਾਏ ਗਏ।
ਡਿਪਟੀ ਕਮਿਸ਼ਨਰ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਜੀ ਨੇ ਵਾਤਾਵਰਨ ਦੀ ਸੰਭਾਲ ਲਈ ਪਹਿਲਾਂ ਵੀ ਵੱਡੇ ਪ੍ਰੋਜੈਕਟ ਕੀਤੇ ਹਨ ਅਤੇ ਹੁਣ ਉਹਨਾਂ ਵਲੋਂ ਫਿਰ ਅੰਮ੍ਰਿਤਸਰ ਦੇ ਚੌਗਿਰਦੇ ਨੂੰ ਸਾਫ ਰੱਖਣ ਲਈ ਦਰਖ਼ਤ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।ਉਹਨਾਂ ਨੇ ਹੋਰ ਸੰਸਥਾਵਾਂ ਅਤੇ ਜਿਲ੍ਹਾ ਵਾਸੀਆਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ।