ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਵੱਲੋਂ ਇਸ ਪ੍ਰਾਪਤੀ ਦੀ ਸ਼ਲਾਘਾ
ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਤਰੀ ਭਾਸ਼ਾ ਨੂੰ ਡਿਜੀਟਲ ਰੂਪ ਦੇਣ ਦੇ ਖੇਤਰ ਵਿੱਚ ਇਕ ਵੱਡੀ
ਪ੍ਰਾਪਤੀ ਹਾਸਲ ਕੀਤੀ ਹੈ।ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਪੁਸ਼ਪਿੰਦਰ ਸਿੰਘ ਵੱਲੋਂ ਗੁਰਮੁਖੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਲਿਖੇ ਅੱਖਰਾਂ ਦੀ ਤੇਜ਼ ਤੇ ਸਹੀ ਪਛਾਣ ਕਰਨ ਵਾਲੀ ਦੋ ਭਾਸ਼ਾਈ ਮੋਬਾਈਲ ਓ.ਸੀ.ਆਰ. ਐਪ ਤਿਆਰ ਕੀਤੀ ਗਈ ਹੈ।ਇਸ ਐਪ ਦਾ ਮੁੱਢਲਾ ਵਿਕਾਸ ਡਾ. ਪੁਸ਼ਪਿੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਪਣੀ ਪੀਐਚ.ਡੀ ਦੌਰਾਨ ਕੀਤਾ ਸੀ।ਇਹ ਪ੍ਰੋਜੈਕਟ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਭਾਸ਼ਿਣੀ ਮਿਸ਼ਨ ਤਹਿਤ ਲਾਂਚ ਕੀਤਾ ਗਿਆ ਹੈ।ਹਾਲ ਹੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਨੇਤਰਹੀਣ ਵਿਅਕਤੀਆਂ ਲਈ ਤਿੰਨ ਵੱਡੀਆਂ ਐਕਸੈਸਿਿਬਲਟੀ ਐਪਾਂ– ਦ੍ਰਿਸ਼ਟੀ ਲਾਇਬ੍ਰੇਰੀ, ਦ੍ਰਿਸ਼ਟੀ ਡਾਟ ਅਤੇ ਡਾ. ਸਿੰਘ ਵੱਲੋਂ ਤਿਆਰ ਕੀਤੀ ਗਈ ਦੋ ਭਾਸ਼ਾਈ ਗੁਰਮੁਖੀ ਓ.ਸੀ.ਆਰ ਐਪ ਦਾ ਉਦਘਾਟਨ ਕੀਤਾ ਗਿਆ।ਇਹ ਐਪਾਂ ਅਤਿ-ਆਧੁਨਿਕ ਡਿਜੀਟਲ ਤਕਨੀਕਾਂ ਰਾਹੀਂ ਭਾਸ਼ਾਈ ਪਹੁੰਚ ਨੂੰ ਹੋਰ ਸੁਖਾਲਾ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਹਨ।ਇਸ ਓ.ਸੀ.ਆਰ. ਐਪ ਰਾਹੀਂ ਕਿਤਾਬਾਂ, ਦਸਤਾਵੇਜ਼ਾਂ ਤੇ ਤਸਵੀਰਾਂ ਵਿੱਚੋਂ ਛਪੀ ਪੰਜਾਬੀ (ਗੁਰਮੁਖੀ) ਤੇ ਅੰਗਰੇਜ਼ੀ ਲਿਖਤ ਨੂੰ ਸੰਪਾਦਨਯੋਗ ਡਿਜ਼ੀਟਲ ਟੈਕਸਟ ਵਿੱਚ ਬਦਲਿਆ ਜਾ ਸਕਦਾ ਹੈ।ਵਿਿਦਆਰਥੀ, ਖੋਜਕਾਰ, ਮੀਡੀਆ ਕਰਮੀ, ਸਰਕਾਰੀ ਵਿਭਾਗਾਂ ਤੇ ਖਾਸ ਕਰਕੇ ਨੇਤਰਹੀਣ ਵਿਅਕਤੀਆਂ ਲਈ ਇਹ ਐਪ ਬੇਹਦ ਲਾਭਕਾਰੀ ਸਾਬਤ ਹੋਵੇਗੀ।ਆਉਣ ਵਾਲੇ ਸਮੇਂ ਵਿੱਚ ਇਸ ਨੂੰ ਟੈਕਸਟ-ਟੂ-ਸਪੀਚ ਤੇ ਬ੍ਰੇਲ ਸਿਸਟਮ ਨਾਲ ਵੀ ਜੋੜਿਆ ਜਾਵੇਗਾ।
ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਡਾ. ਪੁਸ਼ਪਿੰਦਰ ਸਿੰਘ ਨੂੰ ਇਸ ਮਹੱਤਵਪੂਰਨ ਤਕਨੀਕੀ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਕਿਹਾ ਕਿ ਅਜਿਹੇ ਉਪਰਾਲੇ ਪੰਜਾਬੀ ਭਾਸ਼ਾ ਤਕਨੀਕਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਡਿਜੀਟਲ ਯੁੱਗ ਵਿੱਚ ਇਸਦੇ ਵਿਕਾਸ ਨੂੰ ਹੋਰ ਉਤਸ਼ਾਹਿਤ ਕਰਦੇ ਹਨ।ਇਸ ਯੋਗਦਾਨ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਉਹ ਸਮਾਜਿਕ ਪਹੁੰਚ ਤੇ ਡਿਜੀਟਲ ਇੰਡੀਆ ਦੇ ਰਾਸ਼ਟਰੀ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਗਵਾਈ ਕਰ ਰਹੀ ਹੈ।
Punjab Post Daily Online Newspaper & Print Media