ਅੰਮ੍ਰਿਤਸਰ, 01 ਜਨਵਰੀ 2026 (ਸੁਖਬੀਰ ਸਿੰਘ) – ਲੋਹਾਰਕਾ ਰੋਡ ਫਲਾਈਓਵਰ ਨਾਲ ਸਬੰਧਤ ਟ੍ਰੈਫਿਕ ਜਾਮ, ਧੂੜ ਅਤੇ ਅਰਾਜਕ ਡਾਇਵਰਸ਼ਾਂ ਤੋਂ ਲੰਬੇ ਸਮੇਂ ਤੋਂ ਪਰੇਸ਼ਾਾਨ ਸ਼ਹਿਰ ਵਾਸੀਆਂ ਲਈ ਖੁਸ਼ਖਬਰੀ ਆਈ ਹੈ।ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੁੱਝ ਦਿਨ ਪਹਿਲਾਂ ਦੇਰ ਰਾਤ ਅਧਿਕਾਰੀਆਂ ਅਤੇ ਇੰਜੀਨੀਅਰਾਂ ਦੀ ਇੱਕ ਟੀਮ ਨਾਲ ਲੋਹਾਰਕਾ ਫਲਾਈਓਵਰ ਦਾ ਨਿਰੀਖਣ ਕਰਨ ਲਈ ਨਿੱਜੀ ਤੌਰ `ਤੇ ਸਾਈਟ ਦਾ ਦੌਰਾ ਕੀਤਾ।
ਸੰਸਦ ਮੈਂਬਰ ਔਜਲਾ ਨੇ ਅਧਿਕਾਰੀਆਂ ਨਾਲ ਫਲਾਈਓਵਰ ਦੇ ਡਿਜ਼ਾਈਨਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।ਓਹਨਾਂ ਨੇ ਸੜਕ ਦੇ ਵਿਚਕਾਰ ਖੜ੍ਹੇ ਹੋ ਕੇ ਮੌਜੂਦਾ ਟ੍ਰੈਫਿਕ ਪ੍ਰਵਾਹ ਨੂੰ ਧਿਆਨ ਨਾਲ ਵੇਖ ਕੇ ਅਤੇ ਇੰਜੀਨੀਅਰਾਂ ਨੂੰ ਜ਼ਮੀਨੀ ਸਥਿਤੀਆਂ ਦੇ ਆਧਾਰ `ਤੇ ਜ਼ਰੂਰੀ ਤਕਨੀਕੀ ਸਲਾਹ ਪ੍ਰਦਾਨ ਕੀਤੀ, ਜਿਸ ਨਾਲ ਭਵਿੱਖ ਵਿੱਚ ਟ੍ਰੈਫਿਕ ਜਾਮ ਅਤੇ ਹਾਦਸਿਆਂ ਤੋਂ ਰਾਹਤ ਮਿਲੇ।ਨਿਰੀਖਣ ਦੌਰਾਨ, ਉਨ੍ਹਾਂ ਨੇ ਨਿਰਮਾਣ ਕਾਰਜ ਬਾਰੇ ਅਧਿਕਾਰੀਆਂ ਤੋਂ ਪ੍ਰਗਤੀ ਰਿਪੋਰਟ ਵੀ ਪ੍ਰਾਪਤ ਕੀਤੀ ਅਤੇ ਕੰਮ ਨੂੰ ਤੇਜ਼ ਕਰਨ ਲਈ ਸਪੱਸ਼ਟ ਨਿਰਦੇਸ਼ ਜਾਰੀ ਕੀਤੇ।ਸੰਸਦ ਮੈਂਬਰ ਵੱਲੋਂ ਮੁੱਦਾ ਉਠਾਉਣ ਤੋਂ ਬਾਅਦ ਪਹਿਲਾਂ ਕੰਮ ਦੁਬਾਰਾ ਸ਼ੁਰੂ ਹੋਇਆ ਸੀ।
ਜਿ਼ਿਕਰਯੋਗ ਹੈ ਕਿ ਜਦੋਂ ਲੋਹਾਰਕਾ ਫਲਾਈਓਵਰ ਲੰਬੇ ਸਮੇਂ ਤੋਂ ਰੁਕਿਆ ਹੋਇਆ ਸੀ, ਤਾਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਲਗਾਤਾਰ ਮੁੱਦਾ ਉਠਾਉਣ ਅਤੇ ਦਬਾਅ ਪਾਉਣ ਤੋਂ ਬਾਅਦ ਹੀ ਪ੍ਰੋਜੈਕਟ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ।
ਲਗਭਗ ਦੋ ਸਾਲਾਂ ਦੀ ਦੇਰੀ ਤੋਂ ਬਾਅਦ, ਲੋਹਾਰਕਾ ਫਲਾਈਓਵਰ `ਤੇ ਕੰਮ 2025 ਦੇ ਅੱਧ ਵਿੱਚ ਦੁਬਾਰਾ ਸ਼ੁਰੂ ਹੋਇਆ।ਹੁਣ ਇਸ ਨੂੰ ਗੁਮਟਾਲਾ ਬਾਈਪਾਸ ਨਾਲ ਜੋੜਨ ਲਈ ਵਿਚਾਰ-ਵਟਾਂਦਰੇ ਚੱਲ ਰਹੇ ਹਨ, ਜੋ ਅੰਮ੍ਰਿਤਸਰ ਦੇ ਇਸ ਖੇਤਰ ਵਿੱਚ ਆਵਾਜਾਈ ਦੇ ਦਬਾਅ ਨੂੰ ਕਾਫ਼ੀ ਘਟਾ ਸਕਦਾ ਹੈ।ਸਥਾਨਕ ਨਿਵਾਸੀਆਂ ਨੇ ਸੰਸਦ ਮੈਂਬਰ ਔਜਲਾ ਨਾਲ ਵੀ ਮੁਲਾਕਾਤ ਕੀਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਇਸ ਸਰਗਰਮ ਦਖਲਅੰਦਾਜ਼ੀ ਨਾਲ ਉਸਾਰੀ ਵਿੱਚ ਤੇਜ਼ੀ ਆਵੇਗੀ।
Punjab Post Daily Online Newspaper & Print Media