ਅੰਮ੍ਰਿਤਸਰ, 01 ਜਨਵਰੀ 2026 (ਸੁਖਬੀਰ ਸਿੰਘ ਖੁਰਮਣੀਆਂ) – ਸਾਲ ਦੇ ਦਸੰਬਰ ਮਹੀਨੇ ਨੂੰ ਪੂਰਾ ਸੰਸਾਰ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਕੇ ਬ੍ਰਹਿਮੰਡ ਦੇ ਅੰਤ ਤੱਕ ਸਿਜ਼ਦਾ ਕਰਦਾ ਰਹੇਗਾ।ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦੇਸ਼-ਕੌਮ, ਧਰਮ ਅਤੇ ਮਜ਼ਲੂਮਾਂ ਖਾਤਿਰ ਆਪਣਾ ਸਮੂਹ ਸਰਬੰਸ ਵਾਰ ਦੇਣ ਵਰਗੀ ਮਹਾਨ ਸ਼ਹਾਦਤ ਦੀ ਮਿਸਾਲ ਵਿਸ਼ਵ ਭਰ ’ਚ ਕੋਈ ਹੋਰ ਦਰਜ਼ ਨਹੀਂ ਹੈ।ਇਹ ਪ੍ਰਗਟਾਵਾ ਅੱਜ ਖ਼ਾਲਸਾ ਯੂਨੀਵਰਸਿਟੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਅਤੇ ਬਾਬਾ ਮੋਤੀ ਰਾਮ ਮਹਿਰਾ ਤੇ ਸਮੂਹ ਪਰਿਵਾਰ ਨੂੰ ਕੋਹਲੂ ’ਚ ਪੀੜ ਕੇ ਸ਼ਹੀਦ ਕਰਨ ਦੀ ਯਾਦ ਨੂੰ ਸਮਰਪਿਤ ਲਗਾਏ ਗਏ ਦੁੱਧ ਦੇ ਲੰਗਰ ਦੀ ਸੇਵਾ ਕਰਨ ਮੌਕੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਕੀਤਾ।
ਡਾ. ਮਹਿਲ ਸਿੰਘ ਨੇ ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਦੀ ਮੌਜ਼ੂਦਗੀ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਧਰਮ ਨੂੰ ਬਚਾਉਣ ਲਈ ਦਿੱਤੀ ਗਈ ਕੁਰਬਾਨੀ ਨੂੰ ਯਾਦ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ਾਂ, ਵਜ਼ੀਰ ਖਾਨ ਵੱਲੋਂ ਗੁਰੂ ਸਾਹਿਬ ਜੀ ਦੇ ਛੋਟੇ ਲਾਲਾਂ ਨੂੰ ਸ਼ਹੀਦ ਕਰਨ ਤੋਂ ਇਲਾਵਾ ਭਾਈ ਮੋਤੀ ਰਾਮ ਮਹਿਰਾ ਤੇ ਉਨ੍ਹਾਂ ਪਰਿਵਾਰ ’ਤੇ ਕੀਤੇ ਤਸ਼ੱਦਦਾਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਸਮੂਹ ਜਗਤ ’ਚ ਸਿੱਖ ਕੌਮ ਦਾ ਇਤਿਹਾਸ ਸੁਨਿਹਰੀ ਪੰਨ੍ਹਿਆਂ ’ਚ ਦਰਜ਼ ਹੈ।
ਡਾ. ਮਹਿਲ ਸਿੰਘ ਅਤੇ ਡਾ. ਸੁਰਿੰਦਰ ਕੌਰ ਨੇ ਗੁਰੂ ਸਾਹਿਬ ਜੀ ਵੱਲੋਂ ਸਮੂਹ ਪਰਿਵਾਰ ਦੀ ਸ਼ਹਾਦਤ ਨੂੰ ਕੋਟਿਨ ਕੋਟਿਨ ਪ੍ਰਣਾਮ ਕਰਦਿਆਂ ਕਿਹਾ ਕਿ 27 ਦਸੰਬਰ 1704 ਨੂੰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ, ਜਿਨ੍ਹਾਂ ਬਾਰੇ ਪਤਾ ਲੱਗਣ ਉਪਰੰਤ ਮਾਤਾ ਗੁਜਰ ਕੌਰ ਜੀ ਵੀ ਸੱਚਖੰਡ ਚਲੇ ਗਏ।ਉਨ੍ਹਾਂ ਕਿਹਾ ਕਿ ਬਾਬਾ ਮੋਤੀ ਰਾਮ ਜੀ ਦੁਆਰਾ ਨਿਭਾਈ ਗਈ ਸੇਵਾ ਬਾਰੇ ਕਿਸੇ ਨੇ ਨਵਾਬ ਨੂੰ ਦੱਸ ਦਿੱਤਾ ਕਿ ਉਸ ਦੇ ਨੌਕਰ ਨੇ ਕੈਦੀਆਂ ਦੀ ਦੁੱਧ ਅਤੇ ਪਾਣੀ ਦੇ ਨਾਲ ਸੇਵਾ ਕੀਤੀ ਸੀ।ਉਨ੍ਹਾਂ ਕਿਹਾ ਕਿ ਸਾਕਾ ਸਰਹਿੰਦ ਗੁਰੂ ਗੋਬਿੰਦ ਸਿੰਘ ਪੁੱਤਰਾਂ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਦੀ ਸ਼ਹੀਦੀ ਨੂੰ ਦਰਸਾਉਂਦਾ ਹੈ।ਜਿਨ੍ਹਾਂ ਨੇ 5 ਅਤੇ 9 ਸਾਲ ਦੀ ਉਮਰ ’ਚ ਸ਼ਹੀਦੀ ਪ੍ਰਾਪਤ ਕੀਤੀ ਸੀ।
ਉਨ੍ਹਾਂ ਕਿਹਾ ਕਿ ਉਕਤ ਯਾਦ ’ਚ ਹਰ ਸਾਲ ਫ਼ਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ 24 ਤੋਂ 26 ਦਸੰਬਰ ਨੂੰ ਲਗਾਇਆ ਜਾਂਦਾ ਹੈ ਅਤੇ ਇਸੇ ਸਬੰਧ ’ਚ ਖਾਲਸਾ ਕਾਲਜ ਫਾਰ ਵੂਮੈਨ ਦੇ ਬਾਹਰ ਦੁੱਧ ਦਾ ਲੰਗਰ ਲਗਾਇਆ ਗਿਆ ਹੈ, ਜਿਸ ਦੌਰਾਨ ਵਿਦਿਆਰਥੀਆਂ, ਟੀਚਿੰਗ ਅਤੇ ਨਾਨ-ਸਟਾਫ਼ ਵੱਲੋਂ ਸੇਵਾ ਨਿਭਾਈ ਗਈ ਹੈ।
Check Also
ਭਗਤਾਂਵਾਲਾ ਡੰਪ ਸਾਈਟ ’ਤੇ ਬਾਇਓ-ਰੀਮੀਡੀਏਸ਼ਨ ਕੰਮ ਨੇ ਫੜੀ ਰਫ਼ਤਾਰ – ਵਧੀਕ ਕਮਿਸ਼ਨਰ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਭਗਤਾਂਵਾਲਾ ਡੰਪ ਸਾਈਟ …
Punjab Post Daily Online Newspaper & Print Media