ਬੀ.ਐਸ.ਐਫ ਸਰਹੱਦੀ ਚੌਂਕੀਆਂ ‘ਤੇ ਸ਼ੁੱਧ ਪੀਣ ਵਾਲੇ ਪਾਣੀ ਲਈ ਆਰ.ਓ. ਲਗਾਏ ਜਾਣਗੇ
ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ) – ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ (ਨਾਰਮਲ) ਅਧੀਨ ਜਿਲ੍ਹੇ ਦੇ ਸਰਹੱਦੀ ਖੇਤਰ ਦੇ ਵਿਕਾਸ ਲਈ ਸਾਲ 2015-16 ਲਈ ਸਕੀਮ ਵਾਰ ਤਜਵੀਜਾਂ ਬਨਾਉਣ ਦੇ ਮਕਸਦ ਨਾਲ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਿਲ੍ਹਾ ਸਕਰੀਨਿੰਗ ਕਮੇਟੀ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਯੋਜਨਾ ਬੋਰਡ, ਪੰਚਾਇਤ ਤੇ ਵਿਕਾਸ ਵਿਭਾਗ, ਪੁਲਿਸ ਅਤੇ ਬੀ.ਐਸ.ਐਫ. ਦੇ ਅਧਿਕਾਰੀਆਂ ਨੇ ਭਾਗ ਲਿਆ ।
ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਇਸ ਮੌਕੇ ਅਧਿਕਾਰੀਆਂ ਨੂੰ ਕਿਹਾ ਕਿ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ(ਬੀ.ਏ.ਡੀ.ਪੀ) ਤਹਿਤ ਜਿਲ੍ਹੇ ਦੇ ਸਰਹੱਦੀ ਖੇਤਰਾਂ ਦੇ ਵਿਕਾਸ ਲਈ ਤਜਵੀਜਾਂ ਸੋਧਿਆਂ ਹੋਈਆਂ ਗਾਇਡਲਾਈਨ ਅਨੁਸਾਰ ਰਾਜ ਪੱਧਰ ਦੀ ਸਕਰੀਨਿੰਗ ਕਮੇਟੀ ਦੀ ਪ੍ਰਵਾਨਗੀ ਉਪਰੰਤ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਭੇਜਿਆਂ ਜਾਣੀਆਂ ਹਨ।ਉਨ੍ਹਾਂ ਕਿਹਾ ਕਿ ਇਹ ਤਜਵੀਜਾਂ ਜਿਲ੍ਹਾ ਪੱਧਰ ਤੇ ਗਠਿਤ ਕਰਨ ਲਈ ਕਮੇਟੀ ਦੀ ਸਿਫਾਰਿਸ਼ ਅਨੁਸਾਰ ਭੇਜੀਆਂ ਜਾਣੀਆਂ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਰਹੱਦੀ ਖੇਤਰ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ, ਪੀਣ ਵਾਲੇ ਪਾਣੀ, ਬਿਜਲੀ, ਸਿੱਖਿਆ, ਜਨ ਸਿਹਤ, ਸਿਹਤ ਸਮੇਤ ਹੋਰ ਖੇਤਰਾਂ ਦੇ ਵਿਕਾਸ ਅਤੇ ਬੀ.ਐਸ.ਐਫ ਦੇ ਕੰਮਾਂ ਲਈ ਤਜਵੀਜਾਂ ਇੱਕਠੀਆਂ ਕੀਤੀਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਅਧੀਨ ਜਿਲ੍ਹੇ ਦੇ ਨੌਜਵਾਨਾਂ ਨੂੰ ਆਪਣਾ ਰੋਜਗਾਰ ਸ਼ੁਰੂ ਕਰਨ ਲਈ ਟਰੇਨਿੰਗ ਉਪਰੰਤ ਰੋਜਗਾਰ ਦੇਣ ਦਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਬੀ.ਐਸ.ਐਫ ਦੀਆਂ ਸਰਹੱਦੀ ਚੌਂਕੀਆਂ ਤੇ ਜਵਾਨਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਇਆ ਕਰਵਾਉਣ ਲਈ ਆਰ.ਓ. ਲਗਾਏ ਜਾਣਗੇ।ਕੰਡਿਆਲੀ ਤਾਰ ਤੋਂ ਪਾਰ ਜਾਣ ਵਾਲੇ ਕਿਸਾਨਾਂ ਦੀ ਸਹੂਲਤ ਲਈ ਔਰਤਾਂ ਤੇ ਮਰਦਾਂ ਲਈ ਟੁਆਇਲੇਟ ਬਣਾਏ ਜਾਣਗੇ।ਇਸ ਤੋਂ ਇਲਾਵਾ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਵਿਚ ਹੋਰ ਵਾਧਾ ਕਰਨ ਲਈ ਮੈਡੀਕਲ ਮੋਬਾਇਲ ਵੈਨ ਦਾ ਪ੍ਰਬੰਧ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਜਿਲ੍ਹੇ ਦੇ ਵਿਕਾਸ ਲਈ 8 ਕਰੋੜ 23 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ ।
ਇਸ ਮੌਕੇ ਸ. ਤਜਿੰਦਰ ਪਾਲ ਸਿੰਘ ਬਰਾੜ ਡੀ.ਡੀ.ਪੀ.ਓ, ਸ਼੍ਰੀ ਅਸ਼ੋਕ ਚੋਟਾਨੀ ਮੈਂਬਰ ਸਕੱਤਰ ਜਿਲ੍ਹਾ ਸਕਰੀਨਿੰਗ ਕਮੇਟੀ, ਮੈਡਮ ਬਲਜੀਤ ਕੌਰ ਬੀ.ਡੀ.ਪੀ.ਓ ਜਲਾਲਾਬਾਦ, ਸ਼੍ਰੀਮਤੀ ਸ਼ੁਕਲਾ ਦੇਵੀ ਬੀ.ਡੀ.ਪੀ.ਓ. ਫਾਜਿਲਕਾ, ਸ. ਸੁਰਿੰਦਰ ਸਿੰਘ ਢਿੱਲੋੋ ਬੀ.ਡੀ.ਪੀ.ਓ.ਅਬੋਹਰ, ਸ਼੍ਰੀ ਪ੍ਰਿੰਸ ਗਾਂਧੀ ਨਿਟਕੋਨ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।