ਸ੍ਰੀ ਦਰਬਾਰ ਸਾਹਿਬ ਦੇ ਬਾਹਰ ਲੱਗੇ ‘ਕੈਪਟਨ ਗੋ ਬੈਕ’ ਦੇ ਨਾਅਰੇ
ਅੰਮ੍ਰਿਤਸਰ, 28 ਮਾਰਚ (ਨਰਿੰਦਰ ਪਾਲ ਸਿੰਘ)- ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨੇ ਜਾਣ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅੰਮ੍ਰਿਤਸਰ ਪੁੱਜਣ ਤੇ ਹਜਾਰਾਂ ਦੀ ਤਦਾਦ ਵਿਚ ਕਾਂਗਰਸੀ ਵਰਕਰਾਂ ਨੇ ਨਿੱਘਾ ਸਵਾਗਤ ਕੀਤਾ ਜਦਕਿ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਗੇਟ ਬਾਹਰ ਕੁਝ ਨੌਜੁਆਨਾਂ ਨੇ ਕਾਲੀਆਂ ਝੰਡੀਆਂ ਵਿਖਾਕੇ ‘ਕੈਪਟਨ ਗੋ ਬੈਕ’ ਦੇ ਨਾਅਰੇ ਲਾਏ।ਕੈਪਟਨ ਅਮਰਿੰਦਰ ਸਿੰਘ, ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਸੁਨੀਲ ਜਾਖੜ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਿਧਾਇਕਾਂ ਸਹਿਤ ਜਿਉਂ ਹੀ ਜੀ.ਟੀ.ਰੋਡ ਸਥਿਤ ਗੇਟ ਵੇਅ ਆਫ ਇੰਡੀਆ ਪੁਜੇ ਤਾਂ ਉਥੇ ਮੌਜੂਦ ਹਜਾਰਾਂ ਦੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਨੇ ਰਾਣਾ ਗੁਰਜੀਤ ਸਿੰਘ, ਗੁਰਜੀਤ ਸਿੰਘ ਔਜਲਾ, ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਹਰਪ੍ਰਤਾਪ ਸਿੰਘ ਅਜਨਾਲਾ, ਓਮ ਪ੍ਰਕਾਸ਼ ਸੋਨੀ, ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਸੁਖਪਾਲ ਸਿੰਘ ਖਹਿਰਾ, ਇੰਦਰਜੀਤ ਸਿੰਘ ਬਾਸਰਕੇ, ਸਰਦੂਲ ਸਿੰਘ ਬੰਡਾਲਾ, ਨਵਦੀਪ ਗੋਲਡੀ, ਹਰਜਿੰਦਰ ਸਿੰਘ ਠੇਕੇਦਾਰ, ਜੁਗਲ ਕਿਸ਼ੋਰ ਆਦਿ ਦੀ ਅਗਵਾਈ ਵਿਚ ਕੈਪਟਨ ਅਮਰਿੰਦਰ ਸਿਘ ਜਿੰਦਾਬਾਦ, ਆਲ ਇੰਡੀਆ ਕਾਂਗਰਸ ਪਾਰਟੀ ਜਿੰਦਾਬਾਦ ਦੇ ਅਕਾਸ਼ ਗੁੰਜਾਊ ਨਾਅਰੇ ਲਾਕੇ ਸਵਾਗਤ ਕੀਤਾ ।ਇਥੋਂ ਹੀ ਕੈਪਟਨ ਅਮਰਿੰਦਰ ਸਿੰਘ ਇਕ ਜਲੂਸ ਦੀ ਸ਼ਕਲ ਵਿਚ ਐਲੀਵੇਟਡ ਰੋਡ, ਭੰਡਾਰੀ ਪੁੱਲ, ਹਾਲ ਗੇਟ, ਹਾਲ ਬਜਾਰ, ਕੋਤਵਾਲੀ ਚੌਕ, ਧਰਮ ਸਿੰਘ ਮਾਰਕੀਟ ਹੁੰਦੇ ਹੋਏ ਸ੍ਰੀ ਦਰਬਾਰ ਸਾਹਿਬ ਪੁੱਜੇ । ਸਮੁਚੇ ਰਸਤੇ ਵਿਚ ਉਨਾਂ ਦਾ ਪਾਰਟੀ ਵਰਕਰਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਕੈਪਟਨ ਆਮ ਸੰਗਤ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗਏੇ, ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਈ ਤੇ ਕੁੱਝ ਸਮੇਂ ਲਈ ਕੀਰਤਨ ਸਰਵਣ ਕੀਤਾ ।ਉਹ ਆਪਣੇ ਸਾਥੀਆ ਸਹਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੁੱਜੇ ਤੇ ਖਲੋਅ ਕੇ ਅਰਦਾਸ ਕੀਤੀ । ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੁਹਰਾਇਆ ਕਿ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਹਮਲੇ ਲਈ ਮੁਖ ਮੰਤਰੀ ਪੰਜਾਬ ਸ੍ਰ ਪਰਕਾਸ਼ ਸਿੰਘ ਬਾਦਲ ਸਿੱਧੇ ਤੌਰ ਤੇ ਜਿੰਮੇਵਾਰ ਹਨ ਜਿਸਨੇ ਤਤਕਾਲੀਨ ਗ੍ਰਹਿ ਮੰਤਰੀ ਨਰਸਿੰਮਾ ਰਾਉ ਨਾਲ ਮੁਲਾਕਾਤ ਕਰਕੇ ਹਮਲੇ ਲਈ ਪ੍ਰਵਾਨਗੀ ਦਿੱਤੀ ।ਕੈਪਟਨ ਨੇ ਕਿਹਾ ਕਿ ਭਾਜਪਾ ਦੀ ਫੌਜੀ ਹਮਲੇ ਵਿਚ ਸ਼ਮੂਲੀਅਤ ਤਾਂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ਹੀ ਕਰ ਰਹੀ ਹੈ ।ਉਨਾਂ ਕਿਹਾ ਕਿ ਆਰ.ਐਸ.ਐਸ.ਦੁਆਰਾ ਇਕ ਸਾਜਿਸ਼ ਤਹਿਤ ਸ੍ਰੀ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਕੇ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇਤਲੀ ਤਾ ਪਹਿਲਾਂ ਹੀ ਗੁਜਰਾਤ ਤੋਂ ਰਾਜ ਸਭਾ ਮੈਂਬਰ ਹੈ । ਇਸਤੋਂ ਪਹਿਲਾਂ ਜਿਉਂ ਹੀ ਕੈਪਟਨ ਅਮਰਿੰਦਰ ਸਿੰਘ ਘੰਟਾਘਰ ਵਲੋਂ ਨਵੇਂ ਬਣ ਰਹੇ ਪਲਾਜ਼ਾ ਪੱੁੱਜੇ ਤਾਂ ਜੋਈ ੧੫-੨੦ ਨੋਜੁਆਨਾਂ ਦਾ ਇਕ ਛੋਟਾ ਜਿਹਾ ਸਮੂਹ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ਸਾਹਮਣੇ ਆ ਖੜੋਤਾ ,ਵੇਖਦੇ ਵੇਖਦੇ ਹੀ ਕੈਪਟਨ ਗੋ ਬੈਕ ਵਾਲੇ ਫਲੈਕਸ ਖੋਹਲ ਦਿੱਤੇ ਗਏ ਤੇ ਕੈਪਟਨ ਦੇ ਨੇੜੇ ਆਉਂਦਿਆਂ ਹੀ ਕਾਲੀਆਂ ਝੰਡੀਆਂ ਹਿੱਲਣ ਲੱਗ ਪਈਆਂ । ਮੌਕੇ ਤੇ ਮੌਜੂਦ ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਤੇ ਸਪੈਸ਼ਲ ਬ੍ਰਾਂਚ ਦੇ ਮੁਲਾਜਮਾਂ ਨੂੰ ਹੱਥਾਂ ਦੀ ਪੈ ਗਈ ਜਦਕਿ ਏੇ.ਸੀ.ਪੀ. ਮਨਵਿੰਦਰ ਸਿੰਘ ਨੇ ਨੌਜੁਆਨਾਂ ਦੇ ਇਸ ਸਮੂੰਹ ਨੂੰ ਰਾਹ ਚੋ ਪਿੱਛੇ ਕਰਕੇ ਅੱਗੇ ਵਰਦੀਧਾਰੀ ਪੁਲਿਸ ਮੁਲਾਜਮ ਲਗਾ ਦਿੱਤੇ । ਰਣਜੀਤ ਸਿੰਘ ਵੈਲਫੇਅਰ ਨਾਮੀ ਸੰਸਥਾ ਨਾਲ ਸਬੰਦਤ ਦੱਸੇ ਗਏ ਇਨ੍ਹਾਂ ਨੋਜੁਆਨਾਂ ਵਿਚ ਜਿਆਦਾਤਾਰ ਤਾਂ ਜੂਨ 84 ਦੇ ਹਮਲੇ ਬਾਰੇ ਹੀ ਅਨਜਾਣ ਸਨ ਜਦਕਿ ਮੁਖੀ ਵਜੋਂ ਸਾਹਮਣੇ ਆ ਰਹੇ ਵਿਅਕਤੀ ਆਪਣਾ ਨਾਮ ਦੱਸਣ ਤੋ ਹੀ ਗੁਰੇਜ ਕਰ ਗਏ ।