Wednesday, July 3, 2024

‘ਆਪ’ ਵਲੋਂ ਮਿਸ਼ਨ 2017 ਸ਼ੁਰੂ – ਭਗਵੰਤ ਮਾਨ

ਪਾਰਟੀ ਦੀ ਸ਼ਾਨਦਾਰ ਜਿੱਤ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਭਗਵੰਤ ਮਾਨ

ਮੋਦੀ ਦੀ ਟਿਪਣੀ ‘ਬਿਜਲੀ ਤਾਂ ਹੈ ਨਹੀ ਫਿਰ ਮੁਫਤ ਕਿਥੋਂ ਮਿਲੇਗੀ’ ‘ਤੇ ਬੋਲੇ ਭਗਵੰਤ ਮਾਨ ‘ਬਿਜਲੀ ਨਹੀਂ ਤਾਂ ਫਿਰ ਬੁਲੇਟ ਟਰੇਨ ਕਿਥੋਂ ਚਲੇਗੀ’, ਬਿਜਲੀ ਤਾਂ ਪੰਜਾਬ ਵੀ ਮੁਫਤ ਦੇ ਰਿਹੈ 
 PPN1702201501

ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ/ ਜਗਦੀਪ ਸਿੰਘ ਸੱਗੂ) – ਜੇਕਰ ਦਿੱਲੀ ਵਿੱਚ ਬਿਜਲੀ ਨਹੀ ਹੈ ਤਾਂ ਫਿਰ ਬੁਲੇਟ ਟਰੇਨ ਕਿਥੋਂ ਚਲੇਗੀ? ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵਲੋਂ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ ‘ਤੇ ਕੱਸੇ ਵਿਅੰਗ ‘ਬਿਜਲੀ ਤਾਂ ਹੈ ਨਹੀ ਫਿਰ ਮੁਫਤ ਕਿਥਂੋ ਮਿਲੇਗੀ’ ਦੇ ਜਵਾਬ ਵਿੱਚ ਇਹ ਚੋਟ ਕਰਦਿਆਂ ਪੰਜਾਬ ਦੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਸ੍ਰੀ ਮੋਦੀ ਨੇ ਪਾਰਟੀ ਦੀ ਹਾਰ ਵਿੱਚੋਂ ਉਭਰੀ ਮਾਨਸਿਕਤਾ ਦੇ ਨਤੀਜੇ ਵਜੋਂ ਇਹ ਬਿਆਨ ਦਿੱਤਾ ਹੈ, ਕਿਉਂਕਿ ਬਿਜਲੀ ਤਾਂ ਪੰਜਾਬ ਵੀ ਪੂਰੀ ਨਹੀ, ਫਿਰ ਵੀ ਗਠਜੋੜ ਸਰਕਾਰ ਮੁਫਤ ਦੇ ਰਹੀ ਹੈ।
ਦਿੱਲੀ ਵਿੱਚ ਸ੍ਰੀ ਕੇਜਰੀਵਾਲ ਦੀ ਅਗਵਾਈ ‘ਚ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਭਗਵੰਤ ਮਾਨ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਪਾਰਟੀ ਦੀ ਰਣਨੀਤੀ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਬੂਥ ਪੱਧਰ ਤੋਂ ਪੋਲਿੰਗ ਇੰਚਾਰਜ ਤੀਕ ਨਾਲ ਪਾਰਟੀ ਪ੍ਰਧਾਨ ਦਾ ਸਿੱਧਾ ਰਾਬਤਾ ਫਾਰਮੂਲਾ ਜੇਕਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸਫਲ ਹੋਇਆ ਹੈ ਤਾਂ ਉਹ ਪੰਜਾਬ ਵਿੱਚ ਵੀ ਅਪਣਾਇਆ ਜਾ ਸਕਦਾ ਹੈ।ਉਨਾਂ ਕਿਹਾ ਕਿ 2014 ਲੋਕ ਸਭਾ ਚੋਣਾਂ ‘ਚ ‘ਆਪ’ ਨੂੰ ਪੰਜਾਬ ਵਿਚੋਂ ਮਿਲੀਆਂ 4 ਸੀਟਾਂ ਨੇ ਪਾਰਟੀ ਲਈ ਆਕਸੀਜਨ ਦਾ ਕੰਮ ਕੀਤਾ, ਜਿਸ ਸਦਕਾ ਪਾਰਟੀ ਵਰਕਰ ਦਿੱਲੀ ਵਿੱਚ ਜੀਅ ਜਾਨ ਨਾਲ ਚੋਣ ਲੜੇ ਅਤੇ ਇਤਿਹਾਸਕ ਜਿੱਤ ਹੋਈ।ਧੂਰੀ ਵਿਧਾਨ ਸਭਾ ਦੀ ਜਿਮਨੀ ਚੋਣ ਲੜੇ ਜਾਣ ਬਾਰੇ ਸ੍ਰੀ ਮਾਨ ਨੇ ਕਿਹਾ ਕਿ ਇਕ ਦੋ ਦਿਨਾਂ ਵਿੱਚ ਪਾਰਟੀ ਦਾ ਪੰਜਾਬ ਯੂਨਿਟ ਦੀ ਮੀਟਿੰਗ ਹੋਏਗੀ ਅਤੇ ਫਿਰ ਆਖਰੀ ਫੈਸਲਾ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਵਲੋਂ ਕੀਤਾ ਜਾਵੇਗਾ।ਪਾਰਟੀ ਵਲੋਂ ਦਿੱਲੀ ਮੰਤਰੀ ਮੰਡਲ ਵਿੱਚ ਕੋਈ ਵੀ ਸਿੱਖ ਚਿਹਰਾ ਨਾ ਸ਼ਾਮਿਲ ਕੀਤੇ ਜਾਣ ਬਾਰੇ ਪੁੱਛੇ ਸਵਾਲ ਦੇ ਜਵਤਬ ਵਿੱਚ ਲੋਕ ਸਭਾ ਮੈਂਬਰ ਨੇ ਕਿਹਾ ਕਿ ਸਿਰਫ ਚਿਹਰੇ ਨਾ ਵੇਖੋ ਅਜੇ ਪਾਰਟੀ ਵਿੱਚ ਬਹੁਤ ਸਾਰੇ ਅਹੁੱਦੇ ਦੇਣ ਵਾਲੇ ਹਨ, ਇਹ ਜਰੂਰ ਵੇਖੋ ਕਿ ਪਹਿਲਾ ਮੁੱਖ ਮੰਤਰੀ ਹੈ, ਜਿਸ ਨੇ ਖੁਦ ਕੋਈ ਮਹਿਕਮਾ ਨਹੀ ਰੱਖਿਆ।ਸ੍ਰੀ ਮਾਨ ਨੇ ਕਿਹਾ ਕਿ ਪਾਰਟੀ ਨੇ ਤਾਂ ਸ਼ਾਹੀ ਇਮਾਮ ਵਲੋਂ ਦਿੱਤੀ ਹਮਾਇਤ ਵੀ ਤੁਰੰਤ ਠੁਕਰਾ ਦਿੱਤੀ ਸੀ।  ਉਨਾਂ ਦੋਸ਼ ਲਾਇਆ ਕਿ ਅਕਾਲੀ ਦਲ ਨੇ ਤਾਂ ਦਿੱਲੀ ਦੇ ਰਜੌਰੀ ਗਾਰਡਨ ਹਲਕੇ ਵਿੱਚ ਨਸ਼ੇ ਤੇ ਪੈਸੇ ਵੰਡੇ।ਪੰਜਾਬ ਦੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆਂ ਦਾ ਬਿਆਨ ਸੀ ‘ਜਮਾਨਤਾਂ ਜ਼ਬਤ ਕਰਵਾ ਦਿਆਂਗੇ’ ਅਤੇ ਦਿੱਲੀ ਵਿੱਚ ਵੱਡੀ ਗਿਣਤੀ ‘ਚ ਅਕਾਲੀ-ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਵੀ ਕਰਵਾਈਆਂ।ਉਨ੍ਹਾਂ ਸਾਫ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਮੁੱਖ ਕਾਰੋਬਾਰੀ ਬਿਕਰਮ ਸਿੰਘ ਮਜੀਠੀਆ ਹੈ ਤੇ ਇਹ, ਉਹ ਨਹੀ ਕਹਿ ਰਿਹਾ ਬਲਕਿ ਪੁਲਿਸ ਵਲੋਂ ਫੜੇ ਸਮੱਗਲਰ ਹੀ ਦੱਸ ਰਹੇ ਨੇ।ਦਿੱਲੀ ਵਿੱਚ ਅਕਾਲੀ-ਭਾਜਪਾ ਦੀ ਜਬਰਦਸਤ ਹਾਰ ਦੇ ਕਾਰਣਾਂ ਬਾਰੇ ਪੁੱਛੇ ਗਏ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਕੋਲ ਮੁੰਗੇਰੀ ਲਾਲ ਦੇ ਸੁਪਨਿਆਂ ਦੀ ਘਾਟ ਨਹੀ ਹੈ ਅਤੇ ਅਕਾਲੀ ਦਲ ਬਾਦਲ ਦੀ ਨੀਤੀ ਹੀ ਕੋਈ ਨਹੀ ਹੈ, ਪੰਜਾਬ ਵਿੱਚ ਭਾਜਪਾ ਨਾਲ ਗਠਜੋੜ, ਹਰਿਆਣਾ ਵਿੱਚ ਚੋਟਾਲਾ ਦਾ ਗੁਣਗਾਨ ਤੇ ਭਾਜਪਾ ਦੀ ਬਦਖੋਹੀ, ਯੂ.ਪੀ. ਵਿੱਚ ਸਮਾਜਵਾਦੀ ਪਾਰਟੀ ਅਤੇ ਅੱਗੇ ਕਿਸੇ ਹੋਰ ਨਾਲ ਸਾਂਝ, ਪਹਿਲਾਂ ਕਿਹਾ ਜਾਂਦਾ ਸੀ ਕਿ ਸ੍ਰ. ਪਰਕਾਸ਼ ਸਿੰਘ ਬਾਦਲ ਦੇ ਢਿੱਡ ਵਿੱਚ ਕੀ ਹੈ ਕੋਈ ਨਹੀ ਜਾਣਦਾ ਹੁਣ ਤਾਂ ਸਭ ਕੁਝ ਸੁਖਬੀਰ ਹੀ ਦੱਸ ਜਾਂਦਾ ਢਿੱਡ ਦੀ ਗੱਲ।ਨਵੰਬਰ 1984 ਦੇ ਦਿੱਲੀ ਸਿੱਖ ਕਤਲੇਆਮ ਦੇ 30 ਸਾਲਾਂ ਤੋਂ ਦੱਬੇ ਗਏ ਮਾਮਲਿਆਂ ਦੀ ਜਾਂਚ ਲਈ ਸਪੈਸ਼ਲ ਜਾਂਚ ਕਮੇਟੀ ਦੇ ਗਠਨ ਦੀ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੱਚ ਸਾਹਮਣੇ ਲਿਆ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ, ਆਮ ਆਦਮੀ ਪਾਰਟੀ ਦਾ ਅਹਿਮ ਏਜੰਡਾ ਹੈ।ਇਸ ਮੌਕੇ ਉਨ੍ਹਾਂ ਨਾਲ ਡਾ: ਦਲਜੀਤ ਸਿੰਘ, ਅਸ਼ੋਕ ਤਲਵਾੜ, ਸਰਬਜੀਤ ਸਿੰਘ ਗੁਮਟਾਲਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਅਹੁੱਦੇਦਾਰ ਤੇ ਵਰਕਰ ਹਾਜਰ ਸਨ ।
ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਆਪਣੇ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ,ਸ੍ਰੀ ਅਕਾਲ ਤਖਤ ਸਾਹਿਬ ਮੱਥਾ ਟੇਕਿਆ ਅਤੇ ਅਰਦਾਸ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ ਪਾਰਟੀ ਵਰਕਰਾਂ ਨੂੰ ਸੁਮੱਤ ਬਖਸ਼ਣ ਕਿ ਉਹ ਇਕ ਸਾਫ ਸੁਥਰੇ, ਭ੍ਰਿਸ਼ਟਾਚਾਰ ਰਹਿਤ, ਨਸ਼ਾ ਰਹਿਤ ਅਤੇ ਇਮਾਨਦਾਰ ਰਾਜ ਦੇਣ ਲਈ ਯਤਨਸ਼ੀਲ ਰਹਿਣ ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply