ਹੁਸ਼ਿਆਰਪੁਰ, 10 ਮਾਰਚ (ਸਤਵਿੰਦਰ ਸਿੰਘ) – ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਵੱਲੋਂ ਅਪਣਾਏ ਗਏ ਪਿੰਡ ਆਦਮਵਾਲ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਹੱਥ ਧੋਣ ਦੇ ਸਹੀ ਤਰੀਕੇ ਤੋਂ ਜਾਣੂ ਕਰਵਾਏ ਜਾਣ ਵਾਸਤੇ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਦਾ ਆਯੋਜਨ ਸਿਹਤ ਵਿਭਾਗ ਅਤੇ ਲਾਇੰਸ ਕੱਲਬ ਵੱਲੋਂ ਸਾਂਝੇ ਤੋਰ ਤੇ ਕੀਤਾ ਗਿਆ। ਰਾਸ਼ਟਰੀ ਬਾਲ ਸਵਾਸਥ ਕਾਰਯਾਕਰਮ ਅਧੀਨ ਲਗਾਏ ਗਏ ਇਸ ਕੈਂਪ ਦੀ ਪ੍ਰਧਾਨਤਾ ਕਰਦੇ ਹੋਏ ਸ਼੍ਰੀ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਚਿਰਕਾਲ ਤੋਂ ਪ੍ਰਚਲਿਤ ਕਹਾਵਤ ਕਿ ਇਲਾਜ਼ ਨਾਲੋਂ ਪਹਰੇਜ਼ ਚੰਗਾ ਹੁੰਦਾ ਹੈ, ਬਹੁਤ ਹੀ ਲਾਹੇਵੰਦ ਹੈ। ਅਕਸਰ ਬੀਮਾਰ ਹੋਣ ਤੇ ਇਲਾਜ ਕਰਵਾਉਣ ਤੇ ਬਹੁਤ ਖਰਚ ਹੁੰਦਾ ਹੈ ਪਰ ਜੇਕਰ ਹੱਥਾਂ ਨੂੰ ਸਹੀ ਤਰੀਕੇ ਨਾਲ ਸਾਫ ਕੀਤਾ ਜਾਵੇ ਤਾਂ ਸਹਿਜੇ ਹੀ ਬਹੁਤ ਸਾਰੀਆਂ ਬੀਮਾਰੀਆਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਲਈ ਤੰਦਰੂਸਤੀ ਕਾਇਮ ਰੱਖਣ ਲਈ ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਹੱਥਾਂ ਨੂੰ ਸਾਫ ਸੁਥਰਾ ਰੱਖਣ ਦਾ ਉਪਰਾਲਾ ਕਰੇ।ਇਸ ਮੌਕੇ ਰਾਸ਼ਟਰੀ ਬਾਲ ਸਵਾਸਥ ਕਾਰਯਾਕਰਮ ਦੇ ਜਿਲ੍ਹਾ ਇੰਚਾਰਜ ਡਾ. ਗੁਨਦੀਪ ਕੌਰ ਨੇ ਹੱਥਾਂ ਨੂੰ ਧੋਣ ਦੀ ਉਚਿਤ ਵਿਧੀ ਬਾਰੇ ਦੱਸਦੇ ਹੋਏ ਵਿਦਿਆਰਥੀਆਂ ਨੂੰ ਮਹੱਤਵਪੂਰਣ ਜਾਣਕਾਰੀ ਦਿੱਤੀ ਕਿ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਅਤੇ ਪਖਾਨਾ ਜਾਣ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਤਾਂ ਜੋ ਹੱਥ ਪੂਰੀ ਤਰ੍ਹਾਂ ਕੀਟਾਣੂਮੁਕਤ ਹੋ ਜਾਣ। ਹੱਥ ਚੰਗੀ ਤਰੀਕੇ ਨਾਲ ਨਾ ਧੋਤੇ ਜਾਣ ਤਾਂ ਇੰਨਾਂ ਰਾਂਹੀ ਕਈ ਤਰ੍ਹਾਂ ਦੇ ਕੀਟਾਣੂ ਪੇਟ ਵਿੱਚ ਚਲੇ ਜਾਂਦੇ ਹਨ ਜਿਸ ਨਾਲ ਕਈ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ।
ਉਨਾਂ ਕਿਹਾ ਕਿ ਹੱਥ ਧੋਣ ਦੀ ਇੱਕ ਪ੍ਰਕਿਰਿਆ ਹੰਦੀ ਹੈ ਜਿਸ ਤਹਿਤ 6 ਸਟੈਪਸ ਨਿਰਧਾਰਿਤ ਕੀਤੇ ਗਏ ਹਨ। ਜਿਵੇਂ ਹਥੇਲੀ ਅਤੇ ਉਂਗਲੀਆਂ ਨੂੰ ਧੋਣਾ, ਹੱਥ ਦੇ ਪਿਛਲੇ ਪਾਸੇ ਨੂੰ ਧੋਣਾ, ਉਂਗਲੀਆਂ ਅਤੇ ਉਸ ਦੀਆਂ ਗੱਠਾਂ ਨੂੰ ਧੋਣਾ, ਅੰਗੂਠੇ ਨੂੰ ਧੋਣਾ, ਉਂਗਲੀਆਂ ਦੇ ਪੋਟਾਂ ਨੂੰ ਧੋਣਾ ਅਤੇ ਅੰਤ ਵਿੱਚ ਕਲਾਈਆਂ ਨੂੰ ਧੋਣਾ।ਡਾ. ਗੁਨਦੀਪ ਕੌਰ ਵੱਲੋਂ ਹੱਥ ਧੋਣ ਦੀ ਇਸ ਵਿਧੀ ਨੂੰ ਸਕੂਲੀ ਵਿਦਿਆਰਥੀਆਂ ਲਈ ਪ੍ਰਯੋਗਾਤਮਕ ਤਰੀਕੇ ਨਾਲ ਕਰਕੇ ਵਿਖਾਇਆ ਗਿਆ ਅਤੇ ਇਹ ਪ੍ਰਕਿਰਿਆ ਮੁੜ ਵਿਦਿਆਰਥੀਆਂ ਵੱਲੋਂ ਦੁਹਰਾਈ ਗਈ। ਇਸ ਅਵਸਰ ਤੇ ਰਾਸ਼ਟਰੀ ਬਾਲ ਸਵਾਸਥ ਕਾਰਯਾਕਰਮ ਦੇ ਜਿਲ੍ਹਾ ਨੋਡਲ ਅਫਸਰ ਡਾ.ਅਜੇ ਬੱਗਾ ਵੱਲੋਂ ਸਕੂਲਾਂ ਦੇ ਮੁਖੀਆਂ ਨੂੰ ਬੇਨਤੀ ਕੀਤੀ ਗਈ ਕਿ ਹੱਥਾਂ ਨੂੰ ਧੋਣ ਦੀ ਇਸ ਪ੍ਰਕਿਰਿਆ ਨੂੰ ਹਰ ਹਫਤੇ ਸਵੇਰ ਵੇਲੇ ਦੀ ਪ੍ਰਾਰਥਨਾ ਸਭਾ ਮੌਕੇ ਜਰੂਰ ਦੁਹਰਾਇਆ ਜਾਵੇ ਤਾਂ ਜੋ ਵਿਦਿਆਰਥੀ ਇਸ ਪ੍ਰਕਿਰਿਆ ਨੂੰ ਆਪਣੀ ਜਿੰਦਗੀ ਦਾ ਅਨਿੱਖੜਵਾਂ ਹਿੱਸਾ ਬਣਾ ਸਕਣ। ਇਸ ਜਾਗਰੂਕਤਾ ਕੈਂਪ ਵਿੱਚ ਬਲਾਕ ਚੱਕੋਵਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ.ਸਰਦੂਲ ਸਿੰਘ, ਡਾ.ਰਾਜੇਸ਼ ਟੰਡਨ, ਸਕੂਲ ਦੇ ਪ੍ਰਿੰਸੀਪਲ ਸ਼ੀਮਤੀ ਅਰੁਣ ਪ੍ਰਭਾ, ਲਾਇੰਸ ਕਲੱਬ ਤੋਂ ਸਰਦਾਰ ਬਲਵੰਤ ਸਿੰਗ ਮਾਂਗਟ, ਵਿਜੈ ਅਰੋੜਾ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀ ਹਾਜਿਰ ਸਨ।