ਰਾਜਨੀਤਿਕ ਪਾਰਟੀਆਂ ਵੀ ਲੈ ਰਹੀਆਂ ਹਨ ਸਹਾਰਾ
ਜੰਡਿਆਲਾ ਗੁਰ, 10 ਮਾਰਚ (ਵਰਿੰਦਰ ਸਿੰਘ / ਹਰਿੰਦਰ ਪਾਲ ਸਿੰਘ) – ਅੱਜਕਲ੍ਹ ਦੀ ਨੋਜਵਾਨ ਪੀੜ੍ਹੀ ਦਾ ਇੱਕ ਬਹੁਤ ਵੱਡਾ ਹਿੱਸਾ ਸੋਸ਼ਲ ਮੀਡੀਏ ਨਾਲ ਜੁੜਿਆ ਹੋਇਆ ਹੈ। ਜਿਆਦਾਤਰ ਲੜਕੇ-ਲੜਕੀਆ ਇਸ ਨਾਲ ਲਗਾਤਾਰ ਸਾਰਾ ਸਾਰਾ ਦਿਨ ਸਕੂਲ, ਕਾੱਲਜ, ਦਫਤਰ, ਸਫਰ, ਕੰਮਕਾਰ ਆਦਿ ਤੇ ਜੁੜੇ ਰਹਿੰਦੇ ਹਨ। ਇਸਦੇ ਪ੍ਰਭਾਵ ਦੀ ਝਲਕ ਨੋਜਵਾਨਾਂ ਦੇ ਰਹਿਣ ਸਹਿਣ ਤੋਂ ਸਪੱਸ਼ਟ ਦਿਖਾਈ ਦਿੰਦੀ ਹੈ ਜਿਸ ਵਿੱਚ ਉਹ ਅਪਨੀ ਹੀ ਵੱਖਰੀ ਦੁਨੀਆ ਵਿਚ ਮਸਤ ਨਜ਼ਰ ਆਉਂਦੇ ਹਨ। ਰਾਜਨੀਤਿਕ ਪਾਰਟੀਆਂ ਵੀ ਸ਼ੋਸ਼ਲ ਮੀਡੀਆ ਰਾਂਹੀ ਨੋਜਵਾਨਾ ਨੂੰ ਅਪਨੇ ਵੱਲ ਆਕਰਸ਼ਿਤ ਕਰਨ ਲਈ ਪੂਰਾ ਜੋਰ ਲਗਾ ਰਹੀਆਂ ਹਨ।
ਅਗਰ ਅੱਜ ਦੇ ਮੋਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਦਿੱਲੀ ਦੇ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਉਹ ਸ਼ੋਸ਼ਲ ਮੀਡੀਆ ਰਾਂਹੀ ਹੀ ਇਸ ਅਹੁਦੇ ਤੱਕ ਪਹੁੰਚੇ ਹਨ।ਸੋਸ਼ਲ ਮੀਡੀਆ ਅਜ ਦੇ ਸਮੇਂ ਅੰਦਰ ਇੱਕ ਖਤਰਨਾਕ ਹਥਿਆਰ ਦਾ ਰੂਪ ਧਾਰਨ ਕਰ ਚੁੱਕਾ ਜਿੱਥੇ ਇਸ ਹਥਿਆਰ ਰਾਹੀਂ ਇੱਕ ਨਿੱਕੇ ਜਿਹੇ ਪਿੰਡ ਵਿੱਚ ਵਾਪਰੀ ਘਟਨਾ ਨੂੰ ਤੁਸੀ ਪੂਰੇ ਸੰਸਾਰ ਵਿੱਚ ਪਹੁੰਚਾ ਸਕਦੇ ਹੋ।ਹਰ ਘਟਨਾ ਬਾਰੇ ਮਿੰਟਾਂ-ਸਕਿੰਟਾ ਵਿੱਚ ਪਤਾ ਲੱਗ ਜਾਦਾ ਹੈ।ਆਮ ਆਦਮੀ ਵੀ ਇਸ ਸਿਸਟਮ ਰਾਹੀਂ ਆਪਣੀ ਆਵਾਜ਼ ਸਰਕਾਰਾਂ ਸਾਹਮਣੇ ਰੱਖ ਸਕਦਾ ਹੈ।ਇਸ ਤਰ੍ਹਾ ਇਹ ਆਮ ਲੋਕਾ ਦਾ ਮੀਡੀਆ ਵੀ ਅਖਵਾਉਂਦਾ ਹੈ।ਗੁਆਚੇ ਦੀ ਭਾਲ ਅਤੇ ਲੋੜਵੰਦਾ ਦੀ ਮੱਦਦ ਕਰਨ ਲਈ ਇਸਦੀ ਵਰਤੋਂ ਕਰਨਾ ਲਾਭਦਾਇਕ ਸਿੱਧ ਹੋ ਰਿਹਾ ਹੈ। ਅੱਤ ਦੀ ਮਹਿੰਗਾਈ ਵਿੱਚ ਬਿਨਾਂ ਕਿਸੇ ਖਰਚੇ ਤੋਂ ਹੋਣ ਕਾਰਨ ਇਸ ਨੂੰ ਹਰ ਵਿਅਕਤੀ ਵਲੋਂ ਵਰਤਿਆ ਜਾ ਰਿਹਾ ਹੈ।ਇਸ ਦੇ ਲਾਭ ਦੇ ਨਾਲ ਨਾਲ ਨੁਕਸਾਨ ਵੀ ਹੋ ਰਹੇ ਹਨ। ਸਮੱਗਲਰ, ਗੁੰਡਾ ਗਿਰੋਹ ਆਦਿ ਇਸ ਰਾਹੀਂ ਹੀ ਆਪਣਾ ਲੈਣ ਦੇਣ ਕਰ ਰਹੇ ਹਨ, ਘਰ ਬੈਠੇ ਹੀ ਉਹ ਆਪਣੇ ਗ੍ਰਾਹਕ ਨੂੰ ਹਥਿਆਰ ਆਦਿ ਦੇ ਨਮੂਨੇ ਦਿਖਾ ਦਿੰਦੇ ਹਨ ਅਤੇ ਹੋਰ ਗਲਤ ਅਨਸਰ ਵੀ ਇਸ ਦੀ ਦੁਰਵਰਤੋਂ ਕਰ ਰਹੇ ਹਨ।ਕੁੱਝ ਲੋਕ ਤਾਂ ਇਸ ਰਾਹੀ ਅਸ਼ਲੀਲਤਾ ਵੀ ਫੈਲਾਉਂਦੇ ਹਨ, ਜੋ ਕਿ ਨੋਜਵਾਨਾ ਲਈ ਮਾਰੂ ਸਾਬਤ ਹੋ ਰਹੀ ਹੈ।ਨੋਜਵਾਨਾਂ ਦਾ ਹਰ ਵੇਲੇ ਇਸ ਨਾਲ ਜੁੜੇ ਰਹਿਣ ਨਾਲ ਉਹਨਾਂ ਦਾ ਕੀਮਤੀ ਸਮਾਂ ਵੀ ਖਰਾਬ ਹੋ ਰਿਹਾ ਹੈ। ਕੁੱਝ ਛੋਟੀ ਸੋਚ ਵਾਲੇ ਸੋਸ਼ਲ ਮੀਡੀਏ ਨੂੰ ਫਿਰਕਾਪ੍ਰਸਤੀ ਫੈਲਾਉਣ ਦਾ ਸਾਧਨ ਬਣਾ ਰਹੇ ਹਨ, ਜੋ ਕਿ ਬੇਹੱਦ ਮੰਦਭਾਗਾ ਹੈ।ਇਸ ਰਾਹੀਂ ਕਈ ਵਾਰ ਭੋਲੀਆਂ-ਭਾਲੀਆਂ ਲੜਕੀਆਂ ਦੀਆਂ ਗਲਤ ਤਸਵੀਰਾਂ ਪਾ ਕੇ ਉਹਨਾ ਦੇ ਜੀਵਨ ਨਾਲ ਖਿਲਵਾੜ ਕੀਤਾ ਜਾਦਾ ਹੈ।ਸੋਸ਼ਲ ਮੀਡੀਏ ਦੇ ਦੋ ਪਹਿਲੂ ਹਨ, ਇਹ ਵਰਤਣ ਵਾਲੇ ਦੇ ਹੱਥਾਂ ਵਿਚੱ ਹੁੰਦਾ ਹੈ ਕਿ ਅਸੀਂ ਉਸ ਦੀ ਠੀਕ ਵਰਤੋਂ ਕਰਕੇ ਲਾਹਾ ਲੈ ਰਹੇ ਹਾਂ ਜਾਂ ਫਿਰ ਉਸ ਦੀ ਦੁਰਵਰਤੋਂ ਕਰ ਰਹੇ ਹਾਂ।ਇਸ ਤਰ੍ਹਾਂ ਹੀ ਸੋਸ਼ਲ ਮੀਡੀਏ ਦੀ ਸਹੀ ਵਰਤੋਂ ਸਮਾਜ ਲਈ ਲਾਹੇਵੰਦ ਹੋ ਸਕਦੀ ਹੈ, ਜਦਕਿ ਇਸ ਦੀ ਗਲਤ ਵਰਤੋਂ ਸਮਾਜ ਲਈ ਘਾਤਕ ਸਾਬਤ ਹੋ ਸਕਦੀ ਹੈ।
ਕੁੱਲ ਮਿਲਾ ਕੇ ਸੋਸ਼ਲ ਮੀਡੀਆ ਨਵੀ ਕ੍ਰਾਤੀ ਹੈ, ਜੋ ਸਮਾਜ ਲਈ ਲਾਹੇਵੰਦ ਬਣ ਸਕਦੀ ਹੈ। ਸ਼ੋਸ਼ਲ ਮੀਡੀਆ ਨੇ ਵਿਸ਼ਵ ਨੂੰ ਇੱਕ ਛੋਟੇ ਪਿੰਡ ਦਾ ਰੂਪ ਦੇ ਦਿੱਤਾ ਹੈ। ਸਾਨੂੰ ਸਾਰਿਆਂ ਨੂੰ ਵੀ ਇਸਦੀ ਸਹੀ ਵਰਤੋਂ ਕਰਕੇ ਸਮਾਜ ਨੂੰ ਸਹੀ ਸੇਧ ਦੇਣੀ ਚਾਹੀਦੀ ਹੈ।