Sunday, September 8, 2024

 ਆਪਣੀ ਜਨਮ ਭੌਂ ਦੀ ਖਿੱਚ ਲਗਾਤਾਰ ਬਰਕਰਾਰ ਰਹਿੰਦੀ ਹੈ – ਵਾਲ ਭਗਤ ਸਿੰਘ

PPN1603201502
ਅਮ੍ਰਿਤਸਰ, 16 ਮਾਰਚ (ਦੀਪ ਦਵਿੰਦਰ ਸਿੰਘ) – ਸੰਜੀਦਾ ਮਨੁੱਖ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਰਹਿ ਰਿਹਾ ਹੋਵੇ ਤੇ ਖੁਸ਼ਹਾਲ ਵੀ ਹੋਵੇ ਤਾਂ ਵੀ ਉਸ ਨੂੰ ਆਪਣੀ ਜਨਮ ਭੌਂ ਦੀ ਖਿੱਚ ਲਗਾਤਾਰ ਬਰਕਰਾਰ ਰਹਿੰਦੀ ਹੈ ਅਤੇ ਉਹ ਕਦੀ ਨਾ ਕਦੀ ਇਸ ਦੇ ਦੀਦਾਰੇ ਕਰਨ ਲਈ ਜਰੂਰ ਤੁਰ ਪੈਂਦਾ ਹੈ। ਇਸੇ ਤਰ੍ਹਾਂ ਦੀ ਇੱਕ ਘਟਨਾ ਹੈ, ਫਿਲੀਪੀਨ ਦੀ ਰਾਜਧਾਨੀ ਮਨੀਲਾ ਵਿੱਚ ਵੱਸਦੇ ਪੰਜਾਬੀ ਪਰਿਵਾਰ ਦੀ, ਜਿੰਨ੍ਹਾਂ ਦਾ ਵਡੇਰਾ ਮੱਤਾਰਾਮ ਸਿੰਘ, 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਕਿਸਾਨ ਲਹਿਰ ਦੇ ਉਸਰੱਈਏ ਚਾਚਾ ਸ. ਅਜੀਤ ਸਿੰਘ ਖਟਕੜ ਕਲਾਂ ਨਾਲ ਗੁਪਤਵਾਸ ਹੁੰਦਾ ਹੋਇਆ ਹਾਂਗਕਾਂਗ ਗਿਆ ਸੀ। ਕਈ ਸਾਲਾਂ ਤੇ ਕਈ ਦੇਸ਼ਾਂ ਵਿੱਚ ਦੀ ਗੁਪਤਵਾਸ ਰਹਿਕੇ ਜੱਦੋ-ਜਹਿਦ ਕਰਨ ਪਿੱਛੋਂ ਉਹ ਮਨੀਲਾ ਵਿੱਚ ਵੱਸ ਗਿਆ, ਜਿੱਥੇ ਉਹ ਗਦਰ ਪਾਰਟੀ ਦਾ ਆਗੂ ਰਿਹਾ ਤੇ ਲੋਕਾਂ ਵਿੱਚ ਵਿੱਚਰਦਿਆਂ 1940 ਵਿੱਚ ਸਦਾ ਲਈ ਰੁਖ਼ਸਤ ਹੋ ਗਿਆ। ਉਨ੍ਹਾਂ ਨੇ ਆਪਣੀ ਹਯਾਤੀ ਚਿੱਟੀ ਪੱਗ ਤੇ ਖੁੱਲ੍ਹਾ ਦਾੜ੍ਹਾ ਰੱਖ ਕੇ ਬਿਤਾਈ। ਉਨ੍ਹਾਂ ਦੇ ਅੰਤਿਮ ਸਸਕਾਰ ਸਮੇਂ ਦੀ ਇੱਕ ਦੁਰਲੱਭ ਫੋਟੋ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਗਦਰ ਪਾਰਟੀ ਨਾਲ ਸਬੰਧਤ 4-5 ਪੰਜਾਬੀ ਸਿੱਖ ਸਰਦਾਰ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦੀ ਸ਼ਨਾਖਤ ਜਲਦੀ ਹੀ ਦੇਸ਼ ਭਗਤ ਯਾਦਗਾਰ ਹਾਲ ਵੱਲੋਂ ਕਰ ਲਈ ਜਾਵੇਗੀ।
ਸ੍ਰੀ ਮੱਤਾ ਰਾਮ ਸਿੰਘ ਦਾ ਪੋਤਰਾ ਵਾਲ ਭਗਤ ਸਿੰਘ ਬੀਤੇ ਦਿਨੀਂ ਇੱਕ ਸਦੀ ਤੋਂ ਵੀ ਵਧੇਰੇ ਸਮਾਂ ਬੀਤ ਜਾਣ ਪਿੱਛੋਂ ਆਪਣੇ ਦਾਦਾ ਦੀ ਜਨਮ ਭੌਂ ਖਟਕੜ ਕਲਾਂ ਦੀ ਜ਼ਿਆਰਤ ਕਰਨ ਲਈ ਇੱਥੇ ਆਇਆ ਤੇ ਪਿੰਡ ਦੀ ਜੂਹ ਨੂੰ ਸਿਜਦਾ ਕਰਦਿਆਂ ਉਸ ਨੇ ਬੜੇ ਹੀ ਭਾਵੁਕ ਪਲਾਂ, ਭਾਵੁਕ ਸ਼ਬਦਾਂ ਤੇ ਭਿੱਜੀਆਂ ਅੱਖਾਂ ਦੇ ਕੋਏ ਪੂੰਝਦਿਆਂ ਕਿਹਾ ਕਿ ਅੱਜ ਮੇਰਾ ਤੇ ਮੇਰੇ ਪਰਿਵਾਰ ਦਾ ਮਨ ਖੁਸ਼ ਹੋਇਆ ਹੈ ਕਿ ਮੈਂ ਮੁੜ ਪਰਿਵਾਰ ਦੀਆਂ ਜੜ੍ਹਾਂ ਵਿੱਚ ਬੈਠਾ ਹਾਂ। ਇਹੀ ਮਨੁੱਖ ਦਾ ਇਤਿਹਾਸ ਹੈ, ਉਸ ਦੇ ਲੋਕ ਹਿੱਤੂ ਕਾਰਜਾਂ ਦਾ ਇਤਿਹਾਸ ਹੈ ਅਤੇ ਸਾਨੂੰ ਮਾਣ ਹੈ ਕਿ ਅਸੀਂ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਜੁੜੇ ਰਹੇ ਹਨ ਅਤੇ ਅੱਜ ਵੀ ਸਾਡੇ ਪਰਿਵਾਰਾਂ ਦੇ 60 ਤੋਂ 80 ਜੀਅ ਸ਼ਹੀਦ ਭਗਤ ਸਿੰਘ ਤੇ ਗਦਰ ਪਾਰਟੀ ਦੇ ਇਤਿਹਾਸ ਨੂੰ ਮਨੀਲਾ ਵਿੱਚ ਸਾਂਭੀ ਬੈਠੇ ਹਨ।
ਖਟਕੜ ਕਲਾਂ ਦੀਆਂ ਗਲੀਆਂ ਵਿੱਚ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਤੇ ਪੰਜਾਬੀ ਲੇਖਕ ਭੁਪਿੰਦਰ ਸਿੰਘ ਸੰਧੂ, ਮਾਂ ਹਰਬੰਸ ਹੀਓ, ਮਾਸਟਰ ਸੋਹਨ ਲਾਲ ਅਤੇ ਕੁਲਵਿੰਦਰ ਖਟਕੜ ਆਦਿ ਨਾਲ ਵਿਚਰਦਿਆਂ ਉਹ ਆਨੰਦਤ ਮਹਿਸੂਸ ਕਰ ਰਿਹਾ ਸੀ, ਮਾਣ ਮਹਿਸੂਸ ਕਰ ਰਿਹਾ ਸੀ ਅਤੇ ਹਰ ਘਰ, ਹਰ ਥਾਂ ਤੇ ਭਗਤ ਸਿੰਘ ਦਾ ਨਾਮ ਪੜ੍ਹ ਕੇ ਅਤੇ ਫੋਟੋਆਂ ਦੇਖ ਕੇ ਖੁਸ਼ ਹੋ ਰਿਹਾ ਸੀ। ਸ਼ਹੀਦ ਭਗਤ ਸਿੰਘ ਨਾਲ ਸਬੰਧਤ ਮਿਊਜ਼ੀਅਮ ਤੇ ਉਨ੍ਹਾਂ ਦੇ ਘਰ ਨੂੰ ਦੇਖ ਕੇ, ਸਾਂਭੀਆਂ ਚੀਜ਼ਾਂ-ਵਸਤਾਂ ਨੂੰ ਦੇਖ ਕੇ ਉਹ ਬਹੁਤ ਸਾਕੂਨ ਹਾਸਲ ਕਰ ਰਿਹਾ ਸੀ, ਕਿ ਕੌਮਾਂ ਕਿਵੇਂ ਆਪਣੇ ਮਾਣ-ਮੱਤੇ ਸ਼ਹੀਦਾਂ ਦੀ ਸਾਂਭ ਸੰਭਾਲ ਕਰਦੀਆਂ ਹਨ। ਇਸ ਪਿੱਛੋਂ ਉਹ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਗਦਰ ਪਾਰਟੀ ਨਾਲ ਸਬੰਧਤ ਸ਼ਹੀਦਾਂ ਦੀਆਂ ਤਸਵੀਰਾਂ, ਲਾਇਬਰੇਰੀ ਅਤੇ ਹੋਰ ਪ੍ਰਬੰਧ ਦੇਖ ਕੇ ਦੰਗ ਰਹਿ ਗਿਆ। ਇੱਥੇ ਉਸ ਨੂੰ ਪ੍ਰਧਾਨ ਸ੍ਰੀ ਨੌਨਿਹਾਲ ਸਿੰਘ ਅਤੇ ਜਨ: ਸਕੱਤਰ ਡਾ. ਰਘਬੀਰ ਕੌਰ ਵੱਲੋਂ ਪੁਸਤਕਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਉਨ੍ਹਾਂ ਦੇ ਦਾਦਾ ਦੇ ਕਾਰਜਾਂ ਦੀ ਸ਼ਨਾਖਤ ਕਰਕੇ ਜਲਦੀ ਪਰਿਵਾਰ ਨਾਲ ਸੰਪਰਕ ਕੀਤਾ ਜਾਵੇਗਾ। ਇਸ ਪਿੱਛੋਂ ਅੰਮ੍ਰਿਤਸਰ ਦੇ ਜਲ੍ਹਿਆਂ ਵਾਲਾ ਬਾਗ ਵਿਖੇ ਉਸ ਨੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਅਤੇ ਲਾਟ ਤੇ ਸੀਸ ਝੁਕਾ ਕੇ ਮਨੋ-ਭਾਵਨਾਵਾਂ ਦੇ ਡੂੰਘੇ ਵੇਗ ਵਿੱਚ ਵਹਿ ਗਿਆ।
ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਸਿੱਖਾਂ ਅਤੇ ਪੰਜਾਬੀਆਂ ਪ੍ਰਤੀ ਉਸ ਦਾ ਵਿਸ਼ਵਾਸ਼ ਅਤੇ ਪਿਆਰ ਹੋਰ ਵੀ ਡੂੰਘਾ ਹੋ ਗਿਆ। ਸਥਾਨਕ ਮਜੀਠਾ ਰੋਡ ਸਥਿਤ ਗੁਰੂ ਨਾਨਕ ਐਵਨਿਊ ਵਿਖੇ ਭੁਪਿੰਦਰ ਸਿੰਘ ਸੰਧੂ ਦੇ ਘਰ ਬੈਠ ਕੇ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਫੋਨ, ਈਮੇਲ ਤੇ ਫੇਸਬੁੱਕ ਰਾਹੀਂ ਲੰਮੀਆਂ ਸਾਂਝਾਂ ਭਰੀਆਂ ਗੱਲਾਂ ਕਰਦਾ ਹੈ, ਜਿਸ ਦੇ ਜਵਾਬ ਵਿੱਂਚ ਉਸ ਦੀ ਛੋਟੀ ਭੈਣ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਪਰਿਵਾਰ ਦੇ ਕਿਸੇ ਜੀਅ ਨੇ ਆਪਣੀਆਂ ਅਮੀਰ ਜੜ੍ਹਾਂ ਨੂੰ ਲੱਭਣ ਦਾ ਯਤਨ ਕੀਤਾ ਅਤੇ ਸਫਲਤਾ ਹਾਸਲ ਕੀਤੀ। ਇੱਥੇ ਉਸ ਦਾ ਸਨਮਾਨ ਕੀਤਾ ਗਿਆ, ਜਿਸ ਤੇ ਖੁਸ਼ੀ ਵਿੱਚ ਅੱਖਾਂ ਭਰਦਿਆਂ ਭਰੇ ਗਲੇ ਵਿੱਚੋਂ ਮਸਾਂ ਨਿਕਲਦੇ ਧੰਨਵਾਦ ਵਰਗੇ ਸ਼ਬਦਾਂ ਨਾਲ ਇਸ ਯਾਤਰਾ ਨੂੰ ਨਾ ਭੁੱਲਣ ਵਾਲਾ ਕਰਾਰ ਦਿੰਦਿਆਂ ਉਸਨੇ ਕਿਹਾ ਕਿ ਉਹ ਆਪਣੇ ਬਾਕੀ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਵੀ ਖਟਕੜ ਕਲਾਂ ਤੇ ਅਮ੍ਰਿਤਸਰ ਆਉਣ ਲਈ ਕਹੇਗਾ, ਕਿਉਂਕਿ ਪੰਜਾਬ ਤੇ ਪੰਜਾਬੀਆਂ ਨਾਲ ਉਨ੍ਹਾਂ ਦਾ ਖੂਨ ਦਾ ਰਿਸ਼ਤਾ ਹੈ, ਜੋ ਬਹੁਤ ਮਜ਼ਬੂਤ ਹੈ ਤੇ ਸਾਨੂੰ ਹਮੇਸ਼ਾਂ ਉਸ ਤੇ ਮਾਣ ਹੈ। ਇੱਥੇ ਇਹ ਵਰਨਣਯੋਗ ਹੈ ਕਿ ਵਾਲ ਭਗਤ ਸਿੰਘ ਦੇ ਦੋ ਵੱਡੇ ਭਰਾ ਰਮਨ ਭਗਤ ਸਿੰਘ (ਜੂਨੀਅਰ) ਲਗਾਤਾਰ ਤਿੰਨ ਵਾਰ ਅਤੇ ਛੋਟੇ ਭਰਾ ਮਾਧੋ ਭਗਤ ਸਿੰਘ ਲਗਾਤਾਰ ਛੇਵੀਂ ਵਾਰ ਫਿਲੀਪੀਨ ਦੀ ਕੌਮੀ ਪਾਰਲੀਮੈਂਟ ਦੇ ਮੈਂਬਰ ਹਨ। ਇੰਨ੍ਹਾਂ ਦਾ ਇੱਕ ਭਰਾ ਮਨੀਲਾ ਦਾ ਮੇਅਰ ਰਹਿ ਚੁੱਕਾ ਹੈ ਅਤੇ ਭਤੀਜਾ ਹੁਣ ਕੌਂਸਲਰ ਹੈ। ਇੰਝ ਇਹ ਵਾਲ ਭਗਤ ਸਿੰਘ ਦੀ ਇਹ ਇਕ ਸਦੀ ਪਿੱਛੋਂ ਫੇਰੀ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਸਮੂੰਹ ਪੰਜਾਬੀਆਂ ਅਤੇ ਸਿੱਖਾਂ ਵਾਸਤੇ ਰਾਹ ਦਸੇਰਾ ਬਣੇਗੀ ਅਤੇ ਪੰਜਾਬੀ ਹੋਣ ਅਤੇ ਵੱਡਾ ਮਾਣ ਕਰਨ ਦੀ ਪ੍ਰੇਰਣਾ ਦੇਵੇਗੀ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply