Monday, July 1, 2024

ਪਟਨਾ ਸਾਹਿਬ ਘਟਨਾ ਦੀਆਂ ਦੋਹਾਂ ਧਿਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇਗਾ – ਗਿ: ਗੁਰਬਚਨ ਸਿੰਘ

14011402

ਅੰਮ੍ਰਿਤਸਰ, 14 ਜਨਵਰੀ (ਨਰਿੰਦਰਪਾਲ ਸਿੰਘ) – ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਰਮਿਆਨ ਪੈਦਾ ਹੋਏ ਗੰਭੀਰ ਵਿਵਾਦ ਦੇ ਸਦੀਵੀ ਹੱਲ ਲਈ ਗਿਆਨੀ ਗੁਰਬਚਨ ਸਿੰਘ ਦੋਹਾਂ ਧਿਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰ ਰਹੇ ਹਨ। ਅੱਜ ਇਥੇ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦੀ ਦਰਬਾਰ ਸਾਹਿਬ ਫੇਰੀ ਸਮੇਂ, ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਦਫਤਰ ਵਿਖੇ ਸ੍ਰ. ਬਾਦਲ ਨਾਲ ਕੋਈ ਅੱਧਾ ਘੰਟਾ ਬੰਦ ਕਮਰੇ ਵਿੱਚ ਮੁਲਾਕਾਤ ਕੀਤੀ। ਬੇਸ਼ੱਕ ਇਸ ਮੀਟਿੰਗ ਦੇ ਪੂਰੇ ਵੇਰਵੇ ਤਾਂ ਨਹੀ ਮਿਲ ਸਕੇ ਲੇਕਿਨ ਬਾਅਦ ਵਿਚ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਗਿਆਨੀ ਗੁਰਬਚਨ ਸਿੰਘ ਤਖਤ ਸ੍ਰੀ ਪਟਨਾ ਸਾਹਿਬ ਦੇ ਹਾਲਾਤਾਂ ਬਾਰੇ ਕਾਫੀ ਗੰਭੀਰ ਨਜ਼ਰ ਆਏ । ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਹੋਏ ਆਦੇਸ਼ਾਂ ਬਾਅਦ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਤੇ ਇਹ ਕਮੇਟੀ 7 ਜਨਵਰੀ ਨੂੰ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਵਾਪਰੀ ਸਮੁੱਚੀ ਘਟਨਾ ਦਾ ਜਾਇਜ਼ਾ ਲੈਣ ਪੁੱਜੀ।ਜਾਂਚ ਕਮੇਟੀ ਨੇ ਸਾਰੇ ਹਾਲਾਤ ਵੇਖ ਕੇ ਹੀ ਗਿਆਨੀ ਇਕਬਾਲ ਸਿੰਘ ਦੀ ਸਹਿਮਤੀ ਨਾਲ ਉਨ੍ਹਾਂ ਤੇ  ਤਖਤ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਰਮਿਆਨ ਲਿਖਤੀ ਸਮਝੋਤਾ ਕਰਵਾਇਆ।ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਸਮਝੋਤੇ ਦੇ ਮਹਿਜ਼ ਇਕ ਦਿਨ ਬਾਅਦ ਹੀ ਐਸਾ ਕੀ ਵਾਪਰਿਆ ਹੈ ਕਿ ਗਿਆਨੀ ਇਕਬਾਲ ਸਿੰਘ ਮੁੱਕਰ ਗਏ ਹਨ ਇਸਦਾ ਪਤਾ ਕਰਨ ਲਈ ਉਹ ਗਿਆਨੀ ਇਕਬਾਲ ਸਿੰਘ ਅਤੇ ਤਖਤ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰ ਰਹੇ ਹਨ।ਇਹ ਵੀ ਜਿਕਰਯੋਗ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਨਾਲ ਲਿਖਤੀ ਸਮਝੌਤਾ ਹੋ ਜਾਣ ਤੇ ਗਿਆਨੀ ਇਕਬਾਲ ਸਿੰਘ ਨੇ ਆਪ ਤਖਤ ਸਾਹਿਬ ਤੇ ਜਾ ਕੇ ਅਰਦਾਸ ਕੀਤੀ ਸੀ ।ਅਜਿਹੇ ਵਿੱਚ ਗਿਆਨੀ ਇਕਬਾਲ ਸਿੰਘ ਤਖਤ ਸਾਹਿਬ ਤੇ ਅਰਦਾਸ ਕਰਕੇ ਪਿੱਛੇ ਹੱਟ ਜਾਣ ਦੇ ਨਾਲ-ਨਾਲ ਇਸ ਮਾਮਲੇ ਦੀ ਜਾਂਚ ਕਰਨ ਲਈ ਜਾਂਚ ਕਮੇਟੀ ਭੇਜਣ ਵਾਲੀ ਸ਼੍ਰੋਮਣੀ ਕਮੇਟੀ ਦੀ ਹੋਂਦ ਹਸਤੀ ਨੂੰ ਚੁਣੌਤੀ ਦੇਣ ਦੇ ਦੋਸ਼ੀ ਵਜੋਂ ਵੀ ਵੇਖੇ ਜਾ ਰਹੇ ਹਨ।ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਸ੍ਰ. ਸੁਖਦੇਵ ਸਿੰਘ ਭੌਰ ਦਾ ਕਹਿਣਾ ਹੈ ਕਿ ਅਗਰ ਸਿੱਖ ਕੌਮ ਦੇ ਸਤਿਕਾਰਤ ਤਖਤ ਸਾਹਿਬ ਦਾ ਜਥੇਦਾਰ ਹੀ ਤਖਤ ਸਾਹਿਬ ਤੇ ਅਰਦਾਸ ਕਰਕੇ ਪਿੱਛੇ ਹੱਟ ਜਾਵੇ ਤਾਂ ਆਮ ਸਿੱਖ ਪਾਸੋਂ ਕੀ ਆਸ ਕੀਤੀ ਜਾ ਸਕਦੀ ਹੈ ? ਗਿਆਨੀ ਵੇਦਾਂਤੀ ਦਾ ਕਹਿਣਾ ਹੈ ਕਿ ਗਿਆਨੀ ਇਕਬਾਲ ਸਿੰਘ ਦੁਆਰਾ ਕੀਤੀ ਗਈ ਗਲਤੀ ਕੋਈ ਸਾਧਾਰਣ ਭੁੱਲ ਨਹੀ ਹੈ ਇਸ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨਾ ਬਣਦਾ ਹੈ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply